ਲਿਫ਼ਾਫ਼ਿਆਂ ਅਤੇ ਚਮਚੇ-ਪਲੇਟਾਂ ’ਤੇ 2025 ਦੇ ਅੰਤ ਤੱਕ ਲੱਗੇਗੀ ਮੁਕੰਮਲ ਰੋਕ

ਕਿਊਬਿਕ ਸਿਟੀ, 21 ਜੂਨ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਨੇ ਸਾਲ 2025 ਦੇ ਅੰਤ ਤੱਕ ਸਿੰਗਲ ਯੂਜ਼ ਪਲਾਸਟਿਕ ਭਾਵ ਸਿਰਫ਼ ਇਕ ਵਾਰ ਵਰਤ ਕੇ ਸੁੱਟ ਦਿਤੀਆਂ ਜਾਣ ਵਾਲੀਆਂ ਪਲਾਸਟਿਕ ਦੀਆਂ ਚੀਜ਼ਾਂ ’ਤੇ ਮੁਕੰਮਲ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ।
ਪਾਬੰਦੀ ਦੇ ਘੇਰੇ ਵਿਚ ਆਉਣ ਵਾਲੀਆਂ ਚੀਜ਼ਾਂ ਵਿਚ ਗਰੌਸਰੀ ਲਿਆਉਣ ਲਈ ਵਰਤੇ ਜਾਂਦੇ ਲਿਫ਼ਾਫੇ, ਪਲਾਸਟਿਕ ਦੇ ਚਮਚੇ-ਪਲੇਟਾਂ, ਸਟ੍ਰਾਅ ਅਤੇ ਕੈਨ ਜਾਂ ਬੋਤਲਾਂ ਟਿਕਾਉਣ ਲਈ ਵਰਤੇ ਜਾਣ ਸਿਕਸ ਪੈਕ ਰਿੰਗ ਸ਼ਾਮਲ ਹਨ।
ਤਕਰੀਬਨ ਸਾਢੇ ਤਿੰਨ ਸਾਲ ਬਾਅਦ ਲੱਗਣ ਵਾਲੀ ਪਾਬੰਦੀ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਨ ਦੇ ਮਕਸਦ ਤਹਿਤ ਜੂਨ 2023 ਤੋਂ ਸਿੰਗਲ ਯੂਜ਼ ਪਲਾਸਟਿਕ ਵਸਤਾਂ ਤਿਆਰ ਕਰਨ ਜਾਂ ਵਿਦੇਸ਼ਾਂ ਤੋਂ ਮੰਗਵਾਉਣ ’ਤੇ ਰੋਕ ਲੱਗ ਜਾਵੇਗੀ।
ਇਸ ਮਗਰੋਂ ਜੂਨ 2024 ਤੋਂ ਇਨ੍ਹਾਂ ਦੀ ਵਿਕਰੀ ’ਤੇ ਪਾਬੰਦੀ ਲਾਗੂ ਕੀਤੀ ਜਾ ਰਹੀ ਹੈ। ਸਰੀਰਕ ਤੌਰ ’ਤੇ ਅਸਮਰੱਥ ਲੋਕਾਂ ਵਾਸਤੇ ਕੁਝ ਢਿੱਲ ਦਿਤੀ ਗਈ ਹੈ ਅਤੇ ਡਿਸਪੋਜ਼ੇਬਲ ਸਟ੍ਰਾਅ ਸਮੇਤ ਜੂਸ ਦੇ ਡੱਬੇ ਜੂਨ 2024 ਤੱਕ ਵੇਚੇ ਜਾ ਸਕਣਗੇ।
