Home ਤਾਜ਼ਾ ਖਬਰਾਂ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਨੂੰ ਪੰਜਾਬ ਦੀ ਅਲਵਿਦਾ!

ਜੇਲ੍ਹਾਂ ’ਚ ਬੰਦ ਗੈਂਗਸਟਰਾਂ ਨੂੰ ਪੰਜਾਬ ਦੀ ਅਲਵਿਦਾ!

0
ਜੇਲ੍ਹਾਂ ’ਚ ਬੰਦ ਗੈਂਗਸਟਰਾਂ ਨੂੰ ਪੰਜਾਬ ਦੀ ਅਲਵਿਦਾ!

ਕਮਲਜੀਤ ਸਿੰਘ ਬਨਵੈਤ
– ਪੰਜਾਬ ਤਾਂ ਤੇਰਾ ਗੈਂਗਲੈਂਡ ਬਣਿਆ
– ਦੱਖਣੀ ਰਾਜਾਂ ’ਚ ਤਬਦੀਲ ਹੋਣਗੇ ਪੰਜਾਬ ਦੀਆਂ ਜੇਲ੍ਹਾਂ ’ਚ ਬੰਦ ਗੈਂਗਸਟਰ

ਪਹਿਲਾਂ ਤਾਂ ਪੰਜਾਬ ਸਿਰਫ਼ ਗੀਤਾਂ ਵਿੱਚ ਹੀ ਗੈਂਗਲੈਂਡ ਬਣਿਆ ਸੀ, ਹੁਣ ਤਾਂ ਇਸ ਕੌੜੇ ਸੱਚ ਨੂੰ ਪੰਜਾਬ ਸਰਕਾਰ ਵੀ ਕਬੂਲ ਕਰਨ ਲੱਗ ਪਈ ਹੈ। ਪੰਜਾਬ ਪੁਲਿਸ ਦੇ ਮੁਖੀ ਨੇ ਜਾਰੀ ਕੀਤੇ ਅੰਕੜਿਆਂ ਵਿੱਚ ਦੱਸਿਆ ਸੀ ਕਿ 545 ਗੈਂਗਸਟਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ 515 ਫੜੇ ਜਾ ਚੁੱਕੇ ਹਨ ਅਤੇ 30 ਗੈਂਗਸਟਰ ਹਾਲੇ ਵੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਮੁਖੀ ਦੇ ਅੰਕੜੇ ਸੱਚ ਮੰਨ ਵੀ ਲਏ ਜਾਣ ਤਾਂ ਹੁਣ ਸਰਕਾਰ ਵਾਸਤੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਸੰਭਾਲਣਾ ਔਖਾ ਹੋ ਗਿਆ ਹੈ। ਗੈਂਗਸਟਰ ਜੇਲ੍ਹਾਂ ਵਿੱਚ ਬੈਠ ਕੇ ਬਾਹਰ ਆਪਣੀ ਹਕੂਮਤ ਚਲਾ ਰਹੇ ਹਨ। ਪੁਲਿਸ ਮੁਖੀ ਨੇ ਇਹ ਵੀ ਕਬੂਲ ਕੀਤਾ ਸੀ ਕਿ ਨਵੇਂ ਸਾਲ ਦੇ ਸ਼ੁਰੂ ਵਿੱਚ ਪੰਜਾਬ ਅੰਦਰ 100 ਦਿਨਾਂ ’ਚ 158 ਕਤਲ ਹੋਏ ਸਨ। ਇਨ੍ਹਾਂ ਵਿੱਚੋਂ ਵੱਡੇ ਕਤਲਾਂ ਪਿੱਛੇ ਗੈਂਗਸਟਰਾਂ ਦਾ ਹੱਥ ਦੱਸਿਆ ਗਿਆ।
ਪੰਜਾਬ ਵਿੱਚ ਗੈਂਗਸਟਰਾਂ ਦਾ ਦੌਰ ਕੋਈ ਬਹੁਤਾ ਪੁਰਾਣਾ ਨਹੀਂ। ਸਭ ਤੋਂ ਪਹਿਲਾਂ ਸੁੱਖਾ ਕਾਹਲਵਾਂ ਅਤੇ ਵਿੱਕੀ ਗੌਂਡਰ ਦਾ ਨਾਂ ਚਰਚਾ ਵਿੱਚ ਆਇਆ ਸੀ। ਉਸ ਤੋਂ ਬਾਅਦ ਤਾਂ ਜਿਵੇਂ ਗੈਂਗਸਟਰਾਂ ਦੀਆਂ ਲਾਈਨਾਂ ਲੱਗ ਗਈਆਂ, ਜਿਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਵਿੱਕੀ ਗੌਂਡਰ, ਸੇਵੇਵਾਲਾ, ਬਾਬਾ ਦਿਲਪ੍ਰੀਤ ਸਿੰਘ, ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ, ਚਰਨਜੀਤ ਸਿੰਘ ਉਰਫ ਬੀਹਲਾ, ਲਖਬੀਰ ਸਿੰਘ ਉਰਫ ਲੰਡਾ, ਰਮਨਦੀਪ ਸਿੰਘ ਉਰਫ ਰਮਨ ਜੱਜ, ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਅਤੇ ਗੁਰਪਿੰਦਰ ਸਿੰਘ ਉਰਫ ਬਾਬਾ ਡੱਲਾ ਸਮੇਤ ਗੋਲਡੀ ਬਰਾੜ ਦੇ ਨਾਂ ਲਏ ਜਾ ਸਕਦੇ ਹਨ। ਹੈਰਾਨੀ ਦੀ ਗੱਲ ਇਹ ਕਿ ਗੈਂਗਸਟਰਾਂ ਨੇ ਆਪਣੀ ਆਨਲਾਈਨ ਭਰਤੀ ਖੋਲ੍ਹੀ ਹੋਈ ਹੈ ਅਤੇ ਪੰਜਾਬ ਦੇ ਵੱਡੀ ਗਿਣਤੀ ਨੌਜਵਾਨ ਇਨ੍ਹਾਂ ਨੂੰ ਫੌਲੋ ਕਰ ਰਹੇ ਹਨ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ 6 ਮਹੀਨੇ ਪਹਿਲਾਂ ਹੋਏ ਕਤਲ ਤੋਂ ਬਾਅਦ ਗੈਂਗਸਟਰਾਂ ਦੇ ਗਰੁੱਪਾਂ ਨੇ ਸ਼ਰੇ੍ਹਆਮ ਅਪਰਾਧਕ ਘਟਨਾਵਾਂ ਨੂੰ ਅੰਜਾਮ ਦੇਣਾ ਸ਼ੁਰੂ ਹੀ ਨਹੀਂ ਕੀਤਾ, ਸਗੋਂ ਜ਼ਿੰਮੇਵਾਰੀ ਵੀ ਲੈਣ ਲੱਗ ਪਏ। ਗੱਲ ਫਿਰੌਤੀਆਂ ਮੰਗਣ ਤੱਕ ਪੁੱਜ ਗਈ ਹੈ।
ਪਹਿਲਾਂ ਪਹਿਲ ਸਿਆਸੀ ਲੀਡਰ ਨੌਜਵਾਨਾਂ ਨੂੰ ਉਤਸ਼ਾਹਿਤ ਕਰਕੇ ਆਪਣੇ ਹਿੱਤਾਂ ਲਈ ਵਰਤਦੇ ਰਹੇ ਹਨ ਅਤੇ ਬਾਅਦ ਵਿੱਚ ਇਹ ਇਨ੍ਹਾਂ ਦੇ ਹੱਥੋਂ ਨਿਕਲ ਗਏ। ਪੰਜਾਬ ਦੀਆਂ ਦੋਵੇਂ ਰਵਾਇਤੀ ਸਿਆਸੀ ਪਾਰਟੀਆਂ ਦੇ ਲੀਡਰ ਇਨ੍ਹਾਂ ਤੋਹਮਤਾਂ ਤੋਂ ਬਚ ਨਹੀਂ ਸਕੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਗੈਂਗਸਟਰਾਂ ਦਾ ਦਬਦਬਾ ਦੇਖ ਕੇ ਤ੍ਰਬਕ ਗਈ ਹੈ। ਕੇਂਦਰ ਸਰਕਾਰ ਵੀ ਸਰਹੱਦੀ ਸੂਬੇ ਪੰਜਾਬ ਸਮੇਤ ਦੂਜੇ ਰਾਜਾਂ ਵਿੱਚ ਵਧ ਰਹੀਆਂ ਗੈਂਗਸਟਰਾਂ ਦੀਆਂ ਗਤੀਵਿਧੀਆਂ ਕਰਕੇ ਚਿੰਤਾ ਵਿੱਚ ਪੈ ਗਈ ਹੈ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਨੇ ਉੱਤਰੀ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦਾ ਨੈਟਵਰਕ ਤੋੜਨ ਲਈ ਇਨ੍ਹਾਂ ਨੂੰ ਦੱਖਣੀ ਰਾਜਾਂ ਦੀਆਂ ਜੇਲ੍ਹਾਂ ਵਿੱਚ ਸ਼ਿਫ਼ਟ ਕਰਨ ਦੀ ਯੋਜਨਾ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਪੰਜਾਬ ਸਮੇਤ ਉੱਤਰੀ ਭਾਰਤ ਦੇ ਦੂਜੇ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ 25 ਗੈਂਗਸਟਰਾਂ ਨੂੰ ਦੱਖਣੀ ਭਾਰਤ ਦੀਆਂ ਜੇਲ੍ਹਾਂ ਵਿੱਚ ਬਦਲਣ ਦੀ ਸਲਾਹ ਦਿੱਤੀ ਸੀ। ਸੂਤਰਾਂ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਖਾਸ ਤੌਰ ’ਤੇ ਪੰਜਾਬ ਦੇ ਨਾਲ ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੀਆਂ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੂੰ ਵੀ ਨਾਲ ਹੀ ਸ਼ਿਫ਼ਟ ਕਰ ਦਿੱਤਾ ਜਾਵੇਗਾ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਵੱਲੋਂ ਖੂੰਖਾਰ ਗੈਂਗਸਟਰਾਂ ਵਾਸਤੇ ਇੱਕ ਸਾਂਝੀ ਹਾਈ ਸਿਕਿਉਰਿਟੀ ਜੇਲ੍ਹ ਬਣਾਉਣ ਦੀ ਯੋਜਨਾ ’ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਕੇਂਦਰ ਅਤੇ ਐਨਆਈਏ ਦੇ ਏਜੰਡੇ ’ਤੇ ਸਭ ਤੋਂ ਪਹਿਲਾਂ ਗੈਂਗਸਟਰਾਂ ਦਾ ਵਿਦੇਸ਼ੀ ਨੈਟਵਰਕ ਨੂੰ ਤੋੜਨਾ ਹੈ।
ਐਨਆਈਏ ਦਾ ਦਾਅਵਾ ਹੈ ਕਿ ਦੱਖਣੀ ਰਾਜਾਂ ਦੀਆਂ ਜੇਲ੍ਹਾਂ ਵਿੱਚ ਬੰਦ ਕੀਤੇ ਜਾਣ ਵਾਲੇ ਗੈਂਗਸਟਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਚੁੱਕੀਆਂ ਹਨ ਅਤੇ ਅੰਤਮ ਪ੍ਰਵਾਨਗੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਵੇਗੀ। ਐਨਆਈਏ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਉੱਤਰੀ ਰਾਜਾਂ ਦੀਆਂ ਜੇਲ੍ਹਾਂ ਵਿੱਚੋਂ ਦੱਖਣ ਦੀਆਂ ਜੇਲ੍ਹਾਂ ਵਿੱਚ ਭੇਜੇ ਜਾਣ ਵਾਲੇ ਗੈਂਗਸਟਰਾਂ ਵਾਸਤੇ ਗਤੀਵਿਧੀਆਂ ਚਲਾਉਣ ਵਿੱਚ ਉੱਥੋਂ ਦੀ ਭਾਸ਼ਾ ਵੱਡਾ ਅੜਿੱਕਾ ਬਣੇਗੀ। ਦੂਸਰਾ ਇਹ ਕਿ ਇਨ੍ਹਾਂ ਗੈਂਗਸਟਰਾਂ ਵਾਸਤੇ ਨਵੀਂਆਂ ਜੇਲ੍ਹਾਂ ਵਿੱਚ ਜਾ ਕੇ ਮੁੜ ਤੋਂ ਆਪਣਾ ਨੈਟਵਰਕ ਕਾਇਮ ਕਰਨਾ ਆਸਾਨ ਨਹੀਂ ਹੋਵੇਗਾ। ਸਰਕਾਰ ਕੋਲ ਅਜਿਹੀਆਂ ਸ਼ਿਕਾਇਤਾਂ ਦਾ ਭੰਡਾਰ ਹੈ, ਜਿਸ ਵਿੱਚ ਜੇਲ੍ਹ ਅਧਿਕਾਰੀਆਂ ਅਤੇ ਗੈਂਗਸਟਰਾਂ ਦੇ ਆਪਸ ਵਿੱਚ ਰਲ਼ਣ ਦੀ ਸੂਚਨਾ ਹੈ। ਪੰਜਾਬ ਸਮੇਤ ਕਈ ਰਾਜਾਂ ਵਿੱਚ ਜੇਲ੍ਹ ਅਧਿਕਾਰੀ ਇਨ੍ਹਾਂ ਦੋੋਸ਼ਾਂ ਵਿੱਚ ਨੱਪੇ ਵੀ ਜਾ ਚੁੱਕੇ ਹਨ। ਜੇਲ੍ਹਾਂ ਅੰਦਰ ਬੰਦ ਕੈਦੀਆਂ ’ਤੇ ਕਾਬੂ ਪਾ ਲਿਆ ਜਾਵੇ ਤਾਂ ਇਨ੍ਹਾਂ ਦੀਆਂ ਬਾਹਰ ਦੀਆਂ ਗਤੀਵਿਧੀਆਂ ਆਪੇ ਬੰਦ ਹੋ ਜਾਣਗੀਆਂ। ਉਂਝ 25 ਖੂੰਖਾਰ ਗੈਂਗਸਟਰਾਂ ਨੂੰ ਦੱਖਣ ਦੀਆਂ ਜੇਲ੍ਹਾਂ ਵਿੱਚ ਬਦਲਣ ਦੀ ਤਿਆਰੀ ਸ਼ੁਰੂ ਹੋ ਗਈ ਹੈ।
ਪੰਜਾਬ ਸਰਕਾਰ ਦੀ ਸੂਬੇ ਵਿੱਚ ਇੱਕ ਹਾਈ ਸਿਕਉਰਟੀ ਜੇਲ੍ਹ ਬਣਾਉਣ ਦੀ ਤਜਵੀਜ਼ ’ਤੇ ਵੀ ਕੰਮ ਹੋਣ ਲੱਗਾ ਹੈ। ਨਵੀਂ ਜੇਲ੍ਹ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਇੱਕ ਮੀਟਿੰਗ ਹੋ ਚੁੱਕੀ ਹੈ। ਇਸ ਜੇਲ੍ਹ ਵਿੱਚ ਵੱਖ-ਵੱਖ ਤਰ੍ਹਾਂ ਦੇ ਅਪਰਾਧੀਆਂ ਲਈ ਵੱਖੋ-ਵੱਖਰੇ ਸੈੱਲ ਹੋਣਗੇ। ਗੈਂਗਸਟਰਾਂ ਦੀ ਜੇਲ੍ਹਾਂ ਵਿੱਚ ਆਪਸੀ ਮੁਲਾਕਾਤ ਦਾ ਨੈਟਵਰਕ ਤੋੜਿਆ ਜਾਵੇਗਾ। ਗੈਂਗਸਟਰਾਂ ਦਾ ਨੈਟਵਰਕ ਤੋੜਨ ਲਈ ਪੰਜਾਬ ਵਿੱਚ ਦਿੱਲੀ ਮਾਡਲ ਨਹੀਂ, ਸਗੋਂ ਯੂਪੀ ਮਾਡਲ ਅਪਣਾਉਣ ਦੀ ਲੋੜ ਹੈ। ਯੂਪੀ, ਜਿਹੜਾ ਕਿ ਕਿਸੇ ਵੇਲੇ ਗੈਂਗਲੈਂਡ ਬਣਿਆ ਹੋਇਆ ਸੀ, ਅੱਜ ਉੱਥੇ ਅਪਰਾਧ ਤਾਂ ਹੈ, ਪਰ ਗੈਂਗਸਟਰਾਂ ਦੀ ਹਕੂਮਤ ਨਹੀਂ ਚਲਦੀ।
ਫੋਨ ਨੰਬਰ : 98147-34035