ਕੈਨੇਡਾ ’ਚ 890 ਤੋਂ ਪਾਰ ਹੋਏ ਮੌਂਕੀਪੌਕਸ ਦੇ ਕੇਸ

ਉਨਟਾਰੀਓ ਨੇ ਕਿਊਬੈਕ ਨੂੰ ਵੀ ਪਿੱਛੇ ਛੱਡਿਆ

Video Ad

ਸੂਬੇ ’ਚ ਹੁਣ ਤੱਕ 423 ਕੇਸ ਮਿਲੇ

ਔਟਵਾ, 4 ਅਗਸਤ (ਹਮਦਰਦ ਨਿਊਜ਼ ਸਰਵਿਸ) : ਹੋਰਨਾਂ ਮੁਲਕਾ ਦੀ ਤਰ੍ਹਾਂ ਕੈਨੇਡਾ ਵਿੱਚ ਵੀ ਮੌਂਕੀਪੌਕਸ ਦੇ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਹੁਣ ਤੱਕ ਦੇਸ਼ ਵਿੱਚ ਇਸ ਬਿਮਾਰੀ ਦੇ ਕੁੱਲ ਮਾਮਲੇ 890 ਤੋਂ ਪਾਰ ਹੋ ਗਏ ਨੇ। ਇਨ੍ਹਾਂ ਵਿੱਚ ਸਭ ਤੋਂ ਵੱਧ ਇਕੱਲੇ ਉਨਟਾਰੀਓ ਸੂਬੇ ਦੇ 423 ਮਾਮਲੇ ਸ਼ਾਮਲ ਹਨ।

ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਮੁਤਾਬਕ 3 ਅਗਸਤ ਤੱਕ ਮੌਂਕੀਪੌਕਸ ਦੇ ਦੇਸ਼ ਭਰ ਵਿੱਚ ਕੁੱਲ 890 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚ ਉਨਟਾਰੀਓ ਦੇ ਸਭ ਤੋਂ ਵੱਧ 423, ਕਿਊਬੈਕ ਦੇ 373, ਬ੍ਰਿਟਿਸ਼ ਕੋਲੰਬੀਆ ਦੇ 78, ਅਲਬਰਟਾ ਦੇ 13, ਸਸਕੈਚੇਵਨ ਦੇ 2 ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਯੂਕੋਨ ਦਾ 1 ਕੇਸ ਸ਼ਾਮਲ ਹੈ। ਮੌਂਕੀਪੌਕਸ ਦੇ ਕੇਸਾਂ ਦੀ ਗਿਣਤੀ ਦੇ ਮਾਮਲੇ ਵਿੱਚ ਉਨਟਾਰੀਓ ਸੂਬੇ ਨੇ ਕਿਊਬੈਕ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕਿਉਂਕਿ ਪਹਿਲਾਂ ਕਿਊਬੈਕ ਵਿੱਚ ਸਭ ਤੋਂ ਵੱਧ ਕੇਸ ਮਿਲ ਰਹੇ ਸੀ, ਪਰ ਹੁਣ ਉਨਟਾਰੀਓ ਉਸ ਤੋਂ ਵੀ ਅੱਗੇ ਟੱਪ ਗਿਆ।

ਪਬਲਿਕ ਹੈਲਥ ਏਜੰਸੀ ਮੁਤਾਬਕ ਮੌਂਕੀਪੌਕਸ, ਸਮਾਲਪੌਕਸ ਦੀ ਤਰ੍ਹਾਂ ਇੱਕ ਵਾਇਰਲ ਬਿਮਾਰੀ ਹੈ। ਏਜੰਸੀ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿੱਚ ਇਸ ਰੋਗ ਨੂੰ ਫੈਲਣ ਤੋਂ ਰੋਕਣ ਲਈ ਸੂਬਾਈ, ਟੈਰੀਟਰੀਜ਼ ਅਤੇ ਕੌਮਾਂਤਰੀ ਭਾਈਵਾਲਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

Video Ad