ਭਾਰਤ ’ਚ ਕੋਰੋਨਾ ਕਾਰਨ ਇੱਕ ਦਿਨ ’ਚ 18 ਲੋਕਾਂ ਦੀ ਮੌਤ

12 ਹਜ਼ਾਰ 781 ਨਵੇਂ ਕੇਸ ਮਿਲੇ
ਨਵੀਂ ਦਿੱਲੀ, 20 ਜੂਨ (ਹਮਦਰਦ ਨਿਊਜ਼ ਸਰਵਿਸ) :
ਭਾਰਤ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਇੱਕ ਦਿਨ ਵਿੱਚ ਜਿੱਥੇ 12 ਹਜ਼ਾਰ 781 ਨਵੇਂ ਕੇਸ ਮਿਲੇ, ਉੱਥੇ ਇਸੇ ਦੌਰਾਨ 18 ਮਰੀਜ਼ਾਂ ਨੇ ਇਸ ਮਹਾਂਮਾਰੀ ਦੇ ਚਲਦਿਆਂ ਦਮ ਤੋੜ ਦਿੱਤਾ।
ਦੇਸ਼ ਭਰ ਵਿੱਚ ਨਵੇਂ ਅੰਕੜਿਆਂ ਤੋਂ ਬਾਅਦ ਹੁਣ ਐਕਟਿਵ ਕੇਸਾਂ ਦੀ ਕੁੱਲ ਗਿਣਤੀ 76 ਹਜ਼ਾਰ 700 ਹੋ ਗਈ ਹੈ। ਜੋ ਦੇਸ਼ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਉਧਰ ਜੇਕਰ ਐਤਵਾਰ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਕੋਰੋਨਾ ਦੇ 12 ਹਜ਼ਾਰ 899 ਨਵੇਂ ਮਾਮਲੇ ਸਾਹਮਣੇ ਆਏ ਸਨ, ਜਦਕਿ 15 ਲੋਕਾਂ ਦੀ ਮੌਤ ਹੋ ਗਈ ਸੀ। ਦੱਸ ਦੇਈਏ ਕਿ 18 ਜੂਨ ਨੂੰ ਦੇਸ਼ ਵਿੱਚ ਕੁੱਲ 13,216 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਸੀ, 113 ਦਿਨਾਂ ਵਿੱਚ ਪਹਿਲੀ ਵਾਰ ਜਦੋਂ ਦੇਸ਼ ਵਿੱਚ ਸੰਕਰਮਣ ਦੇ 13,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਨਵੇਂ ਮਾਮਲਿਆਂ ਦੇ ਆਉਣ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 43,311,049 ਹੋ ਗਈ ਹੈ।
ਐਤਵਾਰ ਸਵੇਰੇ 8 ਵਜੇ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ ਸੰਕਰਮਣ ਕਾਰਨ 18 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਭਾਰਤ ਵਿੱਚ ਕੁੱਲ ਮੌਤਾਂ ਦੀ ਗਿਣਤੀ ਵੱਧ ਕੇ 524,873 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 78,276 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਤੋਂ ਮੁਕਤ ਹੋਏ ਮਰੀਜ਼ਾ ਦੀ ਰਾਸ਼ਟਰੀ ਦਰ 98.62 ਪ੍ਰਤੀਸ਼ਤ ਹੈ। ਸਿਹਤ ਮੰਤਰਾਲੇ ਮੁਤਾਬਕ ਰੋਜ਼ਾਨਾ ਇਨਫੈਕਸ਼ਨ ਦੀ ਦਰ 4.32 ਫੀਸਦੀ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 42,707,900 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ ਅਤੇ ਮੌਤ ਦਰ 1.21 ਫੀਸਦੀ ਹੈ।

Video Ad
Video Ad