
ਨਵੀਂ ਦਿੱਲੀ, 3 ਅਗਸਤ (ਹਮਦਰਦ ਨਿਊਜ਼ ਸਰਵਿਸ) : ਮੌਂਕੀਪੌਕਸ ਦੇ ਖ਼ਤਰੇ ਵਿਚਾਲੇ ਭਾਰਤ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਵੀ ਇੱਕ ਵਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦਿਆਂ ਅੱਜ ਬੀਤੇ ਕੱਲ੍ਹ ਨਾਲੋਂ ਚਾਰ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ।
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਿਤ ਦੇ 17,135 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਮਾਮਲੇ ਕੱਲ੍ਹ ਨਾਲੋਂ ਲਗਭਗ ਚਾਰ ਹਜ਼ਾਰ ਵੱਧ ਹਨ, ਯਾਨੀ ਕੱਲ੍ਹ ਨਾਲੋਂ 24.8 ਪ੍ਰਤੀਸ਼ਤ ਵੱਧ, ਜਦੋਂਕਿ 47 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਜਾਰੀ ਅੰਕੜਿਆਂ ਵਿੱਚ 13,734 ਨਵੇਂ ਮਾਮਲੇ ਦਰਜ ਕੀਤੇ ਗਏ ਸਨ।
ਅੱਜ ਦੇ ਅੰਕੜੇ ਦੇ ਆਉਣ ਤੋਂ ਬਾਅਦ, ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 4,40,67,144 ਹੋ ਗਈ ਹੈ। ਰਿਪੋਰਟ ਅਨੁਸਾਰ, ਭਾਰਤ ਵਿੱਚ ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 1,37,057 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੁੱਲ ਮੌਤਾਂ ਦੀ ਗਿਣਤੀ 5,26,477 ਹੋ ਗਈ ਹੈ।
ਦੂਜੇ ਪਾਸੇ, ਜੇਕਰ ਅਸੀਂ ਸਭ ਤੋਂ ਵੱਧ ਕੋਰੋਨਾ ਮਰੀਜ਼ਾਂ ਵਾਲੇ ਰਾਜਾਂ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਇਸ ਸਮੇਂ ਇਸ ਸੂਚੀ ਵਿੱਚ ਸਿਖਰ ’ਤੇ ਹੈ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ 1,886 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦੂਜੇ ਸਥਾਨ ’ਤੇ ਕਰਨਾਟਕ ਦਾ ਨਾਂ ਹੈ। ਪਿਛਲੇ 24 ਘੰਟਿਆਂ ਵਿੱਚ ਇੱਥੇ 1,736 ਮਾਮਲੇ ਸਾਹਮਣੇ ਆਏ ਹਨ।