- ਹਥਿਆਰ, ਸ਼ਰਾਬ ਤੇ ਡਰੱਗਜ਼ ਵਾਲੇ ਗੀਤ ਨਾ ਗਾਉਣ ਦਾ ਕੀਤਾ ਐਲਾਨ
- ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ
ਚੰਡੀਗੜ੍ਹ, 17 ਜੂਨ (ਸਤਵਿੰਦਰ ਕੌਰ) : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਸੰਗੀਤ ਇੰਡਸਟਰੀ ’ਚ ਕਈ ਤਰ੍ਹਾਂ ਦੀਆਂ ਚਰਚਾਵਾਂ ਮੁੜ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਵਿੱਚ ਖ਼ਾਸ ਤੌਰ ’ਤੇ ਬੰਦੂਕਾਂ, ਸ਼ਰਾਬ ਤੇ ਡਰੱਗਜ਼ ਵਾਲੇ ਗੀਤਾਂ ਨੂੰ ਲੈ ਕੇ ਸਰੋਤਿਆਂ ਨੇੇ ਆਪੋ-ਆਪਣੇ ਪ੍ਰਤੀਕਰਮ ਦਿੱਤੇ ਹਨ।

ਇਸੇ ਦਰਮਿਆਨ ਮਸ਼ਹੂਰ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਵੱਡਾ ਐਲਾਨ ਕੀਤਾ ਹੈ।
ਜਸਬੀਰ ਜੱਸੀ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਉਹ ਕਦੇ ਵੀ ਹਥਿਆਰਾਂ, ਸ਼ਰਾਬ ਅਤੇ ਡਰੱਗਜ਼ ਵਾਲੇ ਗੀਤ ਨਹੀਂ ਗਾਵੇਗਾ। ਜਸਬੀਰ ਜੱਸੀ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ਨਾਲ ਜੁੜੇ ਹੋਏ ਹਨ ਅਤੇ ਇੰਡਸਟਰੀ ਨੂੰ ਇਕ ਤੋਂ ਬਾਅਦ ਇਕ ਹਿੱਟ ਗੀਤ ਦੇ ਰਹੇ ਹਨ। ਜਸਬੀਰ ਜੱਸੀ ਦੇ ਗੀਤਾਂ ਦੀ ਗੱਲ ਕਰੀਏ ਤਾਂ ਉਹ ਇਕ ਮਸ਼ਹੂਰ ਗਾਇਕ ਵਜੋਂ ਪ੍ਰਸਿੱਧ ਹਨ ।
ਉਨ੍ਹਾਂ ਨੇ ਗਾਇਕੀ ’ਚ ਹਰ ਤਰ੍ਹਾਂ ਦਾ ਗੀਤ ਗਾਇਆ ਹੈ । ਗਾਇਕ ਦੇ ਵੱਲੋਂ ਗਾਏ ਗੀਤਾਂ ’ਚ ‘ਹੀਰ’, ‘ਕੋਕਾ’ ਅਤੇ ‘ਦਿਲ ਲੈ ਗਈ ਕੁੜੀ’ ਵਰਗੇ ਮਸ਼ਹੂਰ ਗੀਤ ਸ਼ਾਮਲ ਹਨ। ਜਸਬੀਰ ਜੱਸੀ ਅਕਸਰ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।
