ਭਗਵੰਤ ਮਾਨ ਦਾ ਹੁਣ ਦਿੱਲੀ ਦੇ ‘ਲਾਟ ਸਾਹਿਬ’ ਨਾਲ ਪਿਆ ਪੇਚਾ

ਚੰਡੀਗੜ੍ਹ, 4 ਨਵੰਬਰ (ਕਮਲਜੀਤ ਸਿੰਘ ਬਨਵੈਤ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੂਬੇ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਤਕਰਾਰ ਛਿੜਨ ਤੋਂ ਬਾਅਦ ਹੁਣ ਦਿੱਲੀ ਦੇ ਉਪ ਰਾਜਪਾਲ ਪੇਚਾ ਪੈ ਗਿਆ ਹੈ। ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ’ਤੇ ਕਾਬੂ ਪਾਉਣ ਲਈ ਤੁਰੰਤ ਅਤੇ ਠੋਸ ਉਪਾਅ ਕਰਨ ਲਈ ਬੇਨਤੀ ਕਰਦਾ ਹਾਂ। ਪੰਜਾਬ ਦੇ ਧੂੰਏਂ ਨੇ ਕੌਮੀ ਰਾਜਧਾਨੀ ਨੂੰ ਇੱਕ ਵਾਰ ਗੈਸ ਚੈਂਬਰ ਵਿੱਚ ਬਦਲ ਦਿੱਤਾ ਐ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਸੰਪਰਕ ਨਾ ਜੁੜਨ ਨੂੰ ਲੈ ਕੇ ਸਖ਼ਤ ਨਾਰਾਜ਼ਗੀ ਵੀ ਜ਼ਾਹਰ ਕੀਤੀ ਹੈ।
ਦੂਜੇ ਬੰਨੇ ਭਗਵੰਤ ਮਾਨ ਨੇ ਲਾਟ ਸਾਹਿਬ ਦੇ ਪੱਤਰ ਦਾ ਟਵਿੱਟਰ ’ਤੇ ਬਿਨਾ ਦੇਰੀ ਠੋਕ ਦਿੱਤਾ ਐ। ਉਨ੍ਹਾਂ ਨੇ ਲਿਖਿਆ ਹੈ ਕਿ ਐਲਜੀ ਸਾਹਿਬ ਤੁਸੀਂ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਕੰਮ ਰੋਕ ਰਹੇ ਹੋ। ਰੈਡ ਲਾਈਟ ਆਨ ਗੱਡੀ ਬੰਦ ਮੁਹਿੰਮ ਰੋਕ ਕੇ ਤੁਸੀਂ ਰਾਜਨੀਤੀ ਖੇਡ ਰਹੇ ਹੋ। ਤੁਹਾਨੂੰ ਪਰਾਲੀ ਜਿਹੇ ਗੰਭੀਰ ਮੁੱਦੇ ’ਤੇ ਸਿਆਸਤ ਖੇਡਣਾ ਸ਼ੋਭਾ ਨਹੀਂ ਦਿੰਦਾ। ਇਸ ਤੋਂ ਪਹਿਲਾਂ ਦਿੱਲੀ ਦੇ ਐਲਜੀ ਨੇ ਭਗਵੰਤ ਮਾਨ ਨੂੰ ਤਿੰਨ ਪੰਨਿਆਂ ਦਾ ਪੱਤਰ ਲਿਖਿਆ ਸੀ।
ਮੁੱਖ ਮੰਤਰੀ ਮਾਨ ਦਾ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਤੈਹ ਨਹੀਂ ਬੈਠ ਰਹੀ ਹੈ। ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਰੇੜਕਾ ਉਦੋਂ ਸ਼ੁਰੂ ਹੋ ਗਿਆ ਸੀ, ਜਦੋਂ ਉਨ੍ਹਾਂ ਨੇ 22 ਸਤੰਬਰ ਦੇ ਪੰਜਾਬ ਵਿਧਾਨ ਸਭਾ ਸੈਸ਼ਨ ਲਈ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਇਹ ਵੱਖਰੀ ਗੱਲ ਹੈ ਕਿ ਕਾਫ਼ੀ ਨਾਂਹ ਨੁੱਕਰ ਤੋਂ ਬਾਅਦ ਲਾਟ ਸਾਹਿਬ ਰਜ਼ਾਮੰਦ ਹੋ ਗਏ। ਇਸ ਤੋਂ ਪਿੱਛੋਂ ਪੰਜਾਬ ਦੇ ਰਾਜਪਾਲ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਿਜ਼ ਫਰੀਦਕੋਟ ਦੇ ਉਪ ਕੁਲਪਤੀ ਗੁਰਪ੍ਰੀਤ ਸਿੰਘ ਵਾਂਡਰ ਦੀ ਨਿਯੁਕਤੀ ’ਤੇ ਪ੍ਰਵਾਨਗੀ ਦੀ ਮੋਹਰ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਇੱਥੇ ਹੀ ਬੱਸ ਨਹੀਂ, ਰਾਜਪਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਵ ਨਿਯੁਕਤ ਵਾਈਸ ਚਾਂਸਲਰ ਸਤਵੀਰ ਸਿੰਘ ਗੋਸਲ ਦੀ ਨਿਯੁਕਤੀ ’ਤੇ ਵੀ ਇਹ ਕਹਿ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਇਨ੍ਹਾਂ ਨੂੰ ਤਿੰਨ ਨਾਵਾਂ ਦਾ ਪੈਨਲ ਨਹੀਂ ਸੀ ਭੇਜਿਆ ਗਿਆ। ਦੋਹਾਂ ਮਸਲਿਆਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਰਾਜ ਭਵਨ ਵਿਚਕਾਰ ਸਬੰਧ ਕੁੜੱਤਣ ਭਰੇ ਚੱਲ ਰਹੇ ਨੇ।
ਪੰਜਾਬ ਦੇ ਰਾਜਪਾਲ ਵੱਲੋਂ ਸਭ ਤੋਂ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਭੇਜੀ ਫਾਈਲ ਬੇਰੰਗ ਮੋੜ ਦਿੱਤੀ ਗਈ ਸੀ। ਪੰਜਾਬ ਵਿੱਚ Çੲਹ ਪਹਿਲੀ ਵਾਰ ਹੈ, ਜਦੋਂ ਰਾਜਪਾਲ ਅਤੇ ਮੁੱਖ ਮੰਤਰੀ ਦੇ ਸਬੰਧ ਸੁਖਾਵੇਂ ਨਹੀਂ ਹਨ। ਹਾਲਾਂਕਿ ਦੂਜੇ ਰਾਜਾਂ ਵਿੱਚ ਇਹ ਵਰਤਾਰਾ ਆਮ ਰਿਹਾ ਹੈ। ਅਸਲ ਵਿੱਚ ਜਦੋਂ ਸੂਬੇ ਵਿੱਚ ਕਿਸੇ ਹੋਰ ਪਾਰਟੀ ਦੀ ਸਰਕਾਰ ਹੋਵੇ ਅਤੇ ਗਵਰਨਰ ਵਿਰੋਧੀ ਪਾਰਟੀ ਦਾ ਲਾ ਦਿੱਤਾ ਜਾਵੇ ਤਾਂ ਇਹੋ ਜਿਹੇ ਹਾਲਾਤ ਬਣ ਜਾਂਦੇ ਹਨ। ਹਾਲਾਂਕਿ ਗਵਰਨਰ ਕੋਲ ਸੂਬੇ ਦੀ ਸਰਕਾਰ ਵੱਲੋਂ ਭੇਜੀ ਫਾਈਲ ਦੋ ਤੋਂ ਵੱਧ ਵਾਰ ਭੇਜਣ ਦਾ ਅਧਿਕਾਰ ਨਹੀਂ ਹੈ। ਰਾਜਪਾਲ ਦੇ ਅਹੁਦੇ ’ਤੇ ਜਬਾਨੀ-ਕਲਾਮੀ ਗ਼ੈਰ-ਸਿਆਸਤਦਾਨ ਸ਼ਖਸੀਅਤਾਂ ਨੂੰ ਲਾਇਆ ਜਾਂਦਾ ਹੈ। ਹਾਲਾਂਕਿ ਇਸ ’ਤੇ ਕੋਈ ਵੀ ਸਰਕਾਰ ਹਾਲੇ ਤੱਕ ਖ਼ਰੀ ਨਹੀਂ ਉੱਤਰੀ।
ਫੋਨ : 98139-34035

Video Ad
Video Ad