
ਕਮੇਟੀ ਨੇ ਟਰਾਂਸਪੋਰਟ ਮੰਤਰੀ ਕੀਤਾ ਤਲਬ
ਫਲਾਈਟ ਕੈਂਸਲ ਹੋਣ ਸਣੇ ਵੱਖ-ਵੱਖ ਮੁੱਦਿਆਂ ਦੇ ਕਾਰਨਾਂ ਦਾ ਲਾਇਆ ਜਾਵੇਗਾ ਪਤਾ
ਔਟਵਾ, 9 ਅਗਸਤ (ਹਮਦਰਦ ਨਿਊਜ਼ ਸਰਵਿਸ) : ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਸਣੇ ਕੈਨੇਡਾ ਦੇ ਸਾਰੇ ਹਵਾਈ ਅੱਡਿਆਂ ’ਤੇ ਯਾਤਰੀਆਂ ਨੂੰ ਪਿਛਲੇ 4 ਮਹੀਨੇ ਤੋਂ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਡਰਲ ਸਰਕਾਰ ਵੱਲੋਂ ਹੁਣ ਹਾਊਸ ਆਫ਼ ਕਾਮਨਜ਼ ਟਰਾਂਸਪੋਰਟ ਕਮੇਟੀ ਇਸ ਮਾਮਲੇ ਦੀ ਜਾਂਚ ਕਰੇਗੀ, ਜਿਸ ਨੇ ਜਵਾਬਦੇਹੀ ਲਈ ਟਰਾਂਸਪੋਰਟ ਮੰਤਰੀ ਨੂੰ ਵੀ ਤਲਬ ਕਰ ਲਿਆ ਹੈ।
ਫੈਡਰਲ ਸਰਕਾਰ ਨੇ ਦੱਸਿਆ ਕਿ ਹਾਊਸ ਆਫ਼ ਕਾਮਨਜ਼ ਟਰਾਂਸਪੋਰਟ ਕਮੇਟੀ ਨੇ ਸਰਬਸੰਮਤੀ ਨਾਲ ਵੋਟ ਪਾਉਂਦਿਆਂ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਯਾਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੀ ਜਾਂਚ ਕੀਤੀ ਜਾਵੇ।
ਇਨ੍ਹਾਂ ਵਿੱਚ ਫਲਾਈਟ ਡਿਲੇਅ ਜਾਂ ਕੈਂਸਲ, ਬੈਗ ਗੁੰਮ ਹੋਣ ਅਤੇ ਯਾਤਰੀਆਂ ਦੀਆਂ ਲੰਮੀਆਂ ਲਾਈਨਾਂ ਲੱਗਣ ਜਿਹੇ ਮੁੱਦੇ ਸ਼ਾਮਲ ਨੇ। ਇਨ੍ਹਾਂ ਮੁੱਦਿਆਂ ਕਾਰਨ ਕੈਨੇਡਾ ਦੇ ਹਵਾਈ ਅੱਡਿਆਂ ’ਤੇ ਲੱਖਾਂ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਮੀਦ ਜਤਾਈ ਜਾ ਰਹੀ ਹੈ ਕਿ ਕਮੇਟੀ ਇਸ ਹਫ਼ਤੇ ਦੇ ਅੰਤ ਤੱਕ ਪਹਿਲੀ ਸੁਣਵਾਈ ਕਰੇਗੀ। ਇਸ ਦੌਰਾਨ ਫੈਡਰਲ ਟਰਾਂਸਪੋਰਟ ਮੰਤਰੀ ਤੇ ਮਿਸੀਸਾਗਾ ਸੈਂਟਰ ਤੋਂ ਐਮਪੀ ਓਮਰ ਅਲਘਬਰਾ ਵੀ ਕਮੇਟੀ ਸਾਹਮਣੇ ਪੇਸ਼ ਹੋਣਗੇ, ਜਿਨ੍ਹਾਂ ਕੋਲੋਂ ਹਵਾਈ ਅੱਡਿਆਂ ਦੀ ਸਮੱਸਿਆ ਬਾਰੇ ਜਵਾਬ ਮੰਗਿਆ ਜਾਵੇਗਾ।