ਪੰਜਾਬ ’ਚ ਹਰ 21ਵਾਂ ਵਿਅਕਤੀ ਸ਼ੂਗਰ ਦਾ ਮਰੀਜ਼

ਕਮਲਜੀਤ ਸਿੰਘ ਬਨਵੈਤ

Video Ad

ਪੰਜਾਬ ਵਿੱਚ ਲੋਕਾਂ ਦਾ ਰਹਿਣ-ਸਹਿਣ, ਉਠਣ-ਬੈਠਣ ਅਤੇ ਪਹਿਰਾਵਾ ਹੀ ਨਹੀਂ ਬਦਲਿਆ, ਸਗੋਂ ਜਿਉਣ ਦਾ ਢੰਗ ਹੀ ਬਦਲ ਗਿਆ ਹੈ। ਹੁਣ ਚੂਰੀਆਂ ਅਤੇ ਪੰਜੀਰੀਆਂ ਦੀ ਥਾਂ ਪੀਜ਼ਾ-ਬਰਗਰ ਨੇ ਲੈ ਲਈ ਹੈ। ਖੇਤਾਂ ਵਿੱਚ ਚੜਸ ਚਲਾਉਣ ਦਾ ਟੰਟਾ ਤਾਂ ਕਈ ਚਿਰ ਪਹਿਲਾਂ ਨਿੱਬੜ ਗਿਆ ਸੀ, ਪਰ ਹੁਣ ਮੋਢੇ ’ਤੇ ਕਹੀ ਰੱਖ ਕੇ ਜੱਟ ਖੇਤਾਂ ਵਿੱਚ ਬੰਨੇ-ਬੰਨੇ ਵੀ ਨਹੀਂ ਫਿਰਦਾ, ਨਾ ਹੀ ਗੰਢੇ ਦੇ ਪੱਤ ਜਿਹਾ ਡੋਰੀਆ ਲੈ ਕੇ ਖੇਤਾਂ ਨੂੰ ਜਾਂਦੀ ਕੋਈ ਨਾਰ ਨਜ਼ਰੀਂ ਪੈਂਦੀ ਹੈ। ਵਿਰਾਸਤ ਬੈਠਕਾਂ ਦੇ ਖੂੰਝਿਆਂ ਵਿੱਚ ਸ਼ੋਅ ਪੀਸ ਬਣ ਕੇ ਰਹਿ ਗਈ ਹੈ।
ਅਸੰਤੁਲਨ ਖਾਣ-ਪੀਣ, ਬਦਲੀ ਜੀਵਨ ਸ਼ੈਲੀ ਅਤੇ ਸਰੀਰਕ ਕਸਰਤ ਦੀ ਘਾਟ ਦੇ ਚਲਦਿਆਂ ਪੰਜਾਬੀਆਂ ਨੂੰ ਬਿਮਾਰੀਆਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਲਾਇਲਾਜ ਬਿਮਾਰੀਆਂ ਵਿੱਚੋਂ ਬਹੁਤੀਆਂ ਪੰਜਾਬੀ ਆਪ ਸਹੇੜਨ ਲੱਗੇ ਹਨ। ਰਹਿੰਦੀ-ਖੁੰਹਦੀ ਕਸਰ ਪੁਲੀਤ ਵਾਤਾਵਰਣ ਅਤੇ ਬੇਲੋੜੇ ਤਣਾਅ ਨੇ ਪੂਰੀ ਕਰ ਦਿੱਤੀ ਹੈ। ਕੌਮੀ ਪਰਿਵਾਰ ਸਿਹਤ ਸਰਵੇਖਣ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ 35 ਫੀਸਦੀ ਚੰਡੀਗੜ੍ਹੀਏ ਅਤੇ 28 ਫੀਸਦੀ ਪੰਜਾਬੀ ਸ਼ੱਕਰ ਰੋਗ ਦੀ ਦਵਾਈ ਸਹਾਰੇ ਆਪਣੀ ਜ਼ਿੰਦਗੀ ਦੀ ਗੱਡੀ ਰੋੜ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਵਿੱਚ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਬਲੱਡ ਪ੍ਰੈਸ਼ਰ ਵੱਧ ਰਹਿਣ ਲੱਗਾ ਹੈ। ਇਹ ਉਹ ਅੰਕੜੇ ਹਨ, ਜਿਹੜੇ ਸਰਕਾਰ ਕੋਲ ਰਜਿਸਟਰਡ ਹਨ। ਨਿਰਸੰਦੇਹ ਲੱਖਾਂ ਲੋਕ ਅਜਿਹੇ ਹੋਣਗੇ, ਜਿਨ੍ਹਾਂ ਨੇ ਸਰੀਰ ਦੀ ਮੈਡੀਕਲ ਜਾਂਚ ਨਹੀਂ ਕਰਾਈ ਜਾਂ ਫਿਰ ਡਾਕਟਰਾਂ ਕੋਲ ਜਾਣ ਦੇ ਸਮਰੱਥ ਹੀ ਨਹੀਂ ਹਨ। ਹੋਰ ਵੀ ਹੈਰਾਨੀ ਦੀ ਗੱਲ ਇਹ ਕਿ ਚੰਡੀਗੜ੍ਹੀਆਂ ਵਿੱਚੋਂ 19 ਫੀਸਦੀ ਮਹਿਲਾਵਾਂ ਅਤੇ ਪੰਜਾਬ ਦੀਆਂ 16.6 ਫੀਸਦੀ ਔਰਤਾਂ ਸ਼ੱਕਰ ਰੋਗ ਦਾ ਕਸ਼ਟ ਭੋਗ ਰਹੀਆਂ ਹਨ।
ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਨੇ ਪੰਜਾਬੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਹਾਲੇ ਵੀ ਸੁਚੇਤ ਨਾ ਹੋਏ ਤਾਂ ਸਖ਼ਤ ਨਤੀਜੇ ਭੁਗਤਣੇ ਪੈ ਸਕਦੇ ਹਨ। ਰਿਪੋਰਟ ਮੁਤਾਬਕ ਚੰਡੀਗੜ੍ਹ ਦੇ 16 ਫੀਸਦੀ ਅਤੇ ਪੰਜਾਬ ਦੇ 12 ਫੀਸਦੀ ਪੁਰਸ਼ਾਂ ਨੂੰ ਸ਼ੱਕਰ ਰੋਗ ਦੱਸਿਆ ਗਿਆ ਹੈ। ਹਿਮਾਚਲ ਪ੍ਰਦੇਸ਼, ਜਿੱਥੋਂ ਦੇ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਹੀ ਕਾਫ਼ੀ ਕਸਰਤ ਹੋ ਜਾਂਦੀ ਹੈ, ਨੂੰ ਵੀ ਸ਼ੱਕਰ ਰੋਗ ਨੇ ਜਕੜ ਰੱਖਿਆ ਹੈ। ਉੱਥੋਂ ਦੀਆਂ 13.9 ਫੀਸਦੀ ਔਰਤਾਂ ਅਤੇ 14.7 ਫੀਸਦੀ ਪੁਰਸ਼ ਸ਼ੱਕਰ ਰੋਗ ਭਾਵ 28.6 ਫੀਸਦੀ ਹਿਮਾਚਲੀ ਸ਼ੂਗਰ ਤੋਂ ਪੀੜਤ ਹਨ। ਹਰਿਆਣਾ ਇਸ ਪੱਖੋਂ ਬਿਹਤਰ ਦੱਸਿਆ ਜਾ ਰਿਹਾ ਹੈ, ਜਿੱਥੋਂ ਦੀਆਂ 11.9 ਫੀਸਦੀ ਔਰਤਾਂ ਅਤੇ 13.5 ਫੀਸਦੀ ਪੁਰਸ਼ਾਂ ਨੂੰ ਸ਼ੂਗਰ ਦੀ ਬਿਮਾਰੀ ਹੈ। ਰਿਪੋਰਟ ਅਨੁਸਾਰ ਖਾਲੀ ਪੇਟ ਸ਼ੂਗਰ 100 ਐਮਜੀ ਅਤੇ ਖਾਣੇ ਤੋਂ ਦੋ ਘੰਟੇ ਬਾਅਦ 140 ਐਮਜੀ ਹੋਵੇ ਤਾਂ ਇਸ ਨੂੰ ਖ਼ਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ। ਐਚਬੀਏਸੀ ਭਾਵ ਪਿਛਲੇ 3 ਮਹੀਨੇ ਦੀ ਸ਼ੂਗਰ 6.5 ਫੀਸਦੀ ਤੱਕ ਠੀਕ ਮੰਨੀ ਜਾਂਦੀ ਹੈ।
ਅੱਜ ਕੌਮੀ ਸ਼ੱਕਰ ਰੋਗ ਦਿਵਸ ਤੇ ਇੱਕ ਚੰਗੀ ਸੂਚਨਾ ਇਹ ਮਿਲੀ ਹੈ ਕਿ ਕੇਂਦਰ ਸਰਕਾਰ ਨੇ ਟੀਬੀ, ਐਚਆਈਵੀ, ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਸਮੇਤ ਕਈ ਹੋਰ ਬਿਮਾਰੀਆਂ ਦੀਆਂ ਦਵਾਈਆਂ ਸਸਤੀਆਂ ਕਰ ਦਿੱਤੀਆਂ ਹਨ। ਕੇਂਦਰ ਸਰਕਾਰ ਦਾ ਇਹ ਫ਼ੈਸਲਾ 13 ਨਵੰਬਰ ਨੂੰ ਹੀ ਲਾਗੂ ਹੋ ਗਿਆ ਸੀ।
ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਦਾ ਇੱਕ ਸਰਵੇ ਪ੍ਰੇਸ਼ਾਨ ਕਰਨ ਵਾਲਾ ਹੈ। ਰਿਪੋਰਟ ਅਨੁਸਾਰ ਚੰਡੀਗੜ੍ਹ ਵਿੱਚ 20 ਸਾਲ ਤੋਂ ਉਪਰ ਦੀ ਉਮਰ ਦੇ ਹਰ 21ਵੇਂ ਵਿਅਕਤੀ ਨੂੰ ਸ਼ੱਕਰ ਰੋਗ ਨੇ ਆਪਣੀ ਲਪੇਟ ਵਿੱਚ ਲੈ ਰੱਖਿਆ ਹੈ। ਐਸੋਸੀਏਸ਼ਨ ਨੇ ਤਾਂ ਚੰਡੀਗੜ੍ਹ ਅਤੇ ਪੰਜਾਬ ਨੂੰ ਸ਼ੂਗਰ ਦੀ ਕੈਪੀਟਲ ਕਹਿ ਦਿੱਤਾ ਹੈ। ਦੂਜੇ ਬੰਨੇ ਪੀਜੀਆਈ ਦੇ ਇੰਡੋਕਰੋਨਾਲਜੀ ਵਿਭਾਗ ਦੇ ਡਾ. ਸੰਜੇ ਬਡਾੜਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਵਿੱਚ 1 ਹਜ਼ਾਰ ਪਿੱਛੇ 21 ਲੋਕ ਡਾਇਬਟੀਜ਼ ਹਨ। ਐਸੋਸੀਏਸ਼ਨ ਨੇ ਸ਼ੱਕਰ ਰੋਗ ਦੀ ਬਿਮਾਰੀ ਨੂੰ ਗੰਭੀਰਤਾ ਨਾਲ ਲੈਣ ਦੀ ਸਲਾਹ ਦਿੱਤੀ ਹੈ। ਡਾ. ਸੰਜੇ ਅਨੁਸਾਰ ਤਣਾਅ ਸ਼ੂਗਰ ਦਾ ਲੈਵਲ ਉਪਰ ਲੈ ਜਾਂਦਾ ਹੈ। ਉਨ੍ਹਾਂ ਨੇ ਤਣਾਅ ਅਤੇ ਸ਼ੂਗਰ ਤੋਂ ਬਚਣ ਲਈ ਸਾਂਝੇ ਪਰਿਵਾਰਾਂ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਅਨੁਸਾਰ ਇਕੱਲਤਾ ਬਿਮਾਰੀ ਪੈਦਾ ਕਰਦੀ ਹੈ, ਜਦਕਿ ਸਾਂਝੇ ਪਰਿਵਾਰ ਤਣਾਅ ਮੁਕਤ ਕਰਦੇ ਹਨ। ਸ਼ੱਕਰ ਰੋਗ ਦੇ ਮਰੀਜ਼ਾਂ ਵਾਸਤੇ ਹਰ ਰੋਜ਼ 10 ਹਜ਼ਾਰ ਕਦਮ ਚੱਲਣਾ ਅਤੇ ਹਰ ਇੱਕ ਘੰਟੇ ਬਾਅਦ 5 ਮਿੰਟ ਦੀ ਸੈਰ ਜ਼ਰੂਰੀ ਦੱਸੀ ਗਈ ਹੈ।
ਸ਼ੱਕਰ ਰੋਗ ਦੀ ਬਿਮਾਰੀ ਦਾ ਤਾਂ ਇਲਾਜ ਹੈ ਅਤੇ ਇਸ ਨੂੰ ਸੈਰ, ਕਸਰਤ ਜਾਂ ਖਾਣ-ਪੀਣ ’ਤੇ ਕਾਬੂ ਰੱਖਣ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ, ਪਰ ਅਜਿਹੀਆਂ ਲਾਇਲਾਜ ਬਿਮਾਰੀਆਂ ਜਿਨ੍ਹਾਂ ਮੁਹਰੇ ਮਨੁੱਖ ਬੇਵੱਸ ਹੋ ਕੇ ਹਾਰ ਜਾਂਦਾ ਹੈ, ਉਨ੍ਹਾਂ ਨਾਲ ਭਿੜਨਾ ਮਨੁੱਖ ਦੇ ਵੱਸ ਨਹੀਂ ਹੈ।
ਫੋਨ ਨੰਬਰ : 98147-34035

Video Ad