Home ਸਾਹਿਤਕ ਭਗਵੰਤ ਮਾਨ ਵੇਚ ਰਿਹੈ ਮਿੱਠੀਆਂ ਮਿਰਚਾਂ

ਭਗਵੰਤ ਮਾਨ ਵੇਚ ਰਿਹੈ ਮਿੱਠੀਆਂ ਮਿਰਚਾਂ

0
ਭਗਵੰਤ ਮਾਨ ਵੇਚ ਰਿਹੈ ਮਿੱਠੀਆਂ ਮਿਰਚਾਂ

ਚੰਡੀਗੜ੍ਹ, 3 ਨਵੰਬਰ (ਕਮਲਜੀਤ ਸਿੰਘ ਬਨਵੈਤ) : ਪਿਛਲੇ ਵੀਹ ਸਾਲਾਂ ਤੋਂ ਤਤਕਾਲੀ ਸਰਕਾਰਾਂ ਦੇ ਮੰਤਰੀਆਂ, ਵਿਧਾਇਕਾਂ ਅਤੇ ਉਨ੍ਹ੍ਹਾਂ ਦੇ ਚਹੇਤਿਆਂ ਉਤੇ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਆ ਰਹੇ ਨੇ। ਸਰਕਾਰਾਂ ਨੇ ਖਜ਼ਾਨੇ ਦਾ ਮੂੰਹ ਖੋਲ੍ਹੀ ਰੱਖਿਆ ਸੀ ਤਾਂ ਹੀ ਪੰਜਾਬ ਤਿੰਨ ਲੱਖ ਕਰੋੜ ਤੋਂ ਵੱਧ ਦਾ ਕਰਜ਼ਾਈ ਹੋਇਆ ਪਿਆ ਹੈ। ਕਾਂਗਰਸ ਅਤੇ ਅਕਾਲੀ ਸਰਕਾਰਾਂ ਸੂਬੇ ਵਿਚੋਂ ਭ੍ਰਿਸ਼ਟਾਚਾਰ ਅਤੇ ਲੁੱਟ ਖਤਮ ਕਰਨ ਦਾ ਦਾਅਵਾ ਤਾਂ ਕਰਦੀਆਂ ਰਹੀਆਂ ਹਨ, ਪਰ ਅਸਲੀਅਤ ਇਸ ਦੇ ਉਲਟ ਰਹੀ ਹੈ। ਜਦੋਂ ਕੋਈ ਵੀ ਮਸਲਾ ਉਠਿਆ ਤਾਂ ਉਸ ’ਤੇ ਮਿੱਟੀ ਪਾ ਦਿੱਤੀ ਗਈ। ਕਈ ਕੇਸਾਂ ਵਿੱਚ ਕਾਰਵਾਈ ਹੋਈ, ਉਹ ਵੀ ਦਿਖਾਵੇ ਲਈ। ਜਿਹੜੇ ਫੜੇ ਵੀ ਗਏ, ਉਨ੍ਹਾਂ ਖਿਲ਼ਾਫ ਕਾਰਵਾਈ ਤਾਂ ਹੋਈ, ਪਰ ਲੋਕਾਂਚਾਰੀ ਵਾਸਤੇ। ਅਜਿਹਾ ਕਿਉਂ ਹੁੰਦਾ ਰਿਹਾ, ਲੋਕ ਬਿਹਤਰ ਜਾਣਦੇ ਨੇ।
ਆਜ਼ਾਦੀ ਦੇ 70 ਸਾਲਾਂ ਬਾਅਦ ਹੀ ਸਹੀ ਅਕਾਲੀਆਂ ਅਤੇ ਕਾਂਗਰਸ ਦਰਮਿਆਨ ਉੱਤਰ ਕਾਟੋ ਮੈਂ ਚੜ੍ਹਾਅ ਦੀ ਖੇਡ ਮੁੱਕ ਗਈ। ਜਦੋਂ ਪੰਜਾਬੀਆਂ ਨੇ ਬਦਲ ਲੱਭ ਲਿਆ ਅਤੇ ਆਮ ਆਦਮੀ ਪਾਰਟੀ ਦੀ ਝੋਲੀ 92 ਸੀਟਾਂ ਪਾ ਕੇ ਬਹੁਮਤ ਨਾਲ ਜਿਤਾਅ ਦਿੱਤਾ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲ਼ਦਿਆਂ ਹੀ ਰਿਸ਼ਵਤ ਖੋਰੀ ਨੂੰ ਨੱਥ ਪਾਉਣੀ ਸ਼ੁਰੂ ਕਰ ਦਿੱਤੀ। ਢਾਈ ਸੌ ਤੋਂ ਵੱਧ ਲੋਕਾਂ ਵਿਰੁੱਧ ਪਰਚੇ ਦਰਜ ਕੀਤੇ ਜਾ ਚੁੱਕੇ ਹਨ। ਸਾਬਕਾ ਮੰਤਰੀਆਂ ਅਤੇ ਉੱਚ ਅਫ਼ਸਰਾਂ ਸਣੇ ਕਈ ਹੋਰਾਂ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ। ਬਿਨਾਂ ਸ਼ੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ 7 ਮਹੀਨਿਆਂ ਦੌਰਾਨ ਕਈ ਅਜਿਹੇ ਫ਼ੈਸਲੇ ਕੀਤੇ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਵਾਹਵਾ ਵੀ ਖੱਟੀ ਹੈ ਅਤੇ ਲੋਕਾਂ ਦਾ ਵਿਸ਼ਵਾਸ ਵੀ ਜਿੱਤਿਆ ਹੈ। ਉਝ ਉਨ੍ਹਾਂ ’ਤੇ ਆਮ ਮੁੱਖ ਮੰਤਰੀ ਹੋ ਕੇ ਖਾਸ ਬਣ ਕੇ ਵਿਚਰਨ ਦੇ ਦੋਸ਼ ਲਗਦੇ ਹਨ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਉਸ ਸੂਬੇ ਦੇ ਦੂਜੇ ਮੁਖੀ ਹਨ, ਜਿਹੜੇ ਹੈਲੀਕਾਪਟਰ ਤੋਂ ਬਿਨ੍ਹਾਂ ਪੈਰ ਨਹੀਂ ਪੁੱਟਦੇ। ਸੁਰੱਖਿਆ ਅਤੇ ਪਰਿਵਾਰ ਸਮੇਤ ਸਰਕਾਰੀ ਗੱਡੀਆਂ ਤੇ ਕੋਠੀਆਂ ਦੀ ਗਿਣਤੀ ਨੂੰ ਲੈ ਕੇ ਵੀ ਉਨ੍ਹਾਂ ਨੂੰ ਮੇਹਣੇ ਵੱਜਣ ਲੱਗੇ ਹਨ।
ਮੁੱਖ ਮੰਤਰੀ ਮਾਨ ’ਤੇ ਹੁਣ ਪ੍ਰਾਈਵੇਟ ਜੈੱਟ ਦੀ ਉਡਾਰੀ ਭਾਰੀ ਪੈਣ ਲੱਗੀ ਐ। ਪਿਛਲੇ 7 ਮਹੀਨਿਆਂ ਦੌਰਾਨ ਪੰਜਾਬ ਸਰਕਾਰ ਵੱਲੋਂ ਦਰਜਨਾਂ ਵਾਰ ਜੈੱਟ ਕਿਰਾਏ ’ਤੇ ਲਿਆ ਗਿਆ, ਹਾਲਾਂਕਿ ਪੰਜਾਬ ਸਰਕਾਰ ਕੋਲ ਆਪਣਾ ਇੱਕ ਚੌਪਰ ਹੈ। ਹੈਰਾਨੀ ਦੀ ਗੱਲ ਇਹ ਕਿ ਪ੍ਰਾਈਵੇਟ ਜੈੱਟ ਨੂੰ ਕਿਰਾਏ ’ਤੇ ਲੈਣ ਲਈ ਨਾ ਤਾਂ ਨਿੱਜੀ ਕੰਪਨੀਆਂ ਕੋਲੋਂ ਕੁਟੇਸ਼ਨਾਂ ਲਈਆਂ ਗਈਆਂ ਅਤੇ ਨਾ ਹੀ ਟੈਂਡਰ ਮੰਗਿਆ ਗਿਆ। ਜਿਹੜਾ ਕਿ ਪੰਜਾਬ ਸਰਕਾਰ ਦੇ ਆਪਣੇ ਨਿਯਮਾਂ ਦੇ ਉਲਟ ਮੰਨਿਆ ਜਾ ਰਿਹਾ ਹੈ। ਇਹ ਕੌੜਾ ਸੱਚ ਆਡਿਟ ਜਨਰਲ ਦੀ ਰਿਪੋਰਟ ਤੋਂ ਸਾਹਮਣੇ ਆਇਆ ਹੈ। ਪੰਜਾਬ ਹਵਾਬਾਜ਼ੀ ਵਿਭਾਗ ਦਬਵੀਂ ਜੁਬਾਨੇ ਨਿਯਮਾਂ ਦੀ ਅਣਦੇਖੀ ਕਰਨ ਦੀ ਗੱਲ ਤਾਂ ਮੰਨ ਰਿਹਾ ਹੈ, ਪਰ ਕੋਈ ਵੀ ਖੁੱਲ੍ਹ ਕੇ ਬੋਲਣ ਲਈ ਤਿਆਰ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਹਵਾਬਾਜ਼ੀ ਵਿਭਾਗ ਨੇ ਭਗਵੰਤ ਮਾਨ ਲਈ ਪ੍ਰਾਈਵੇਟ ਹੈਲੀਕਾਪਟਰ ਕਿਰਾਏ ਲੈ ਲਿਆ, ਪਰ ਸਰਕਾਰੇ ਦਰਬਾਰੇ ਭਿਣਕ ਨਹੀਂ ਪੈਣ ਦਿੱਤੀ।
ਇਹ ਵੀ ਪਤਾ ਲੱਗਾ ਹੈ ਕਿ 7 ਮਹੀਨਿਆਂ ਵਿੱਚੋਂ ਦਿੱਲੀ ਆਉਣ-ਜਾਣ ਲਈ ਭਗਵੰਤ ਮਾਨ ਪ੍ਰਾਈਵੇਟ ਜੈੱਟ ਹੀ ਵਰਤਦੇ ਆ ਰਹੇ ਨੇ। ਪਿਛਲੇ ਦਿਨਾਂ ਤੋਂ ਇਹ ਪ੍ਰਾਈਵੇਟ ਜੈੱਟ ਹਿਮਾਚਲ ਅਤੇ ਗੁਜਰਾਤ ਲਈ ਵੀ ਉਡਾਣ ਭਰਨ ਲੱਗਾ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਦਿੱਲੀ ਦੀ ਇੱਕ ਜਿਸ ਪ੍ਰਾਈਵੇਟ ਕੰਪਨੀ ਤੋਂ ਜਹਾਜ਼ ਕਿਰਾਏ ’ਤੇ ਲਿਆ ਗਿਆ, ਉਸ ਨੂੰ ਪ੍ਰਤੀ ਘੰਟਾ 2 ਲੱਖ ਤੋਂ 3 ਲੱਖ ਰੁਪਏ ਦੀ ਅਦਾਇਦਗੀ ਕੀਤੀ ਜਾ ਰਹੀ ਹੈ।
ਇੱਕ ਹੋਰ ਪੁਖ਼ਤਾ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਮਾਨ ਦੇ ਹਵਾਈ ਸਫ਼ਰ ਦੀ ਜਾਣਕਾਰੀ ਦੇਣੀ ਬੰਦ ਕਰ ਦਿੱਤੀ ਐ। ਸਰਕਾਰੀ ਵਿਭਾਗਾਂ ਦਾ ਕਹਿਣਾ ਹੈ ਕਿ ਮੁੱਖਮੰਤਰੀ ਦੇ ਸੁਰੱਖਿਆ ਅਧਿਕਾਰੀਆਂ ਵੱਲੋਂ ਜਾਣਕਾਰੀ ਦੇਣ ’ਤੇ ਰੋਕ ਲਾਈ ਗਈ ਹੈ। ਇਸ ਤੋਂ ਪਹਿਲਾਂ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਹਰੇਕ ਮੁੱਖ ਮੰਤਰੀ ਦੇ ਹਵਾਈ ਸਫ਼ਰ ਦੀ ਜਾਣਕਾਰੀ ਸਰਕਾਰੀ ਤੌਰ ’ਤੇ ਦਿੱਤੀ ਜਾਂਦੀ ਰਹੀ ਹੈ।
ਸਵਾਲ ਖੜ੍ਹਾ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਭਵਿੱਖ ਦੇ ਸਫ਼ਰ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰਨ ਨਾਲ ਉਨ੍ਹਾਂ ਦੀ ਸੁਰੱਖਿਆ ਬਰੀਚ ਹੋਣ ਦਾ ਮਤਲਬ ਤਾਂ ਸਮਝ ਆਉਂਦਾ ਹੈ, ਪਰ ਉਨ੍ਹਾਂ ਵੱਲੋਂ ਬੀਤੇ ਵਿੱਚ ਕੀਤੇ ਗਏ ਗੇੜਿਆਂ ਦੀ ਜਾਣਕਾਰੀ ਦੇਣ ਨਾਲ ਸੁਰੱਖਿਆ ਨੂੰ ਕਿਹੜਾ ਖ਼ਤਰਾ ਖੜ੍ਹਾ ਹੋਵੇਗਾ? ਭਗਵੰਤ ਮਾਨ ਸਰਕਾਰ ’ਤੇ ਆਰਟੀਆਈ ਐਕਟ ਦਾ ਗਲ਼ਾ ਘੁੱਟਣ ਦੇ ਇਲਜ਼ਾਮ ਸ਼ੁਰੂ ਵਿੱਚ ਲੱਗੇ ਸ਼ੁਰੂ ਹੋ ਗਏ ਸੀ।
ਮੁੱਖ ਮੰਤਰੀ ਮਾਨ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਸੱਚੀ ਨੀਅਤ ਅਤੇ ਨੇਕ ਸੋਚ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ, ਪਰ ਸਿਹਤ ਮੰਤਰੀ ਚੇਤੰਨ ਸਿੰਘ ਜੌੜਾ ਮਾਜਰਾ ਨੂੰ ਬਚਾਉਣ ਅਤੇ ਰਲ਼ਦੇ-ਮਿਲਦੇ ਦੋਸ਼ਾਂ ਨੂੰ ਲੈ ਕੇ ਸਾਬਕਾ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਬਲ਼ੀ ਲੈਣ ਸਮੇਤ ਪੱਖਪਾਤ ਦੇ ਹੋਰ ਇਲਜ਼ਾਮਾਂ ਤੋਂ ਬਚ ਨਹੀਂ ਸਕੇ ਹਨ।
ਜਦੋਂ ਪੰਜਾਬ ਦੇ ਲੋਕਾਂ ਨੇ ਬਦਲਾਅ ਦੀ ਇੱਛਾ ਨਾਲ ਦੋ ਰਵਾਇਤੀ ਪਾਰਟੀਆਂ ਨੂੰ ਰੱਦ ਕੀਤਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਵਿਸ਼ਵਾਸ ਬਣਾਏ ਰੱਖਣ ਲਈ ਹੋਰ ਦ੍ਰਿੜਤਾ ਨਾਲ ਕੰਮ ਕਰਨਾ ਪਏਗਾ।
ਸੰਪਰਕ –98147-34035