
ਕਈ ਸ਼ਹਿਰਾਂ ’ਚ ਲੱਗਿਆ ਲੌਕਡਾਊਨ
ਲੋਕ ਘਰਾਂ ’ਚ ਕੈਦ
ਬੀਜਿੰਗ, 12 ਅਗਸਤ (ਹਮਦਰ ਨਿਊਜ਼ ਸਰਵਿਸ) : ਕੋਰੋਨਾ ਦੇ ਜੰਮਪਲ ਮੰਨੇ ਜਾਂਦੇ ਚੀਨ ਵਿੱਚ ਇਸ ਮਹਾਂਮਾਰੀ ਦੇ ਕੇਸ ਇੱਕ ਵਾਰ ਫਿਰ ਤੇਜ਼ੀ ਨਾਲ ਵਧਦੇ ਜਾ ਰਹੇ ਨੇ। ਹਾਲਾਤ ਇੱਥੋਂ ਤੱਕ ਖਰਾਬ ਚੱਲ ਰਹੇ ਨੇ ਕਿ ਦੇਸ਼ ਦੇ ਕਈ ਸ਼ਹਿਰਾਂ ਵਿੱਚ ਲੌਕਡਾਊਨ ਲਾਉਣਾ ਪਿਆ। ਕਈ ਸ਼ਹਿਰ ਅਜਿਹੇ ਨੇ ਜਿੱਥੇ ਲੌਕਡਾਊਨ ਦੀ ਮਿਆਦ ਵਧਾਈ ਗਈ ਐ।
ਚੀਨ ਦੇ ਹੇਨਾਨ ਪ੍ਰਾਂਤ ਵਿੱਚ, ਤਾਲਾਬੰਦੀ (ਲੌਕਡਾਊਨ) ਦੀ ਸਮਾਂ ਸੀਮਾ ਸ਼ੁੱਕਰਵਾਰ ਨੂੰ ਵਧਾ ਦਿੱਤੀ ਗਈ ਸੀ, ਜਦੋਂ ਕਿ ਲਹਾਸਾ, ਤਿੱਬਤ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਪਾਬੰਦੀਆਂ ਨੂੰ ਹੋਰ ਸਖਤ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਚੀਨ ’ਚ ਮਹਾਮਾਰੀ ਨੂੰ ਲੈ ਕੇ ਡਾਇਨਾਮਿਕ ਕੋਵਿਡ ਜ਼ੀਰੋ ਪਾਲਿਸੀ ਦਾ ਪਾਲਣ ਕੀਤਾ ਜਾਂਦਾ ਹੈ, ਜਿਸ ਦੇ ਤਹਿਤ ਜੇਕਰ ਕੋਰੋਨਾ ਦਾ ਇਕ ਵੀ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇੱਥੇ ਸਖਤ ਚੌਕਸੀ ਵਰਤੀ ਜਾਂਦੀ ਹੈ। ਇਸ ਵਿੱਚ ਲੌਕਡਾਊਨ, ਨਵੇਂ ਦਿਸ਼ਾ-ਨਿਰਦੇਸ਼ ਅਤੇ ਕੋਵਿਡ ਟੈਸਟਿੰਗ ਦੀ ਗਿਣਤੀ ਵਿੱਚ ਵਾਧਾ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਸ ਨੀਤੀ ਤਹਿਤ ਚੀਨ ਦੀਆਂ ਸਥਾਨਕ ਸਰਕਾਰਾਂ ਕੁਝ ਦਿਨਾਂ ਜਾਂ ਹਫ਼ਤਿਆਂ ਲਈ ਲਾਕਡਾਊਨ ਦਾ ਐਲਾਨ ਕਰ ਰਹੀਆਂ ਹਨ।
ਇਹ ਥੋੜ੍ਹੇ ਸਮੇਂ ਲਈ ਲੌਕਡਾਊਨ ਫਿਰ ਵੀ ਕੋਰੋਨਾ ਦੀ ਉਸ ਭਿਆਨਕ ਸਥਿਤੀ ਨਾਲੋਂ ਬਿਹਤਰ ਹੈ ਜਿਸਦਾ ਕੁਝ ਮਹੀਨੇ ਪਹਿਲਾਂ ਸ਼ੰਘਾਈ ਨੇ ਸਾਹਮਣਾ ਕੀਤਾ ਸੀ। ਇਸ ਦੌਰਾਨ ਇੱਥੇ ਕੋਰੋਨਾ ਦੀ ਬਹੁਤ ਮਾੜੀ ਹਾਲਤ ਦੇਖਣ ਨੂੰ ਮਿਲੀ। ਫਿਲਹਾਲ ਚੀਨ ’ਚ ਕੋਰੋਨਾ ਵਾਇਰਸ ਦਾ ਓਮਾਈਕ੍ਰੋਨ ਵੇਰੀਐਂਟ ਲੋਕਾਂ ਲਈ ਸਮੱਸਿਆ ਬਣਿਆ ਹੋਇਆ ਹੈ ਕਿਉਂਕਿ ਇਹ ਜ਼ਿਆਦਾ ਘਾਤਕ ਹੈ ਅਤੇ ਤੇਜ਼ੀ ਨਾਲ ਫੈਲਦਾ ਹੈ। ਚੀਨ ਦੇ ਹੇਨਾਨ ਸੂਬੇ ਦੇ ਡੋਂਗਫਾਂਗ ਅਤੇ ਵੇਂਗਮਾਈ ਦੀ ਸਥਿਤੀ ਇਸ ਸਮੇਂ ਸਭ ਤੋਂ ਖਰਾਬ ਹੈ। ਇੱਥੇ ਰਹਿਣ ਵਾਲੇ ਲੋਕਾਂ ਦੀ ਕੁੱਲ ਗਿਣਤੀ 900,000 ਦੇ ਕਰੀਬ ਹੈ। ਇੱਥੇ ਤਾਲਾਬੰਦੀ ਦੇ ਦਿਨ ਵਧਾ ਦਿੱਤੇ ਗਏ। ਪਹਿਲਾਂ ਤਿੰਨ ਤੋਂ ਚਾਰ ਦਿਨਾਂ ਦਾ ਲਾਕਡਾਊਨ ਲਗਾਇਆ ਜਾਂਦਾ ਸੀ ਜੋ ਹੁਣ ਇੱਕ ਹਫ਼ਤੇ ਵਿੱਚ ਬਦਲ ਗਿਆ ਹੈ।