
ਭਾਰਤੀ ਨੌਜਵਾਨ ਮਗਰੋਂ ਲੇਕ ਉਨਟਾਰੀਓ ’ਚ ਡੁੱਬਿਆ ਵਿਅਕਤੀ
ਟੂਰ ਬੋਟ ਤੋਂ ਡਿੱਗਣ ਕਾਰਨ ਹੋਈ ਮੌਤ
ਟੋਰਾਂਟੋ, 1 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੀਆਂ ਝੀਲਾਂ ਇਨਸਾਨਾਂ ਦੀਆਂ ਦੁਸ਼ਮਣ ਬਣਦੀਆਂ ਜਾ ਰਹੀਆਂ ਨੇ, ਕਿਉਂਕਿ ਇਨ੍ਹਾਂ ਵਿੱਚ ਲੋਕਾਂ ਦੇ ਡੁੱਬਣ ਦੀਆਂ ਘਟਨਾਵਾਂ ਵਿੱਚ ਤੇਜ਼ ਵਾਧਾ ਹੁੰਦਾ ਜਾ ਰਿਹਾ ਹੈ। ਜਿੱਥੇ ਬੀਤੇ ਦਿਨੀਂ 27 ਜੁਲਾਈ ਨੂੰ ਐਡਮਿੰਟਨ ਦੀ ਝੀਲ ਵਿੱਚ ਭਾਰਤੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ, ਉੱਥੇ ਅੱਜ ਲੇਕ ਉਨਟਾਰੀਓ ਵਿੱਚ ਵੀ ਇੱਕ ਵਿਅਕਤੀ ਟੂਰ ਬੋਟ ਤੋਂ ਡਿੱਗਣ ਕਾਰਨ ਡੁੱਬ ਗਿਆ।
ਟੋਰਾਂਟੋ ਪੁਲਿਸ ਨੇ ਦੱਸਿਆ ਕਿ ਐਤਵਾਰ ਦੁਪਹਿਰ ਬਾਅਦ ਉਨਟਾਰੀਓ ਦੀ ਝੀਲ ਵਿੱਚ ਇੱਕ ਵਿਅਕਤੀ ਟੂਰ ਬੋਟ ਤੋਂ ਡਿੱਗ ਪਿਆ। 2 ਵਜ ਕੇ 41 ਮਿੰਟ ’ਤੇ ਵਾਪਰੀ ਇਸ ਘਟਨਾ ਦੀ ਸੂਚਨਾ ਤੁਰੰਤ ਐਮਰਜੰਸੀ ਅਮਲੇ ਨੂੰ ਦਿੱਤੀ ਗਈ।
ਇਸ ਮਗਰੋਂ ਟੋਰਾਂਟੋ ਪੁਲਿਸ ਅਤੇ ਫਾਇਰ ਬੋਟਸ ਝੀਲ ’ਤੇ ਪਹੁੰਚ ਗਈਆਂ ਅਤੇ ਪਾਣੀ ਵਿੱਚ ਡੁੱਬੇ ਵਿਅਕਤੀ ਨੂੰ ਲੱਭਣ ਦਾ ਯਤਨ ਕੀਤਾ ਗਿਆ। ਲਗਭਗ ਦੋ ਘੰਟੇ ਦੀ ਮਸ਼ੱਕਤ ਮਗਰੋਂ ਐਮਰਜੰਸੀ ਅਮਲੇ ਨੇ ਉਸ ਵਿਅਕਤੀ ਨੂੰ ਬਾਹਰ ਕੱਢਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਝੀਲ ਵਿੱਚੋਂ ਕੱਢਣ ਮਗਰੋਂ ਉਸ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।