
ਮੈਡੀਕਲ ਖੇਤਰ ’ਚ ਕੰਮ ਕਰਨ ਲਈ ਵਿਦੇਸ਼ੀਆਂ ਲਈ ਰਾਹ ਕੀਤਾ ਜਾ ਰਿਹੈ ਆਸਾਨ
ਟੋਰਾਂਟੋ, 5 ਅਗਸਤ (ਚਮਕੌਰ ਸਿੰਘ ਮਾਛੀਕੇ) : ਉਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਸੂਬੇ ’ਚ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਜਿੱਥੇ ਆਟੋਮੋਟਿਵ ਖੇਤਰ ਵਿੱਚ ਮੁਫਤ ਸਿਖਲਾਈ ਦੇਣ ਦੀ ਗੱਲ ਆਖੀ, ਉੱਥੇ ਹੀ ਸਟਾਫ਼ ਦੀ ਘਾਟ ਨਾਲ ਜੂਝ ਰਹੇ ਹਸਪਤਾਲਾਂ ਦੇ ਮੁੱਦੇ ’ਤੇ ਵੀ ਚਰਚਾ ਕੀਤੀ।
ਸਟ੍ਰੈਟਫੋਰਡ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਆਟੋਮੋਟਿਵ ਨਿਰਮਾਣ ਖੇਤਰ ਵਿੱਚ ਨੌਕਰੀਆਂ ਦੀ ਘੱਟ ਨੁਮਾਇੰਦਗੀ ਵਾਲੇ ਸਮੂਹਾਂ ਦੇ 500 ਲੋਕਾਂ ਨੂੰ ਮੁਫਤ ਸਿਖਲਾਈ ਪ੍ਰਦਾਨ ਕਰਨ ਲਈ 5 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਹਸਪਤਾਲਾਂ ਵਿੱਚ ਸਟਾਫ ਦੀ ਘਾਟ ਕਾਰਨ ਆ ਰਹੀ ਸਮੱਸਿਆ ਬਾਰੇ ਵੀ ਚਰਚਾ ਕੀਤੀ।
ਇਸ ਮੌਕੇ ਉਹਨਾਂ ਨਾਲ ਸੂਬਾਈ ਮੰਤਰੀ ਮੋਂਟੇ ਮੈਕਨਾਟਨ ਵੀ ਸ਼ਾਮਲ ਹੋਏ। ਫੋਰਡ ਨੇ ਨਾਲ ਹੀ ਕਿਹਾ ਕਿ ਉਹ ਸੂਬੇ ਵਿੱਚ ਵਿਦੇਸ਼ੀ ਨਰਸਾਂ ਦੀ ਪੜਾਈ ਤੇ ਤਜ਼ਰਬੇ ਨੂੰ ਮਾਨਤਾ ਦੇਣ ਲਈ ਪੂਰੀ ਤੇਜ਼ੀ ਨਾਲ ਕਦਮ ਪੁੱਟ ਰਹੀ ਹੈ।