Home ਕਰੋਨਾ ਪੰਜਾਬ ’ਚ ਕੋਰੋਨਾ ਦੇ ਕੇਸਾਂ ’ਚ ਹੋ ਰਿਹੈ ਵਾਧਾ

ਪੰਜਾਬ ’ਚ ਕੋਰੋਨਾ ਦੇ ਕੇਸਾਂ ’ਚ ਹੋ ਰਿਹੈ ਵਾਧਾ

0
ਪੰਜਾਬ ’ਚ ਕੋਰੋਨਾ ਦੇ ਕੇਸਾਂ ’ਚ ਹੋ ਰਿਹੈ ਵਾਧਾ

113 ਲੋਕਾਂ ਦੀ ਹੋ ਚੁੱਕੀ ਮੌਤ, 2344 ਐਕਟਿਵ ਕੋਰੋਨਾ ਮਰੀਜ਼

ਚੰਡੀਗੜ, 14 ਅਗਸਤ (ਹਮਦਰਦ ਨਿਊਜ਼ ਸਰਵਿਸ) : ਭਾਰਤ ਦੇ ਦੂਜੇ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਕੋਰੋਨਾ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਨੇ। ਇਸ ਦੇ ਚਲਦਿਆਂ ਪਿਛਲੇ ਸਾਢੇ 4 ਮਹੀਨਿਆਂ ’ਚ ਇੱਥੇ ਕੋਰੋਨਾ ਨਾਲ 113 ਮੌਤਾਂ ਹੋਈਆਂ ਹਨ। ਬੀਤੇ ਦਿਨ ਹੁਸ਼ਿਆਰਪੁਰ ਦੇ ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦੋਂ ਕਿ 274 ਪੌਜ਼ੀਟਿਵ ਮਰੀਜ਼ ਸਾਹਮਣੇ ਆਏ।
ਵੱਖ-ਵੱਖ ਜ਼ਿਲਿ੍ਹਆਂ ’ਚ 98 ਮਰੀਜ਼ ਆਕਸੀਜਨ ਸਪੋਰਟ ’ਤੇ ਹਨ, ਜਦਕਿ 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਸੂਬੇ ’ਚ ਇਸ ਸਮੇਂ 2344 ਐਕਟਿਵ ਮਰੀਜ਼ ਹਨ।
ਸ਼ਨੀਵਾਰ ਨੂੰ ਮੁਹਾਲੀ ’ਚ 59, ਜਲੰਧਰ ਅਤੇ ਲੁਧਿਆਣਾ ਤੋਂ 34-34, ਬਠਿੰਡਾ 32, ਅੰਮ੍ਰਿਤਸਰ 23, ਹੁਸ਼ਿਆਰਪੁਰ 20 ਤੇ ਰੋਪੜ ਤੋਂ 16 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਸੂਬੇ ’ਚ ਸ਼ਨੀਵਾਰ ਨੂੰ 8913 ਸੈਂਪਲ ਜਾਂਚ ਲਈ ਭੇਜੇ ਗਏ। ਟੀਕਾਕਰਨ ਦੀ ਗੱਲ ਕਰੀਏ ਤਾਂ ਸੂਬੇ ਵਿੱਚ ਅੱਜ 7403 ਲੋਕਾਂ ਨੇ ਟੀਕਾਕਰਨ ਕਰਵਾਇਆ। ਇਨ੍ਹਾਂ ’ਚੋਂ 1100 ਲੋਕਾਂ ਨੇ ਪਹਿਲੀ, ਜਦਕਿ 6303 ਲੋਕਾਂ ਨੇ ਦੂਜੀ ਡੋਜ਼ ਲਗਵਾਈ।
ਪੰਜਾਬ ’ਚ ਦਿਨੋ-ਦਿਨ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਖ਼ਤੀ ਵਧਾਉਂਦਿਆਂ ਇਹ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਐਡਵਾਈਜ਼ਰੀ ਅਨੁਸਾਰ ਹੁਣ ਪੰਜਾਬ ’ਚ ਜਨਤਕ ਥਾਵਾਂ ’ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ, ਇਨਡੋਰ ਅਤੇ ਆਊਟਡੋਰ ਮੀਟਿੰਗਾਂ, ਮਾਲਜ਼, ਜਨਤਕ ਥਾਵਾਂ ’ਤੇ ਮਾਸਕ ਪਹਿਨਣ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਦੇ ਨਾਲ ਹੀ ਭੀੜ ਵਾਲੀਆਂ ਥਾਵਾਂ ’ਤੇ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ। ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਸਾਰੇ ਨਾਗਰਿਕ ਜਲਦ ਤੋਂ ਜਲਦ ਵੈਕਸੀਨ ਦੀ ਦੂਜੀ ਡੋਜ਼ ਜਾਂ ਬੂਸਟਰ ਡੋਜ਼ ਲਗਵਾਉਣ। ਬੀਮਾਰੀ ਦੇ ਲੱਛਣ ਮਹਿਸੂਸ ਹੋਣ ’ਤੇ ਟੈਸਟ ਕਰਵਾਉਣ ਅਤੇ ਕੋਰੋਨਾ ਨਾਲ ਸਬੰਧਿਤ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।