
ਉਨਟਾਰੀਓ ’ਚੋਂ ਮਿਲੇ ਸਭ ਤੋਂ ਵੱਧ ਮਾਮਲੇ
ਦੁਨੀਆ ਭਰ ’ਚੋਂ ਸਾਹਮਣੇ ਆਏ 31 ਹਜ਼ਾਰ 800 ਕੇਸ
ਔਟਵਾ, 11 ਅਗਸਤ (ਹਮਦਰਦ ਨਿਊਜ਼ ਸਰਵਿਸ) : ਹਵਾਈ ਅੱਡਿਆਂ ਅਤੇ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ ਕਾਰਨ ਕੈਨੇਡਾ ਵਿੱਚ ਹਾਲਾਤ ਮੌਜੂਦਾ ਸਮੇਂ ਖਰਾਬ ਚੱਲ ਰਹੇ ਨੇ। ਉੱਧਰ ਮੌਂਕੀਪੌਕਸ ਦੇ ਕੇਸਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ। ਦੇਸ਼ ਭਰ ਵਿੱਚ ਇਸ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ 1 ਹਜ਼ਾਰ ਤੋਂ ਪਾਰ ਹੋ ਗਈ ਐ, ਜਿਸ ਵਿੱਚ ਸਭ ਤੋਂ ਵੱਧ ਕੇਸ ਉਨਟਾਰੀਓ ਸੂਬੇ ਦੇ ਸ਼ਾਮਲ ਨੇ। ਇਸ ਕਾਰਨ ਸਿਹਤ ਮਾਹਰਾਂ ਦੀ ਚਿੰਤਾ ਵੀ ਵਧਦੀ ਜਾ ਰਹੀ ਹੈ।
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ ਮੌਂਕੀਪੌਕਸ ਦੇ 1 ਹਜ਼ਾਰ 8 ਮਾਮਲੇ ਸਾਹਮਣੇ ਆਏ ਨੇ, ਜਿਨ੍ਹਾਂ ਵਿੱਚ ਉਨਟਾਰੀਓ ਦੇ ਸਭ ਤੋਂ ਵੱਧ 478 ਕੇਸ ਸ਼ਾਮਲ ਹਨ। ਇਸ ਤੋਂ ਇਲਾਵਾ ਕਿਊਬੈਕ ਵਿੱਚ 425, ਬ੍ਰਿਟਿਸ਼ ਕੋਲੰਬੀਆ ਵਿੱਚ 85, ਅਲਬਰਟਾ ਵਿੱਚ 16 ਅਤੇ ਸਸਕੈਚਵਨ ਤੇ ਯੂਕੋਨ ਵਿੱਚ ਇਸ ਬਿਮਾਰੀ ਦਾ 1-1 ਕੇਸ ਸਾਹਮਣੇ ਆ ਚੁੱਕਾ ਹੈ।
ਉਨਟਾਰੀਓ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਕਿਰਨ ਮੂਰੇ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ 20 ਹਜ਼ਾਰ ਲੋਕਾਂ ਨੂੰ ਮੌਂਕੀਪੌਕਸ ਤੋਂ ਬਚਾਅ ਲਈ ਵੈਕਸੀਨ ਲਾਈ ਜਾ ਚੁੱਕੀ ਹੈ। ਉੱਧਰ ਕਿਊਬੈਕ ਵੀ ਇਸ ਬਿਮਾਰੀ ਤੋਂ ਬਚਾਅ ਲਈ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਪਹੁੰਚਾ ਰਿਹਾ ਹੈ। ਇਸ ਤੋਂ ਪਹਿਲਾਂ ਸਿਰਫ਼ ਮੌਂਟਰੀਅਲ ਵਿੱਚ ਰਹਿਣ ਵਾਲੇ ਜਾਂ ਉੱਥੇ ਜਾਣ ਵਾਲੇ ਲੋਕਾਂ ਨੂੰ ਹੀ ਇਸ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਰਹੀਆਂ ਸਨ, ਪਰ ਹੁਣ ਸੂਬੇ ਭਰ ਵਿੱਚ ਇਹ ਮੁਹਿੰਮ ਤੇਜ਼ ਕਰ ਦਿੱਤੀ ਗਈ ਐ।