ਭਾਰਤ ’ਚ ਕੋਰੋਨਾ ਕੇਸਾਂ ’ਚ ਫਿਰ ਆਈ ਤੇਜ਼ੀ

ਇੱਕ ਦਿਨ ’ਚ ਮਿਲੇ 13 ਹਜ਼ਾਰ ਤੋਂ ਵੱਧ ਕੇਸ

Video Ad

ਨਵੀਂ ਦਿੱਲੀ, 23 ਜੂਨ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਦੇ ਸਾਰੇ ਮੁਲਕਾਂ ਵਿੱਚ ਭਾਵੇਂ ਕੋਰੋਨਾ ਦਾ ਖੌਫ਼ ਲੋਕਾਂ ਦੇ ਮਨ੍ਹਾਂ ਵਿੱਚੋਂ ਕਾਫ਼ੀ ਹੱਦ ਤੱਕ ਘਟ ਗਿਆ ਹੈ, ਪਰ ਮੌਜੂਦਾ ਸਮੇਂ ਕਈ ਦੇਸ਼ਾਂ ਵਿੱਚ ਇਸ ਮਹਾਂਮਾਰੀ ਦੇ ਰੋਜ਼ਾਨਾ ਕੇਸਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਇਸੇ ਤਰ੍ਹਾਂ ਭਾਰਤ ਵਿੱਚ ਵੀ ਭਾਵੇਂ ਬੀਤੇ ਕੁਝ ਦਿਨਾਂ ਤੋਂ 12 ਹਜ਼ਾਰ ਦੇ ਨੇੜੇ-ਤੇੜੇ ਕੇਸ ਸਾਹਮਣੇ ਆ ਰਹੇ ਸਨ, ਪਰ ਅੱਜ ਇਨ੍ਹਾਂ ਵਿੱਚ ਕੁਝ ਵਾਧਾ ਵੇਖਣ ਨੂੰ ਮਿਲਿਆ ਹੈ। ਬੀਤੇ 24 ਘੰਟਿਆਂ ਦੌਰਾਨ ਦੇਸ਼ ਭਰ ਵਿੱਚੋਂ 13 ਹਜ਼ਾਰ 313 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਇਸੇ ਦੌਰਾਨ ਮਹਾਂਮਾਰੀ ਦੇ ਚਲਦਿਆਂ 38 ਮਰੀਜ਼ਾਂ ਨੇ ਦਮ ਤੋੜ ਦਿੱਤਾ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਐਕਟਿਵ ਕੇਸਾਂ ਦੀ ਗਿਣਤੀ ਹੁਣ 83 ਹਜ਼ਾਰ ਨੂੰ ਪਾਰ ਕਰ ਗਈ ਹੈ। ਮੰਤਰਾਲੇ ਦੇ ਅਨੁਸਾਰ, ਸਰਗਰਮ ਕੇਸ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.19 ਪ੍ਰਤੀਸ਼ਤ ਹਨ।
ਕੋਵਿਡ-19 ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.60 ਫੀਸਦੀ ਹੈ। ਹੁਣ ਤੱਕ 4 ਕਰੋੜ 37 ਲੱਖ ਤੋਂ ਵੱਧ ਲੋਕ ਸੰਕਰਮਣ ਤੋਂ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਇਨਫੈਕਸ਼ਨ ਕਾਰਨ ਮੌਤ ਦਰ 1.21 ਫੀਸਦੀ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਬਾਰੇ ਮਾਹਿਰਾਂ ਦੀ ਇੱਕ ਟੀਮ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ।

Video Ad