Home ਸਾਹਿਤਕ ਮੁੱਖ ਮੰਤਰੀ ਮਾਨ ਫਿਰ ਵੇਚ ਗਏ ਮਿੱਠੀਆਂ ਮਿਰਚਾਂ

ਮੁੱਖ ਮੰਤਰੀ ਮਾਨ ਫਿਰ ਵੇਚ ਗਏ ਮਿੱਠੀਆਂ ਮਿਰਚਾਂ

0
ਮੁੱਖ ਮੰਤਰੀ ਮਾਨ ਫਿਰ ਵੇਚ ਗਏ ਮਿੱਠੀਆਂ ਮਿਰਚਾਂ

ਕਮਲਜੀਤ ਸਿੰਘ ਬਨਵੈਤ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਜਦੋਂ ਹਾਸਰਸ ਕਲਾਕਾਰ ਵਜੋਂ ਵਿਚਰ ਰਹੇ ਸਨ ਤਾਂ ਉਨ੍ਹਾਂ ਦੇ ਵਿਅੰਗ ਸਰੋਤਿਆਂ ਦੇ ਧੁਰ ਅੰਦਰ ਤੱਕ ਉੱਤਰ ਜਾਂਦੇ ਸੀ। ਉਨ੍ਹਾਂ ਵੱਲੋਂ ਰਾਜਨੀਤੀ ’ਤੇ ਕੀਤੀਆਂ ਟਕੋਰਾਂ ਹਾਲੇ ਤੱਕ ਸਰੋਤਿਆਂ ਦੇ ਦਿਲ ਦਿਮਾਗ ਵਿੱਚੋਂ ਵਿਸਰੀਆਂ ਨਹੀਂ ਹਨ। ਹੁਣ ਵਿਧਾਨ ਸਭਾ ਦਾ ਸੈਸ਼ਨ ਹੋਵੇ ਜਾਂ ਕੋਈ ਰਾਜਨੀਤਕ ਰੈਲੀ, ਉਹ ਹਾਲੇ ਵੀ ਵਿਅੰਗ ਕਰਨ ਦਾ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਸੰਸਦ ਮੈਂਬਰ ਵਜੋਂ ਵੀ ਉਨ੍ਹਾਂ ਦੀਆਂ ਪਾਰਲੀਮੈਂਟ ਵਿੱਚ ਪੜ੍ਹੀਆਂ ਕਵਿਤਾਵਾਂ ਨੇ ਢਿੱਡੀ ਪੀੜਾਂ ਹੀ ਨਹੀਂ ਪਾਈਆਂ, ਸਗੋਂ ਕੇਂਦਰ ਨੂੰ ਲੋਕ ਮਸਲਿਆਂ ਨੂੰ ਗੰਭੀਰਤਾ ਨਾਲ ਲੈਣ ਲਈ ਮਜਬੂਰ ਵੀ ਕੀਤਾ ਹੈ।
ਮੁੱਖ ਮੰਤਰੀ ਵਜੋਂ ਸ਼ੁਰੂ ਕੀਤੀ ਪਾਰੀ ਨੂੰ ਹਾਲੇ 7 ਮਹੀਨੇ ਦਾ ਸਮਾਂ ਹੋਇਆ ਹੈ ਕਿ ਆਲੋਚਨਾ ਦੀਆਂ ਤੱਤੀਆਂ ਹਵਾਵਾਂ ਚਾਰੇ ਪਾਸਿਓਂ ਵਗਣ ਲੱਗੀਆਂ ਹਨ। ਖੇਤਰੀ ਪਾਰਟੀ ਤੋਂ ਲੈ ਕੇ ਕੌਮੀ ਰਾਜਨੀਤਕ ਪਾਰਟੀਆਂ ਨਾਲ ਉਨ੍ਹਾਂ ਨੂੰ ਆਡਾ ਲੈਣਾ ਪੈ ਰਿਹਾ ਹੈ। ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਕੋਲ ਭਾਰੀ ਬਹੁਮਤ ਤਾਂ ਹੈ, ਪਰ ਲਾਟ ਸਾਹਿਬ ਨਾਲ ਨਿੱਤ ਦਿਹਾੜੇ ਨਵਾਂ ਪੰਗਾ ਪਿਆ ਰਹਿੰਦਾ ਹੈ। ਮਹੀਨਿਆਂ ਤੋਂ ਚਲਦੇ ਤਕਰਾਰ ਦੇ ਦਰਮਿਆਨ ਮੁੱਖ ਮੰਤਰੀ ਮਾਨ ਆਪਣੇ ਸੁਭਾਅ ਮੁਤਾਬਕ ਮਿੱਠੀਆਂ ਮਿਰਚਾਂ ਵੇਚ ਗਏ ਹਨ।
ਮੁੱਖ ਮੰਤਰੀ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਜਦੋਂ ਇੱਕੋ ਜਹਾਜ਼ ਵਿੱਚ ਸਵਾਰ ਹੋ ਕੇ ਸਰਹੱਦੀ ਖੇਤਰ ਲਈ ਉੱਡੇ ਤਾਂ ਦੋਹਾਂ ਦੇ ਘਿਓ-ਖਿੱਚੜੀ ਹੋਣ ਦੀ ਚਰਚਾ ਛਿੜ ਪਈ ਸੀ। ਸਿਆਸਤ ਦੀ ਸੂਝ ਰੱਖਣ ਵਾਲੇ ਉਦੋਂ ਹੀ ਚਿੰਤਾ ਵਿੱਚ ਪੈ ਗਏ ਸਨ ਕਿ ਮੁੱਖ ਮੰਤਰੀ ਨੂੰ ਲਾਟ ਸਾਹਿਬ ਕਿਤੇ ਸਿਆਸੀ ਠਿੱਬੀ ਨਾ ਲਾ ਜਾਣ। ਬਾਅਦ ਵਿੱਚ ਕਿਸੇ ਹੱਦ ਤੱਕ ਉਨ੍ਹਾਂ ਦੀ ਫਿਕਰਮੰਦੀ ਸੱਚੀ ਵੀ ਸਾਬਤ ਹੋਈ।
ਲਾਟ ਸਾਹਿਬ ਅਤੇ ਮੁੱਖ ਮੰਤਰੀ ਦੇ ਸਬੰਧਾਂ ਵਿੱਚ ਪਹਿਲੀ ਵਾਰ ਉਦੋਂ ਤਰੇੜ ਪੈ ਗਈ, ਜਦੋਂ ਅਪ੍ਰੇਸ਼ਨ ਲੋਟਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਣ ਲਈ ਵਿਧਾਨ ਸਭਾ ਸੱਦਣ ਦੀ ਮਨਜ਼ੂਰੀ ਮੰਗ ਲਈ ਸੀ। ਪਹਿਲਾਂ ਤਾਂ ਰਾਜਪਾਲ ਅੜੇ ਰਹੇ, ਪਰ ਬਾਅਦ ਵਿੱਚ ਪ੍ਰਵਾਨਗੀ ਦੀ ਮੋਹਰ ਲਾਉਣੀ ਪੈ ਗਈ। ਉਸ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇਸਜ਼ ਦੇ ਨਵੇਂ ਉਪ ਕੁਲਪਤੀ ਵਜੋਂ ਡਾਕਟਰ ਗੁਰਪ੍ਰੀਤ ਸਿੰਘ ਵਾਂਡਰ ਦੀ ਨਿਯੁਕਤੀ ਦੀ ਫਾਈਲ ’ਤੇ ਨਾਂਹ ਕਰਨ ਤੋਂ ਬਾਅਦ ਮੁੜ ਤੋਂ ਪੇਚਾ ਫਸ ਗਿਆ, ਜਿਹੜਾ ਕੇ ਹਾਲੇ ਤੱਕ ਨਹੀਂ ਨਿਕਲਿਆ। ਉਸ ਤੋਂ ਬਾਅਦ ਮੁੱਖ ਮੰਤਰੀ ਜਦੋਂ ਚੰਡੀਗੜ੍ਹ ਦੀ ਸੁਖਨਾ ਝੀਲ ’ਤੇ ਰੱਖੇ ਏਅਰ ਸ਼ੋਅ ਵਿੱਚ ਸ਼ਾਮਲ ਨਾ ਹੋਏ ਤਾਂ ਦੂਰੀਆਂ ਹੋਰ ਵਧ ਗਈਆਂ। ਇਸ ਸਮਾਗਮ ਵਿੱਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਸ਼ਾਮਲ ਹੋਏ ਸਨ। ਲੰਘੇ ਕੱਲ੍ਹ ਜਦੋਂ ਦੇਸ਼ ਦੇ ਰਾਸ਼ਟਰਪਤੀ ਦਰੌਪਦੀ ਮੁਰਮੂ ਚੰਡੀਗੜ੍ਹ ਆਏ ਤਾਂ ਵੀ ਭਗਵੰਤ ਮਾਨ ਦੀ ਕੁਰਸੀ ਖਾਲੀ ਪਈ ਰਹੀ। ਉਂਝ ਮੁੱਖ ਮੰਤਰੀ ਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਮੋਹਾਲੀ ਫੇਰੀ ਵੇਲੇ ਉਨ੍ਹਾਂ ਦੇ ਸੋਹਲੇ ਗਾਉਣ ਵਿੱਚ ਕੋਈ ਕਸਰ ਨਾ ਛੱਡੀ। ਪਿਛਲੇ ਦਿਨੀਂ ਪੰਜਾਬ ਰਾਜ ਭਵਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਇੱਕ ਧਾਰਮਿਕ ਸਮਾਗਮ ਵਿੱਚ ਮੁੱਖ ਮੰਤਰੀ ਅਤੇ ਰਾਜਪਾਲ ਬੜੇ ਨਿੱਘੇ ਮਾਹੌਲ ਵਿੱਚ ਮਿਲੇ। ਉਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੇ ਇੱਕ ਸਮਾਗਮ ਵਿੱਚ ਦੋਵੇਂ ਜਣੇ ਲੰਮਾ ਸਮਾਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਵੇਖੇ ਗਏ।
ਮੁੱਖ ਮੰਤਰੀ ਅਤੇ ਲਾਟ ਸਾਹਿਬ ਦਰਮਿਆਨ ਖਟਮਿੱਠੇ ਸਬੰਧਾਂ ਦੇ ਚਲਦਿਆਂ ਪੰਜਾਬ ਸਰਕਾਰ ਨੇ ਚਤਰਾਈ ਨਾਲ ਕਿ ਰਾਜਪਾਲ ਵਿਧਾਨ ਸਭਾ ਦਾ ਅਗਲਾ ਸੈਸ਼ਨ ਸੱਦਣ ਵੇਲੇ ਰੇੜਕਾ ਨਾ ਪਾ ਲੈਣ, ਹਾਲੇ ਤੱਕ ਪਿਛਲੇ ਸੈਸ਼ਨ ਦਾ ਉਠਾਣ ਨਹੀਂ ਕੀਤਾ ਹੈ। ਤਕਨੀਕੀ ਤੌਰ ’ਤੇ ਵਿਧਾਨ ਸਭਾ ਦਾ ਸੈਸ਼ਨ ਹਾਲੇ ਵੀ ਚੱਲ ਰਿਹਾ ਹੈ। ਇਸ ਕਰਕੇ ਪੰਜਾਬ ਸਰਕਾਰ ਜਦੋਂ ਚਾਹੇ ਦੁਬਾਰਾ ਤੋਂ ਅਗਲੀ ਬੈਠਕ ਬੁਲਾ ਸਕਦੀ ਹੈ। ਸਰਕਾਰ ਨੇ 27 ਸਤੰਬਰ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਰਾਜਪਾਲ ਤੋਂ ਸਦਨ ਉਠਾਣ ਦੀ ਮਨਜ਼ੂਰੀ ਲੈਣ ਦੀ ਲੋੜ ਨਹੀਂ ਸਮਝੀ ਹੈ। ਉਂਝ ਸਰਕਾਰ ਦੀ ਇਹ ਚਲਾਕੀ ਅਗਲੇ ਬਜਟ ਸੈਸ਼ਨ ਤੱਕ ਹੀ ਚੱਲ ਸਕੇਗੀ। ਬਜਟ ਸੈਸ਼ਨ ਮੌਕੇ ਰਾਜਪਾਲ ਨੂੰ ਨਿਉਂਦਾ ਦੇਣਾ ਹੀ ਪਵੇਗਾ। ਸਰਕਾਰ ਦੇ ਨਿਯਮਾਂ ਅਨੁਸਾਰ ਸੈਸ਼ਨ ਖਤਮ ਹੋਣ ਤੋਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਸੱਦ ਕੇ ਮਤਾ ਪਾਸ ਕਰਨ ਤੋਂ ਬਾਅਦ ਆਖਰੀ ਮਨਜ਼ੂਰੀ ਲਈ ਰਾਜਪਾਲ ਕੋਲ ਭੇਜਣਾ ਜ਼ਰੂਰੀ ਹੁੰਦਾ ਹੈ। ਪੰਜਾਬ ਵਿਧਾਨ ਸਭਾ ਦਾ ਪਿਛਲਾ ਸੈਸ਼ਨ ਖਤਮ ਹੋਣ ਨੂੰ ਦੋ ਮਹੀਨੇ ਢੁਕੇ ਹਨ, ਪਰ ਹਾਲੇ ਤੱਕ ਸੈਸ਼ਨ ਉਠਾਣ ਦੀ ਮਨਜ਼ੂਰੀ ਲੈਣ ਦਾ ਪੱਤਰ ਰਾਜਪਾਲ ਨੂੰ ਨਹੀਂ ਭੇਜਿਆ ਗਿਆ। ਇਸ ਤੋਂ ਪਹਿਲਾਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਪ ਸਰਕਾਰ ਵੀ ਇਹੋ ਚਤਰਾਈ ਖੇਡ ਚੁੱਕੀ ਹੈ। ਦਿੱਲੀ ਵਿੱਚ ਰਾਜਪਾਲ ਦੇ ਅਹੁਦੇ ਦਾ ਨਾਂ ‘ਐਲ.ਜੀ.’ ਭਾਵ ਲੈਫ਼ਟੀਨੈਂਟ ਗਵਰਨਰ ਰੱਖਿਆ ਗਿਆ ਹੈ। ਦਿੱਲੀ ਸਰਕਾਰ ਅਤੇ ਲੈਫ਼ਟੀਨੈਂਟ ਗਵਰਨਰ ਵਿੱਚ ਲਗਾਤਾਰ ਖੜਕਦੀ ਆ ਰਹੀ ਹੈ। ਜਿਸ ਦੇ ਚਲਦਿਆਂ ਦਿੱਲੀ ਦੀ ਆਪ ਸਰਕਾਰ ਨੇ ਵੀ ਵਿਧਾਨ ਸਭਾ ਦਾ ਸੈਸ਼ਨ ਉਠਾਣ ਦੀ ਪ੍ਰਵਾਨਗੀ ਲੈਣ ਦੀ ਲੋੜ ਨਹੀਂ ਸਮਝੀ ਸੀ।
ਪੰਜਾਬ ਵਿਧਾਨ ਸਭਾ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਭੇਜੇ ਜਾਣ ਵਾਲੇ ਬਿਜ਼ਨਸ ਅਨੁਸਾਰ ਹੀ ਵਿਧਾਨ ਸਭਾ ਦੀ ਕਾਰਵਾਈ ਚਲਾਈ ਜਾਂਦੀ ਹੈ। ਪਿਛਲੇ ਸੈਸ਼ਨ ਦਾ ਬਿਜ਼ਨਸ ਖਤਮ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੀ ਰਾਜਪਾਲ ਨੂੰ ਸਦਨ ਉਠਾਣ ਦਾ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਦਨ ਨਾ ਉਠਾਏ ਜਾਣ ਕਾਰਨ ਆਪ ਦੀ ਸਰਕਾਰ ਕੋਲ ਸੈਸ਼ਨ ਦੀ ਅਗਲੀ ਬੈਠਕ ਸੱਦਣ ਦਾ ਅਧਿਕਾਰ ਰਾਖਵਾਂ ਹੈ।
ਪੰਜਾਬ ਸਮੇਤ ਕਈ ਹੋਰ ਰਾਜਾਂ ਵਿੱਚ ਵੀ ਮੁੱਖ ਮੰਤਰੀਆਂ ਅਤੇ ਰਾਜਪਾਲਾਂ ਵਿੱਚ ਸਬੰਧ ਸੁਖਾਵੇਂ ਨਹੀਂ ਚੱਲ ਰਹੇ ਹਨ। ਅਜਿਹੀ ਨੌਬਤ ਉਦੋਂ ਆਉਂਦੀ ਹੈ, ਜਦੋਂ ਰਾਜਪਾਲ ਦਾ ਸਬੰਧ ਕਿਸੇ ਹੋਰ ਸਿਆਸੀ ਪਾਰਟੀ ਨਾਲ ਹੋਵੇ ਅਤੇ ਉਸ ਸੂਬੇ ਵਿੱਚ ਸਰਕਾਰ ਕੋਈ ਹੋਰ ਪਾਰਟੀ ਚਲਾ ਰਹੀ ਹੋਵੇ। ਇਹ ਵੱਖਰੀ ਗੱਲ ਹੈ ਕਿ ਰਾਜਪਾਲ ਦਾ ਅਹੁਦਾ ਰਾਜਨੀਤਕ ਨਹੀਂ ਹੁੰਦਾ ਹੈ। ਕਿਉਂਕਿ ਕੇਂਦਰ ਸਰਕਾਰ ਰਾਜਪਾਲ ਦਾ ਅਹੁਦਾ ਆਪਣੇ ਖਾਸਮ ਖਾਸ ਨੂੰ ਦੇ ਕੇ ਨਿਵਾਜਦੀ ਹੈ। ਇਸ ਕਰਕੇ ਲਾਟ ਸਾਹਿਬ ਨੂੰ ਰਾਜਨੀਤੀ ਦੀ ਪੁੱਠ ਚੜ੍ਹਨੀ ਲਾਜ਼ਮੀ ਹੁੰਦੀ ਹੈ।

ਫੋਨ ਨੰਬਰ : 98147-34035