
4 ਸਾਲ ਦੇ ਸਾਹਿਬ ਸਿੰਘ ਨੇ ਜਿੱਤਿਆ ਲੋਕਾਂ ਦਾ ਦਿਲ
ਲੰਡਨ, 29 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਬ੍ਰਿਟਿਸ਼ ਲਗਜ਼ਰੀ ਬਰਾਂਡ ਬਰਬੇਰੀ ਨੇ ਫ਼ੈਸ਼ਨ ਸ਼ੋਅ ਵਿੱਚ ਮਾਡਲ ਵਜੋਂ ਪਹਿਲਾ ਸਿੱਖ ਬੱਚਾ ਪੇਸ਼ ਕੀਤਾ, ਜਿਸ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 4 ਸਾਲ ਦੇ ਸਾਹਿਬ ਸਿੰਘ ਬਾਰੇ ਸੋਸ਼ਲ ਮੀਡੀਆ ’ਤੇ ਲੋਕ ਜਮ ਕੇ ਪ੍ਰਤੀਕਿਰਿਆ ਦੇ ਰਹੇ ਨੇ।
ਹੁਣ ਤੱਕ ਆਪਣੇ ਨਵੇਂ ਆਟਮ ‘ਵਿੰਟਰ ਕਲੈਕਸ਼ਨ-2022’ ਰਾਹੀਂ ਸਿੱਖ ਬੱਚਾ ਸਾਹਿਬ ਸਿੰਘ ਲੋਕਾਂ ਦਾ ਦਿਲ ਜਿੱਤ ਰਿਹਾ ਹੈ।
ਸਾਹਿਬ ਸਿੰਘ ਇੱਕ ਬਰਬੇਰੀ ਕਾਰਡਿਗਨ ਵਿੱਚ ਸਨੀਕਰਸ ਦੀ ਇੱਕ ਜੋੜੀ ਅਤੇ ਇੱਕ ਮੇਲ ਖਾਣ ਵਾਲੀ ਕਾਲੀ ਪਗੜੀ ਵਿੱਚ ਦਿਖਾਈ ਦਿੰਦਾ ਹੈ, ਜਿਸ ਨੂੰ ਰਵਾਇਤੀ ਤੌਰ ’ਤੇ ਪਟਕਾ ਕਿਹਾ ਜਾਂਦਾ ਹੈ। ਅੱਲੜ ਉਮਰ ਤੋਂ ਪਹਿਲਾਂ ਸਿੱਖ ਬੱਚੇ ਆਮ ਤੌਰ ’ਤੇ ਪਟਕਾ ਹੀ ਬੰਨ੍ਹਦੇ ਨੇ।
ਕਾਰਡੀਗਨ ਅਤੇ ਸ਼ੌਰਟਸ ਵਿੱਚ ਕੈਮਰੇ ਲਈ ਪੋਜ਼ ਦਿੰਦੇ ਹੋਏ ਸਾਹਿਬ ਸਿੰਘ ਦਾ ‘ਬੈਕ-ਟੂ-ਸਕੂਲ’ ਲੁਕ ਥੌਮਸ ਬਰਬੇਰੀ ਬਿਅਰ ਪਫਰ ਜੈਕੇਟ ਨਾਲ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
4 ਸਾਲਾ ਦੇ ਸਾਹਿਬ ਸਿੰਘ ਨੇ ਹੋਰ ਬੱਚਿਆਂ ਦੇ ਨਾਲ ਬਰਬੇਰੀ ਦੇ ਕੱਪੜਿਆਂ ਦੀ ਪਰਮੋਸ਼ਨ ਕੀਤੀ। ਇਸ ਦੌਰਾਨ ਉਸ ਨੇ ਬਰਬੇਰੀ ਦੀ ਸ਼ੌਰਟਸ ਅਤੇ ਸਨੀਕਰ ਨਾਲ ਜੈਕੇਟ ਪਾਈ ਹੋਈ ਸੀ।
ਸੋ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ, ਜਦੋਂ ਇਸ ਪ੍ਰਸਿੱਧ ਬਰਾਂਡ ਨੇ ਬੱਚਿਆਂ ਲਈ ਆਪਣੇ ਕੱਪੜਿਆਂ ਦੀ ਪੇਸ਼ਕਾਰੀ ਦੇਣ ਲਈ ਕਿਸੇ ਸਿੱਖ ਬੱਚੇ ਦੀ ਚੋਣ ਕੀਤੀ ਅਤੇ ਉਸ ਨੂੰ ਮਾਡਲ ਵਜੋਂ ਪੇਸ਼ ਕੀਤਾ। ਇਸ ’ਤੇ ਸਿੱਖ ਭਾਈਚਾਰੇ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।