ਕੈਨੇਡਾ ’ਚ ਘੱਟ ਤਜ਼ਰਬੇ ਵਾਲੇ ਕਾਮੇ ਰੱਖਣ ਲਈ ਮਜਬੂਰ ਹੋਏ ਰੁਜ਼ਗਾਰਦਾਤਾ

ਕਿਰਤੀਆਂ ਦੀ ਘਾਟ ਕਾਰਨ ਚੁੱਕ ਰਹੇ ਨੇ ਕਦਮ

Video Ad

ਔਟਵਾ, 20 ਜੂਨ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਵਿੱਚ ਇਨ੍ਹਾਂ ਦਿਨੀਂ ਕਿਰਤੀਆਂ ਦੀ ਕਾਫ਼ੀ ਘਾਟ ਪਾਈ ਜਾ ਰਹੀ ਹੈ। ਨਵੇਂ ਅਧਿਐਨ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਕਿ ਕਾਮਿਆਂ ਦੀ ਥੁੜ ਨਾਲ ਜੂਝ ਰਹੇ ਰੁਜ਼ਗਾਰਦਾਤਾ ਇੰਨੇ ਮਜਬੂਰ ਹੋ ਗਏ ਨੇ ਕਿ ਉੱਚ ਸਿੱਖਿਆ ਤੇ ਤਜ਼ਰਬੇ ਨੂੰ ਤਰਜੀਹ ਦੇਣ ਦੀ ਬਜਾਏ ਘੱਟ ਤਜ਼ਰਬੇ ਵਾਲੇ ਕਾਮਿਆਂ ਨੂੰ ਵੀ ਕੰਮ ’ਤੇ ਰੱਖ ਰਹੇ ਨੇ।
ਅਮਰੀਕਾ ਦੀ ਵਿਸ਼ਵ ਪੱਧਰੀ ਰੁਜ਼ਗਾਰ ਸਬੰਧੀ ਵੈਬਸਾਈਟ ‘ਇਨਡੀਡ’ ਵੱਲੋਂ ਮਈ ਮਹੀਨੇ ਵਿੱਚ ਕੈਨੇਡਾ ਦੇ 1 ਹਜ਼ਾਰ ਤੋਂ ਵੱਧ ਐਂਪਲੌਇਅਰਸ ਦਾ ਆਨਲਾਈਨ ਸਰਵੇਖਣ ਕੀਤਾ। ਇਸ ਦੌਰਾਨ ਸਾਹਮਣੇ ਆਇਆ ਕਿ ਮੌਜੂਦਾ ਸਮੇਂ ਕਿਰਤੀਆਂ ਦੀ ਘਾਟ ਕਾਰਨ 77 ਫੀਸਦੀ ਕੈਨੇਡੀਅਨ ਐਂਪਲੌਇਅਰ ਉਨ੍ਹਾਂ ਕਿਰਤੀਆਂ ਨੂੰ ਵੀ ਪਹਿਲ ਦੇ ਰਹੇ ਨੇ, ਜਿਨ੍ਹਾਂ ਨੂੰ ਸਬੰਧਤ ਕੰਮ ਦਾ ਤਜ਼ਰਬਾ ਘੱਟ ਹੁੰਦਾ ਹੈ। ਜਦਕਿ ਪੰਜ ਵਿੱਚੋਂ ਚਾਰ ਰੁਜ਼ਗਾਰਦਾਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੰਪਨੀ ਉਨ੍ਹਾਂ ਬਿਨੈਕਾਰਾਂ ਨੂੰ ਵੀ ਨੌਕਰੀ ’ਤੇ ਰੱਖਣ ਬਾਰੇ ਵਿਚਾਰ ਕਰੇਗੀ, ਜਿਨ੍ਹਾਂ ਕੋਲ ਨੌਕਰੀ ਨਾਲ ਸਬੰਧਤ ਕੋਈ ਡਿਗਰੀ ਜਾਂ ਸਰਟੀਫਿਕੇਟ ਨਹੀਂ ਹੈ। ਇਸ ਦੀ ਬਜਾਏ ਨਵੇਂ ਕਰਮਚਾਰੀਆਂ ਨੂੰ ਨੌਕਰੀ ’ਤੇ ਸਿਖਲਾਈ ਦੀ ਪੇਸ਼ਕਸ਼ ਕੀਤੀ ਜਾਵੇਗੀ। ਸਰਵੇਖਣ ਮੁਤਾਬਕ ਕੰਪਨੀਆਂ ਦੇ ਮਾਲਕ ਕਾਮਿਆਂ ਨੂੰ ਲੱਭਣ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਸਬੰਧਤ ਤਜ਼ਰਬੇ ਦੀ ਲੋੜ ਨੂੰ ਕੁਰਬਾਨ ਕਰਨ ਲਈ ਤਿਆਰ ਹਨ।
ਇਨਡੀਡ ਦੀ ਮਹਿਲਾ ਡਾਇਰੈਕਟਰ ਮਿਸ਼ੇਲ ਸਿਲੇਟਰ ਨੇ ਕਿਹਾ ਕਿ ਇਸ ਵੇਲੇ ਸਾਰੇ ਐਂਪਲੌਇਅਰ ਕਾਮਿਆਂ ਦੀ ਵੱਡੀ ਥੁੜ ਦਾ ਸਾਹਮਣਾ ਕਰ ਰਹੇ ਨੇ। ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਮਈ ਮਹੀਨੇ ਵਿੱਚ ਕੈਨੇਡਾ ਦੀ ਬੇਰੁਜ਼ਗਾਰੀ ਦਰ 5.1 ਫੀਸਦੀ ਤੱਕ ਡਿੱਗ ਗਈ। ਜਿਹੜੀ ਕਿ 1976 ਤੋਂ ਬਾਅਦ ਸਭ ਤੋਂ ਹੇਠਲਾ ਪੱਧਰ ਹੈ।

Video Ad