‘ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਘਟਣ ਲੱਗਿਆ’

ਟੋਰਾਂਟੋ, 30 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਾਸੀਆਂ ਨੂੰ ਪਾਸਪੋਰਟ ਮਿਲਣ ਵਿਚ ਹੋ ਰਹੀ ਦੇਰ ਅਤੇ ਹਵਾਈ ਅੱਡਿਆਂ ’ਤੇ ਲਗਦੀਆਂ ਲੰਮੀਆਂ ਕਤਾਰਾਂ ਖ਼ਤਮ ਕਰਨ ਸਣੇ ਇੰਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨਾਲ ਨਜਿੱਠਣ ਲਈ ਗਠਤ ਟਾਸਕ ਫੋਰਸ ਨੇ ਹਾਂਪੱਖੀ ਨਤੀਜੇ ਦੇਣੇ ਸ਼ੁਰੁ ਕਰ ਦਿਤੇ ਹਨ ਅਤੇ ਹਾਲਾਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਹ ਦਾਅਵਾ ਕਰਦਿਆਂ ਟਾਸਕ ਫ਼ੋਰਸ ਦੇ ਕੋ-ਚੇਅਰ ਅਤੇ ਕੈਬਨਿਟ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਹਾਲੇ ਵੀ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫ਼ਿਲਹਾਲ ਅਸੀਂ ਕਿਸੇ ਵੀ ਸਮੱਸਿਆ ਵਿਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਆਏ ਪਰ ਇਨ੍ਹਾਂ ਸਮੱਸਿਆਵਾਂ ਦੇ ਖਾਤਮੇ ਦਾ ਰਾਹ ਪੱਧਰਾ ਹੋ ਚੁੱਕਾ ਹੈ। ਮਾਰਕ ਮਿਲਰ ਨੇ ਦੱਸਿਆ ਕਿ ਪਾਸਪੋਰਟ ਦਫ਼ਤਰਾਂ ਵਿਚ 700 ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਜਦਕਿ ਹਵਾਈ ਅੱਡਿਆਂ ’ਤੇ 1800 ਨਵੇਂ ਸੁਰੱਖਿਆ ਜਾਂਚ ਅਫ਼ਸਰ ਤੈਨਾਤ ਕੀਤੇ ਜਾ ਚੁੱਕੇ ਹਨ। ਫਲਾਈਟਸ ਰੱਦ ਹੋਣ ਜਾਂ ਦੇਰ ਨਾਲ ਰਵਾਨਾ ਹੋਣ ਅਤੇ ਮੁਸਾਫ਼ਰਾਂ ਦਾ ਸਮਾਨ ਗੁੰਮਣ ਦੇ ਮਾਮਲੇ ਲਗਾਤਾਰ ਘਟ ਰਹੇ ਹਨ। ਇੰਮੀਗ੍ਰੇਸ਼ਨ ਅਰਜ਼ੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 1250 ਨਵੇਂ ਮੁਲਾਜ਼ਮ ਭਰਤੀ ਕਰ ਕੇ ਬੈਕਲਾਗ ਖ਼ਤਮ ਕਰਨ ਅਤੇ ਅਰਜ਼ੀਆਂ ਦੀ ਪ੍ਰੋਸੈਸਿੰਗ ਤੇਜ਼ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।

Video Ad
Video Ad