
ਸੀਬੀਐਸਏ ਨਾਲ ਇੰਮੀਗ੍ਰੇਸ਼ਨ ਡਿਟੈਨਸ਼ਨ ਅਰੇਂਜਮੈਂਟ ਸੰਧੀ ਕੀਤੀ ਰੱਦ
ਹੁਣ ਸੂਬੇ ਦੀਆਂ ਜੇਲ੍ਹਾਂ ’ਚ ਬੰਦ ਨਹੀਂ ਰੱਖੇ ਜਾਣਗੇ ਬੇਕਸੂਰ ਪ੍ਰਵਾਸੀ
ਸਰੀ, 22 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਸੁਰੱਖਿਅਤ ਤੇ ਚੰਗੇ ਭਵਿੱਖ ਦੀ ਭਾਲ ਵਿੱਚ ਕੈਨੇਡਾ ਜਾਣ ਵਾਲੇ ਪ੍ਰਵਾਸੀਆਂ ਨੂੰ ਹੁਣ ਬ੍ਰਿਟਿਸ਼ ਕੋਲੰਬੀਆ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਨਹੀਂ ਰੱਖਿਆ ਜਾਵੇਗਾ, ਕਿਉਂਕਿ ਬੀ.ਸੀ. ਨੇ ਸੀਬੀਐਸਏ ਨਾਲ ‘ਇੰਮੀਗੇ੍ਰਸ਼ਨ ਡਿਟੈਨਸ਼ਨ ਅਰੇਂਜਮੈਂਟ’ ਸੰਧੀ ਖਤਮ ਕਰ ਦਿੱਤੀ ਹੈ। ਪ੍ਰਵਾਸੀਆਂ ਦੇ ਪੱਖ ਵਿੱਚ ਇਹ ਕਦਮ ਚੁੱਕਣ ਵਾਲਾ ਬੀ.ਸੀ. ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਹੈ।
ਇਸ ਨਾਲ ਉਨ੍ਹਾਂ ਸੈਂਕੜੇ ਪ੍ਰਵਾਸੀਆਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਨੂੰ ਬਿਨ੍ਹਾਂ ਕਸੂਰ ਦੇ ਲੰਬੇ ਸਮੇਂ ਤੱਕ ਬੀ.ਸੀ. ਦੀਆਂ ਜੇਲ੍ਹਾਂ ਵਿੱਚ ਰਹਿਣਾ ਪੈਂਦਾ ਸੀ।
ਬ੍ਰਿÇਟਸ਼ ਕੋਲੰਬੀਆ ਦੇ ਲੋਕ ਸੁਰੱਖਿਆ ਮੰਤਰੀ ਮਾਈਕ ਫਾਰਨ ਵਰਥ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ ਸੀਬੀਐਸਏ ਭਾਵ ਕੈਨੇਡੀਅਨ ਬਾਰਡਰ ਸਰਵਿਸਜ਼ ਏਜੰਸੀ ਹੁਣ ਪ੍ਰਵਾਸੀਆਂ ਨੂੰ ਬੀ.ਸੀ. ਦੀਆਂ ਜੇਲ੍ਹਾਂ ਵਿੱਚ ਨਹੀਂ ਰੱਖ ਸਕੇਗੀ, ਕਿਉਂਕਿ ਸੂਬਾ ਸਰਕਾਰ ਨੇ ਇਸ ਸਰਹੱਦੀ ਏਜੰਸੀ ਨਾਲ ‘ਇੰਮੀਗ੍ਰੇਸ਼ਨ ਡਿਟੈਨਸ਼ਨ ਅਰੇਂਜਮੈਂਟ’ ਸੰਧੀ ਸਮਾਪਤ ਕਰ ਦਿੱਤੀ ਐ।
ਬੀ.ਸੀ. ਵੱਲੋਂ ਸੀਬੀਐਸਏ ਨੂੰ ਇਸ ਦੇ ਲਈ 12 ਮਹੀਨੇ ਦਾ ਲਿਖਤੀ ਨੋਟਿਸ ਜਾਰੀ ਕਰ ਦਿੱਤਾ ਹੈ। ਇਸ ਤੋਂ ਬਾਅਦ ਸੀਬੀਐਸਏ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਣ ਲਈ ਬੀ.ਸੀ. ਦੀਆਂ ਜੇਲ੍ਹਾਂ ਦੀ ਵਰਤੋਂ ਨਹੀਂ ਕਰ ਸਕੇਗਾ। ਉਨ੍ਹਾਂ ਕਿਹਾ ਕਿ ਇਸ ਇਕਰਾਰਨਾਮੇ ਨੂੰ ਸਮਾਪਤ ਕਰਨ ਦਾ ਫ਼ੈਸਲਾ ਐਡਵੋਕੇਸੀ ਸਮੂਹਾਂ ਅਤੇ ਹੋਰਨਾਂ ਨਾਲ ਸਲਾਹ-ਮਸ਼ਵਰਾ ਕਰਨ ਬਾਅਦ ਕਰੈਕਸ਼ਨ ਸਟਾਫ਼ ਦੀ ਸਮੀਖਿਆ ਮਗਰੋਂ ਲਿਆ ਗਿਆ।