Home ਅਮਰੀਕਾ ਇਕ ਐਂਬੂਲੈਂਸ ਡਰਾਇਵਰ ਨੇ ਹਿਲਾਇਆ ‘ਅਡਾਨੀ ਦਾ ਸਾਮਰਾਜ’

ਇਕ ਐਂਬੂਲੈਂਸ ਡਰਾਇਵਰ ਨੇ ਹਿਲਾਇਆ ‘ਅਡਾਨੀ ਦਾ ਸਾਮਰਾਜ’

0
ਇਕ ਐਂਬੂਲੈਂਸ ਡਰਾਇਵਰ ਨੇ ਹਿਲਾਇਆ ‘ਅਡਾਨੀ ਦਾ ਸਾਮਰਾਜ’

ਜਾਣੋ ਕੀ ਐ ਹਿੰਡਨਬਰਗ ਰਿਸਰਚ ਦੀ ਪੂਰੀ ਕਹਾਣੀ

ਵਾਸ਼ਿੰਗਟਨ, 6 ਫਰਵਰੀ (ਸ਼ਾਹ) : ਕੁੱਝ ਸਮਾਂ ਪਹਿਲਾਂ ਤੱਕ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਲਗਾਤਾਰ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਸੀ, ਕੁੱਝ ਹੀ ਸਾਲਾਂ ਵਿਚ ਉਹ ਭਾਰਤ ਨਹੀਂ ਬਲਕਿ ਦੁਨੀਆਂ ਦੇ ਅਮੀਰ ਕਾਰੋਬਾਰੀਆਂ ਦੀ ਟੌਪ 10 ਸੂਚੀ ਵਿਚ ਵੀ ਸ਼ਾਮਲ ਹੋ ਗਿਆ ਸੀ,,,,,ਪਰ 24 ਜਨਵਰੀ 2023 ਦੀ ਉਹ ਤਰੀਕ ਐ, ਜਿਸ ਨੇ ਅਡਾਨੀ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਬਦਲ ਕੇ ਰੱਖ ਦਿੱਤੀਆਂ ਕਿਉਂਕਿ ਇਸੇ ਤਰੀਕ ਨੂੰ ਅਮਰੀਕਾ ਦੀ ਵਿੱਤੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਸਾਹਮਣੇ ਆਈ ਸੀ, ਜਿਸ ਵਿਚ ਅਡਾਨੀ ਗਰੁੱਪ ’ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਗਏ ਸਨ। ਜਿਹੜਾ ਅਡਾਨੀ ਕੁੱਝ ਦਿਨ ਪਹਿਲਾਂ ਤੱਕ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਵਿਅਕਤੀ ਸੀ, ਹਿੰਡਨਬਰਗ ਦੀ ਰਿਪੋਰਟ ਮਗਰੋਂ ਮਹਿਜ਼ 10 ਦਿਨਾਂ ਦੇ ਅੰਦਰ ਹੀ ਉਹ ਟੌਪ 20 ਅਮੀਰਾਂ ਦੀ ਸੂਚੀ ਵਿਚੋਂ ਵੀ ਬਾਹਰ ਹੋ ਗਿਆ। ਕੀ ਤੁਹਾਨੂੰ ਪਤਾ ਏ ਕਿ ਅਡਾਨੀ ਦੇ ਇਸ ਸਾਮਰਾਜ ਨੂੰ ਹਿਲਾਉਣ ਵਾਲਾ ਇਕ ਐਂਬੂਲੈਂਸ ਡਰਾਇਵਰ ਐ? ਜੇਕਰ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਆਂ ਕਿ ਕੌਣ ਐ ਉਹ ਐਂਬੂਲੈਂਸ ਡਰਾਇਵਰ ਅਤੇ ਕੀ ਐ ਹਿੰਡਨਬਰਡ ਰਿਸਰਚ ਕੰਪਨੀ ਦੀ ਕਹਾਣੀ?
24 ਜਨਵਰੀ 2023 ਦੀ ਤਰੀਕ ਨੂੰ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਕਦੇ ਨਹੀਂ ਭੁਲਾ ਸਕਦਾ ਕਿਉਂਕਿ ਇਸੇ ਤਰੀਕ ਨੂੰ ਹੀ ਅਮਰੀਕਾ ਦੀ ਵਿੱਤੀ ਕੰਪਨੀ ਹਿੰਡਨਬਰਗ ਦੀ ਰਿਪੋਰਟ ਆਈ ਸੀ, ਜਿਸ ਵਿਚ ਅਡਾਨੀ ’ਤੇ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਭਾਵੇਂਕਿ ਅਡਾਨੀ ਨੇ ਇਸ ਰਿਪੋਰਟ ਨੂੰ ਰੱਦ ਕਰ ਦਿੱਤਾ ਪਰ ਜੋ ਭਾਣਾ ਵਰਤਣਾ ਸੀ ਉਹ ਤਾਂ ਵਰਤ ਚੁੱਕਿਆ ਸੀ। ਰਿਪੋਰਟ ਆਉਣ ਮਗਰੋਂ ਅਡਾਨੀ ਦੇ ਲਈ ਦੁਨੀਆ ਦੇ ਸ਼ੇਅਰ ਬਜ਼ਾਰ ਵਿਚੋਂ ਮਾੜੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ। ਇਕਦਮ ਸ਼ਿਖ਼ਰਲੇ ਡੰਡੇ ’ਤੇ ਚੜ੍ਹੇ ਅਡਾਨੀ ਧੜੰਮ ਕਰਕੇ ਹੇਠਾਂ ਆ ਡਿੱਗੇ। ਹਿੰਡਨਬਰਗ ਦੀ ਰਿਪੋਰਟ ਆਉਣ ਦੇ 10 ਦਿਨਾਂ ਦੇ ਅੰਦਰ ਅੰਦਰ ਹੀ ਅਡਾਨੀ ਦੁਨੀਆ ਭਰ ਦੇ ਅਮੀਰਾਂ ਵਿਚੋਂ ਤੀਜੇ ਨੰਬਰ ਤੋਂ ਖਿਸਕ ਕੇ ਟੌਪ 20 ਵਿਚੋਂ ਵੀ ਬਾਹਰ ਹੋ ਚੁੱਕੇ ਨੇ ਅਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਐ। ਇਸ ਤੋਂ ਇਲਾਵਾ ਅਡਾਨੀ ਨੇ 20 ਹਜ਼ਾਰ ਕਰੋੜ ਰੁਪਏ ਦਾ ਐਫਪੀਓ ਵੀ ਰੱਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੀ ਕੰਪਨੀ ਵੱਡੇ ਘਾਟੇ ’ਚ ਚੱਲ ਰਹੀ ਐ। ਆਓ ਹੁਣ ਦੱਸਦੇ ਆਂ ਕਿ ਆਖ਼ਰਕਾਰ ਹਿੰਡਨਬਰਗ ਕਿਸ ਬਲਾ ਦਾ ਨਾਮ ਐ?
ਦਰਅਸਲ ਹਿੰਡਨਬਰਗ ਅਮਰੀਕਾ ਦੀ ਇਕ ਵਿੱਤੀ ਕੰਪਨੀ ਦਾ ਨਾਮ ਐ, ਜੋ ਸ਼ੇਅਰ ਬਾਜ਼ਾਰ ਵਿਚ ਹੋ ਰਹੇ ਗੋਲਮਾਲ ਅਤੇ ਗੜਬੜੀ ’ਤੇ ਨਿਗ੍ਹਾ ਰੱਖਦੀ ਐ। ਕੰਪਨੀ ਦਾ ਉਦੇਸ਼ ਘਪਲਿਆਂ ਨੂੰ ਬੇਨਕਾਬ ਕਰਨਾ ਅਤੇ ਸੱਚਾਈ ਨੂੰ ਸਾਹਮਣੇ ਲਿਆਉਣਾ ਏ। ਕੰਪਨੀ ਦਾ ਕਹਿਣਾ ਏ ਕਿ ਉਹ ਲੋਕਾਂ ਨੂੰ ਸ਼ੇਅਰ ਬਜ਼ਾਰ ਵਿਚ ਅਜਿਹੇ ਵਿੱਤੀ ਹਾਦਸਿਆਂ ਜਾਂ ਖ਼ਤਰਿਆਂ ਵਿਚ ਪੈਣ ਤੋਂ ਬਚਾਉਣ ਦਾ ਕੰਮ ਕਰਦੀ ਐ। ਹੁਣ ਦੱਸਦੇ ਆਂ ਕੰਪਨੀ ਦਾ ਇਤਿਹਾਸ, ਜਦੋਂ ਇਸ ਕੰਪਨੀ ਦਾ ਨਾਂਅ ਹਿੰਡਨਬਰਗ ਰੱਖਿਆ ਗਿਆ ਸੀ।
ਸਾਲ 1937 ਦੀ ਗੱਲ ਐ ਜਦੋਂ ਜਰਮਨੀ ਵਿਚ ਹਿਟਲਰ ਦਾ ਰਾਜ ਹੁੰਦਾ ਸੀ। ਇਸੇ ਦੌਰ ਵਿਚ ਇਕ ਸਪੇਸਸ਼ਿਪ ਸੀ, ਜਿਸ ਦਾ ਨਾਮ ਸੀ ਹਿੰਡਨਬਰਗ ਸਪੇਸਸ਼ਿਪ। ਇਸ ਸਪੇਸਸ਼ਿਪ ਦੇ ਪਿੱਛੇ ਨਾਜ਼ੀ ਯੁੱਗ ਦਾ ਪ੍ਰਤੀਕ ਇਕ ਸਵਾਸਤਿਕ ਬਣਿਆ ਹੋਇਆ ਸੀ। ਇਕ ਦਿਨ ਇਸ ਸਪੇਸਸ਼ਿਪ ਵਿਚ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਹਿੰਡਨਬਰਗ ਸਪੇਸਸ਼ਿਪ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿਚ 35 ਲੋਕ ਮਾਰੇ ਗਏ ਸਨ। ਸਪੇਸਸ਼ਿਪ ਵਿਚ 16 ਹਾਈਡ੍ਰੋਜਨ ਗੈਸ ਦੇ ਗੁਬਾਰੇ ਸਨ ਅਤੇ ਇਸ ਵਿਚ 100 ਲੋਕਾਂ ਨੂੰ ਜ਼ਬਰੀ ਬਿਠਾਇਆ ਗਿਆ ਸੀ। ਹਾਈਡ੍ਰੋਜਨ ਕਾਰਨ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਸਨ, ਇਸ ਕਰਕੇ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਗੌਤਮ ਅਡਾਨੀ ’ਤੇ ਰਿਪੋਰਟ ਲਿਆਉਣ ਵਾਲੀ ਰਿਸਰਚ ਕੰਪਨੀ ਹਿੰਡਨਬਰਗ ਦਾ ਨਾਮ ਵੀ ਇਸੇ ਘਟਨਾ ਨਾਲ ਜੋੜ ਕੇ ਰੱਖਿਆ ਗਿਆ ਸੀ ਤਾਂ ਜੋ ਕੰਪਨੀ ਦੇ ਨਾਮ ਕਰਕੇ ਇਸ ਹਾਦਸੇ ਨੂੰ ਯਾਦ ਰੱਖਿਆ ਜਾ ਸਕੇ ਅਤੇ ਅੱਗੇ ਤੋਂ ਸਬਕ ਲਿਆ ਜਾ ਸਕੇ।
ਹਿੰਡਨਬਰਗ ਰਿਸਰਚ ਦੇ ਮੁਖੀ ਦਾ ਨਾਂਅ ਨੇਥਨ ਉਰਫ਼ ਐਂਡਰਸਨ ਐ, ਜਿਨ੍ਹਾਂ ਨੇ ਸਾਲ 2017 ਵਿਚ ਇਸ ਕੰਪਨੀ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਅਮਰੀਕਾ ਕਨੈਕਟਿਕਟ ਯੂਨੀਵਰਸਿਟੀ ਤੋਂ ਇੰਟਰਨੈਸ਼ਨਲ ਬਿਜਨੈੱਸ ਦੀ ਪੜ੍ਹਾਈ ਕੀਤੀ ਹੋਈ ਐ। ਇਸ ਮਗਰੋਂ ਉਨ੍ਹਾਂ ਨੇ ਫੈਕਟ ਸੈਟ ਰਿਸਰਚ ਸਿਸਟਮ ਨਾਂਅ ਦੀ ਇਕ ਡਾਟਾ ਕੰਪਨੀ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਜਿਸ ਵਿਚ ਉਨ੍ਹਾਂ ਨੇ ਨਿਵੇਸ਼ ਪ੍ਰਬੰਧਨ ਕੰਪਨੀਆਂ ਨਾਲ ਕੰਮ ਕੀਤਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਂਡਰਸਨ ਨੇ ਕੁੱਝ ਸਮੇਂ ਦੇ ਲਈ ਇਜ਼ਰਾਇਲ ਵਿਚ ਐਂਬੂਲੈਂਸ ਵੀ ਚਲਾਈ ਸੀ, ਇਕ ਐਂਬੂਲੈਂਸ ਡਰਾਇਵਰ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਸਿੱਖਿਆ ਕਿ ਬਹੁਤੇ ਦਬਾਅ ਦੇ ਹੇਠ ਕੰਮ ਕਿਵੇਂ ਕੀਤਾ ਜਾਂਦਾ ਏ ਪਰ ਇਸੇ ਐਂਬੂਲੈਂਸ ਡਰਾਇਵਰ ਨੇ ਦੁਨੀਆ ਦੇ ਦਿੱਗਜ਼ ਕਾਰੋਬਾਰੀ ਗੌਤਮ ਅਡਾਨੀ ਦਾ ਸਾਮਰਾਜ ਹਿਲਾ ਕੇ ਰੱਖ ਦਿੱਤਾ ਏ। ਭਾਵੇਂ ਕਿ ਐਂਡਰਸਨ ਅਮਰੀਕੀ ਅਕਾਊਂਟੈਂਟ ਹੈਰੀ ਮੋਰਕੋਪੋਲੋਸ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਪਰ ਮੌਜੂਦਾ ਸਮੇਂ ਗੁਰੂ ਨਹੀਂ ਬਲਕਿ ਚੇਲੇ ਦੀ ਇਕ ਰਿਪੋਰਟ ਨੇ ਪੂਰੀ ਦੁਨੀਆ ਦੇ ਸ਼ੇਅਰ ਬਜ਼ਾਰ ਵਿਚ ਭੜਥੂ ਪਾਇਆ ਹੋਇਆ ਏ, ਜਿਸ ਨੇ ਭਾਰਤੀ ਕਾਰੋਬਾਰੀ ਅਡਾਨੀ ਦੇ ਹੱਥ ਵਿਚ ਠੂਠਾ ਫੜਾਉਣ ਦੀ ਨੌਬਤ ਲਿਆ ਦਿੱਤੀ ਐ।