ਵਿਸ਼ਵ ਭਰ ’ਚ ਚੱਲ ਰਿਹਾ ਅੰਗ ਵੇਚਣ ਦਾ ਗੋਰਖ ਧੰਦਾ

ਡਾਕਟਰੀ ਦੇ ਪਵਿੱਤਰ ਪ੍ਰੈਫਸ਼ਨ ਨੂੰ ਬਦਨਾਮ ਕਰ ਰਹੇ ਨੇ ਮੁੱਠੀ ਭਰ ਲੋਕ
ਅੰਗਾਂ ਦੇ ਵਪਾਰ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ
ਮਰੀਜ਼ਾਂ ਲਈ ਵਰਦਾਨ ਬਣਿਆ ‘ਆਰਗਨ ਟਰਾਂਸਪਲਾਂਟ’
ਅੰਗ ਨਾ ਮਿਲਣ ਕਰਕੇ ਹਰ ਰੋਜ਼ ਹੁੰਦੀਆਂ ਨੇ 17 ਮੌਤਾਂ
ਚੰਡੀਗੜ੍ਹ, 11 ਨਵੰਬਰ (ਕਮਲਜੀਤ ਸਿੰਘ ਬਨਵੈਤ) :
ਡਾਕਟਰ ਰੱਬ ਦਾ ਦੂਜਾ ਰੂਪ ਸਮਝੇ ਜਾਂਦੇ ਹਨ। ਅਜਿਹੇ ਡਾਕਟਰਾਂ ਦੇ ਹੱਥਾਂ ਨੂੰ ਰੱਬ ਦੀਆਂ ਸੌ-ਸੌ ਬਖਸ਼ਿਸਾਂ ਜਿਹੜੇ ਇਸ ਪਵਿੱਤਰ ਕਿੱਤੇ ਨੂੰ ਧਰਮ ਦੀ ਤਰ੍ਹਾਂ ਪਰਨਾਏ ਹੋਏ ਹਨ। ਇਨ੍ਹਾਂ ਵੱਲੋਂ ਆਰਗਨ ਟਰਾਂਸਪਲਾਂਟ ਰਾਹੀਂ ਲੱਖਾਂ ਮਰੀਜ਼ਾਂ ਦੀ ਜਾਨ ਬਚਾਈ ਜਾ ਰਹੀ ਹੈ, ਪਰ ਕਈ ਲਾਲਚੀ ਡਾਕਟਰਾਂ ਨੇ ਇਸ ਪਵਿੱਤਰ ਪ੍ਰੋਫੈਸ਼ਨ ਨੂੰ ਬਦਨਾਮ ਕਰਨ ਦੀ ਗੁਸਤਾਖ਼ੀ ਵੀ ਕੀਤੀ ਹੈ। ਇਹੋ ਜਿਹੇ ਡਾਕਟਰ ਗ਼ੈਰ-ਕਾਨੂੰਨੀ ਢੰਗ ਨਾਲ ਅੰਗ ਵੇਚਣ ਦਾ ਧੰਦਾ ਕਰ ਰਹੇ ਨੇ। ਇਹ ਵਰਤਾਰਾ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਵਿਦੇਸ਼ਾਂ ਤੱਕ ਚੱਲ ਰਿਹਾ ਹੈ। ਸੋ ਕਿਵੇਂ ਵੇਚੇ ਜਾ ਰਹੇ ਨੇ ਮਨੁੱਖੀ ਅੰਗ ਤੇ ਆਰਗਨ ਟਰਾਂਸਪਲਾਂਟ ਨਾਲ ਕਿਵੇਂ ਬਚਾਈ ਜਾ ਸਕਦੀ ਐ ਕਿਸੇ ਮਰੀਜ਼ ਦੀ ਜਾਨ? ਵੇਖੋ ਸਾਡੀ ਇਹ ਖਾਸ ਰਿਪੋਰਟ..
ਮੈਡੀਕਲ ਖੇਤਰ ਦੀਆਂ ਪ੍ਰਾਪਤੀਆਂ ਨੇ ਜਿੱਥੇ ਆਮ ਲੋਕਾਂ ਦੀ ਡਾਕਟਰਾਂ ਪ੍ਰਤੀ ਸ਼ਰਧਾ ਵਿੱਚ ਵਾਧਾ ਕੀਤਾ ਹੈ, ਉੱਥੇ ਗੰਭੀਰ ਬਿਮਾਰੀਆਂ ਨੂੰ ਟੱਕਰ ਵੀ ਦਿੱਤੀ ਹੈ। ਇਸ ਕਥਨ ਵਿੱਚ ਅਤਿ ਕਥਨੀ ਨਹੀਂ ਲੱਗਦੀ ਕਿ ਡਾਕਟਰ ਮਨੁੱਖਾਂ ਨੂੰ ਇੱਕ ਨਵੀਂ ਜ਼ਿੰਦਗੀ ਦਾ ਤੋਹਫ਼ਾ ਦੇਣ ਲੱਗੇ ਹਨ। ਡਾਕਟਰੀ ਭਾਸ਼ਾ ਵਿੱਚ ਇਸ ਨੂੰ ‘ਆਰਗਨ ਟਰਾਂਸਪਲਾਂਟ’ ਭਾਵ ਕਿਸੇ ਮਰੀਜ਼ ਦੇ ਸਰੀਰ ਵਿੱਚ ਅੰਗ ਫਿੱਟ ਕਰਨਾ, ਕਿਹਾ ਜਾਣ ਲੱਗਾ ਹੈ। ਡਾਕਟਰੀ ਰਿਪੋਰਟਾਂ ਅਨੁਸਾਰ ਆਰਗਨ ਟਰਾਂਸਪਲਾਂਟ ਦੇ ਕੇਸਾਂ ਦੀ ਦਰ 85 ਫੀਸਦੀ ਐ, ਜਿਹੜੀ ਕਿ ਸੰਤੁਸ਼ਟੀ ਦੇ ਨਾਲ-ਨਾਲ ਫਖ਼ਰ ਦੀ ਵੀ ਗੱਲ ਹੈ।
ਮਨੁੱਖ ਦੀ ਬਦਕਿਸਮਤੀ ਇਹ ਕਿ ਆਰਗਨ ਟਰਾਂਸਪਲਾਂਟ ਜਾਂ ਆਰਗਨ ਡੁਨੇਸ਼ਨ ਨੂੰ ਹਾਲੇ ਭਰਵਾਂ ਹੂੰਗਾਰਾ ਨਹੀਂ ਮਿਲਣ ਲੱਗਾ ਹੈ। ਆਮ ਲੋਕ ਵਹਿਮਾਂ-ਭਰਮਾਂ ਵਿੱਚ ਫਸ ਕੇ ਅਜਿਹੇ ਪੁੰਨ ਦੇ ਫ਼ੈਸਲੇ ਲੈਣ ਲਈ ਤਿਆਰ ਨਹੀਂ ਹਨ। ਹਾਲਾਂਕਿ ਡਾਕਟਰਾਂ ਦੀ ਕਾਬਲੀਅਤ ’ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਇਹੋ ਵਜ੍ਹਾ ਹੈ ਕਿ ਅੱਜ ਮੁਲਕ ਭਰ ਵਿੱਚ 1 ਲੱਖ 17 ਹਜ਼ਾਰ 380 ਲੋਕ ਟਰਾਂਸਪਲਾਂਟ ਦੀ ਉਡੀਕ ਕਰ ਰਹੇ ਹਨ। ਡਾਕਟਰਾਂ ਦਾ ਦਾਅਵਾ ਹੈ ਕਿ ਇੱਕ ਬਰੇਨ ਡੈੱਡ ਵਿਅਕਤੀ 8 ਮਰੀਜ਼ਾਂ ਦੀ ਜਾਨ ਬਚਾਅ ਸਕਦਾ ਹੈ। ਸਿਤਮ ਦੀ ਗੱਲ ਇਹ ਹੈ ਕਿ ਹਰ 10 ਮਿੰਟਾਂ ਬਾਅਦ ਇੱਕ ਨਵਾਂ ਮਰੀਜ਼ ਟਰਾਂਸਪਲਾਂਟ ਦੀ ਸੂਚੀ ਵਿੱਚ ਜੁੜ ਰਿਹਾ ਹੈ। ਉਂਝ ਤਸੱਲੀ ਦੀ ਗੱਲ ਇਹ ਕਿ ਸਾਲ 2021 ਦੌਰਾਨ 40 ਹਜ਼ਾਰ ਮਰੀਜ਼ਾਂ ਦੀ ਜਾਨ ਉਨ੍ਹਾਂ ਦੇ ਸਰੀਰ ਵਿੱਚ ਤੰਦਰੁਸਤ ਅੰਗ ਫਿੱਟ ਕਰਕੇ ਬਚਾਈ ਗਈ ਹੈ।
ਅੰਗ ਦਾਨ ਜਾਂ ਆਰਗਨ ਟਰਾਂਸਪਲਾਂਟ ਦਾ ਸਰਲ ਭਾਸ਼ਾ ਵਿੱਚ ਅਰਥ ਇਹ ਹੈ ਕਿ ਤੰਦੁਰਸਤ ਵਿਅਕਤੀ ਦੇ ਸਰੀਰ ਵਿੱਚੋਂ ਅੰਗ ਲੈ ਕੇ ਦੂਜੇ ਮਰੀਜ਼ ਦੇ ਖਰਾਬ ਹੋ ਚੁੱਕੇ ਅੰਗ ਦੀ ਥਾਂ ਫਿੱਟ ਕਰਕੇ ਜਾਨ ਬਚਾਅ ਲਈ ਜਾਂਦੀ ਹੈ। ਬਰੇਨ ਡੈੱਡ ਮਰੀਜ਼ ਭਾਵ ਕਿਸੇ ਵਿਅਕਤੀ ਦੀ ਮੌਤ ਤੋਂ ਪਹਿਲਾਂ ਦੀ ਹਾਲਤ ਦੌਰਾਨ ਹੀ ਅੰਗ ਦਾਨ ਕੀਤਾ ਜਾ ਸਕਦਾ ਹੈ। ਉਂਝ ਜਿਉਂਦੇ ਜੀਅ ਕੋਈ ਵੀ ਵਿਅਕਤੀ ਅੰਗ ਦਾਨ ਦੀ ਇੱਛਾ ਜ਼ਾਹਰ ਕਰ ਸਕਦਾ ਹੈ। ਮੈਡੀਕਲ ਵਿਦਿਆਰਥੀਆਂ ਦੇ ਸਿੱਖਣ ਲਈ ਜਿਉਂਦੇ ਜੀਅ ਸਰੀਰ ਦਾਨ ਫਾਰਮ ਭਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਹੁਣ ਤੱਕ ਜਿਗਰ, ਗੁਰਦੇ, ਫੇਫੜੇ, ਦਿਲ, ਪੈਂਕਰੀਆਜ਼, ਅੰਤੜੀ ਅਤੇ ਚਮੜੀ ਦਾ ਅੰਗ ਦਾਨ ਬਹੁਤਾ ਗੁੰਝਲਦਾਰ ਕੰਮ ਨਹੀਂ ਰਿਹਾ। ਡਾਕਟਰ ਆਰਗਨ ਟਰਾਂਸਪਲਾਂਟ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਦਾਨੀ ਅਤੇ ਮਰੀਜ਼ ਦੇ ਖੂਨ, ਟਿਸ਼ੂ, ਅੰਗ ਦਾ ਆਕਾਰ ਆਦਿ ਦਾ ਮੇਲ ਕਰਦੇ ਹਨ। ਮਰੀਜ਼ ਦੀ ਲੋੜ ਅਤੇ ਭੂਗੋਲਿਕ ਦੂਰੀ ਨੂੰ ਵੀ ਫ਼ੈਸਲਾ ਲੈਣ ਵੇਲੇ ਸਾਹਮਣੇ ਰੱਖਿਆ ਜਾਂਦਾ ਹੈ। ਕੈਂਸਰ, ਐਚਆਈਵੀ, ਸ਼ੂਗਰ ਅਤੇ ਦਿਲ ਦੇ ਮਰੀਜ਼ਾਂ ਨੂੰ ਅੰਗ ਦਾਨ ਕਰਨ ਦੀ ਮਨਾਹੀ ਹੁੰਦੀ ਹੈ।
ਸੰਤੋਖ਼ ਦੀ ਗੱਲ ਇਹ ਕਿ ਮੁਲਕ ਭਰ ਵਿੱਚ ਹੁਣ ਤੱਕ 2 ਲੱਖ ਮਰੀਜ਼ਾਂ ਦਾ ਜਿਗਰ, 50 ਹਜ਼ਾਰ ਮਰੀਜ਼ਾਂ ਦਾ ਦਿਲ, ਡੇਢ ਲੱਖ ਮਰੀਜ਼ਾਂ ਦੇ ਗੁਰਦੇ ਅਤੇ ਲੱਖਾਂ ਮਰੀਜ਼ਾਂ ਨੂੰ ਤੰਦੁਰਸਤ ਅੱਖਾਂ ਦਾ ਤੋਹਫ਼ਾ ਦਿੱਤਾ ਜਾ ਚੁੱਕਾ ਹੈ। ਜਿਗਰ ਇੱਕੋ ਇੱਕ ਅਜਿਹਾ ਅੰਗ ਹੈ, ਜਿਹੜਾ ਕੋਈ ਵੀ ਮਨੁੱਖ ਜਿਉਂਦੇ ਜੀਅ ਦਾਨ ਕਰ ਸਕਦਾ ਹੈ। ਇਹ ਸਰੀਰ ਦਾ ਉਹ ਅੰਗ ਹੈ, ਜਿਹੜਾ ਕਿਸੇ ਪੌਦੇ ਦੀ ਤਰ੍ਹਾਂ ਮੁੜ ਤੋਂ ਉਗ ਪੈਂਦਾ ਹੈ।
ਪੀਜੀਆਈ ਚੰਡੀਗੜ੍ਹ ਆਰਗਨ ਟਰਾਂਸਪਲਾਂਟ ਦੇ ਖੇਤਰ ਵਿੱਚ ਦੇਸ਼ ਭਰ ਦੇ ਮੋਹਰੀ ਹਸਪਤਾਲਾਂ ਵਿੱਚੋਂ ਮੰਨਿਆ ਜਾਂਦਾ ਹੈ। ਇੱਥੇ ਹੁਣ ਤੱਕ 6375 ਮਰੀਜ਼ਾਂ ਦੇ ਅੱਖਾਂ ਦੇ ਡੇਲੇ, 4469 ਮਰੀਜ਼ਾਂ ਦੇ ਗੁਰਦੇ, 499 ਦਾ ਪੈਂਕਰੀਆਜ਼ ਅਤੇ 7 ਦਾ ਦਿਲ ਬਦਲਿਆ ਜਾ ਚੁੱਕਾ ਹੈ। ਪੀਜੀਆਈ ਵਿੱਚ ਆਰਗਨ ਟਰਾਂਸਪਲਾਂਟ ਦੀ ਦਰ ਕੌਮੀ ਦਰ ਤੋਂ ਘੱਟ ਨਹੀਂ ਹੈ। ਪੀਜੀਆਈ ਵਿੱਚ ਅੱਖਾਂ ਦੀ ਉਡੀਕ ਕਰ ਰਹੇ ਮਰੀਜ਼ਾਂ ਦੀ ਗਿਣਤੀ 5480, ਪੈਂਕਰੀਆਜ਼ ਦੀ ਇੰਤਜ਼ਾਰ ਵਿੱਚ 40, ਜਿਗਰ ਦੀ ਉਡੀਕ ਵਿੱਚ 120 ਅਤੇ ਗੁਰਦੇ ਦੀ ਉਡੀਕ ਕਰਨ ਵਾਲੇ ਵੱਡੀ ਗਿਣਤੀ ਮਰੀਜ਼ ਲਾਈਨ ਵਿੱਚ ਲੱਗੇ ਹੋਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਲੀਵਰ ਦੇ ਮਰੀਜ਼ਾਂ ਦੀ ਉਡੀਕ 50 ਫੀਸਦੀ ਰਹਿ ਗਈ ਹੈ। ਇਸ ਤੋਂ ਬਿਨਾਂ 1800 ਲੋਕਾਂ ਵੱਲੋਂ ਜਿਉਂਦੇ ਜੀਅ ਸਰੀਰ ਦਾਨ ਕਰਨ ਦਾ ਫ਼ਾਰਮ ਭਰਿਆ ਜਾ ਚੁੱਕਾ ਹੈ।
ਪੀਜੀਆਈ ਸਮੇਤ ਮੁਲਕ ਦੇ ਦੂਜੇ ਸਰਕਾਰੀ ਹਸਪਤਾਲਾਂ ਵਿੱਚ ਅੰਗ ਟਰਾਂਸਪਲਾਂਟ ਕਰਵਾਉਣ ’ਤੇ 7 ਤੋਂ ਲੈ ਕੇ 15 ਲੱਖ ਤੱਕ ਖਰਚਾ ਆ ਜਾਂਦਾ ਹੈ। ਜਦਕਿ ਪ੍ਰਾਈਵੇਟ ਹਸਪਤਾਲਾਂ ਦਾ ਬਿਲ 50 ਲੱਖ ਤੋਂ ਵੱਧ ਦੱਸਿਆ ਗਿਆ ਹੈ। ਆਰਗਨ ਟਰਾਂਸਪਲਾਂਟ ਦੀ ਸਫ਼ਲਤਾ ਦਰ ਚਾਹੇ ਸੱਤ-ਪ੍ਰਤੀਸ਼ਤ ਦੇ ਨੇੜੇ ਦੱਸੀ ਜਾਂਦੀ ਹੈ, ਪਰ ਇਹ ਸਾਰਾ ਕੁਝ ਇੰਨਾ ਆਸਾਨ ਨਹੀਂ ਹੈ। ਅਪ੍ਰੇਸ਼ਨ ਤੋਂ ਬਾਅਦ ਮਰੀਜ਼ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵੱਡੀ ਗਿਣਤੀ ਮਰੀਜ਼ ਵਿੱਤੀ ਬੋਝ ਝੱਲਣ ਦੇ ਅਸਮਰੱਥ ਹੁੰਦੇ ਹਨ।
ਬਹੁਤੀ ਵਾਰ ਹਸਪਤਾਲਾਂ ਦੀ ਇਸ ਜਾਦੂਮਈ ਸਫ਼ਲਤਾ ’ਤੇ ਉਦੋਂ ਸਵਾਲੀਆ ਚਿੰਨ੍ਹ ਲੱਗ ਜਾਂਦੇ ਹਨ, ਜਦੋਂ ਪ੍ਰਾਈਵੇਟ ਡਾਕਟਰਾਂ ’ਤੇ ਗ਼ੈਰ-ਕਾਨੂੰਨੀ ਤੌਰ ’ਤੇ ਅੰਗਾਂ ਦਾ ਵਪਾਰ ਕਰਨ ਦਾ ਦੋਸ਼ ਲੱਗ ਜਾਂਦਾ ਹੈ। ਪੰਜਾਬ ਸਮੇਤ ਭਾਰਤ ਵਿੱਚ ਕਈ ਵਿਚਾਰੇ ਅਜਿਹੇ ਲੋਕ ਵੀ ਹਨ, ਜਿਹੜੇ ਦੋ ਡੰਗ ਦੀ ਰੋਟੀ ਦੀ ਭੁੱਖ ਨੂੰ ਪੂਰਾ ਕਰਨ ਲਈ ਆਪਣੇ ਅੰਗ ਦਾਨ ਕਰਨ ਲਈ ਮਜਬੂਰ ਹੁੰਦੇ ਹਨ, ਪਰ ਪ੍ਰਾਈਵੇਟ ਹਸਪਤਾਲ ਜਾਂ ਤਾਂ ਮਰੀਜ਼ਾਂ ਦਾ ਸ਼ੋਸ਼ਣ ਕਰਦੇ ਹਨ ਜਾਂ ਖੀਸੇ ਭਰਨ ਦੀ ਲਾਲਸਾ ਹੁੰਦੀ ਹੈ।
ਵਿਸ਼ਵ ਸਿਹਤ ਸੰਸਥਾ ਗ਼ੈਰ-ਕਾਨੂੰਨੀ ਤੌਰ ’ਤੇ ਅੰਗਾਂ ਦੇ ਵਪਾਰ ਨੂੰ ਰੋਕਣ ਲਈ ਸਖ਼ਤ ਰੁਖ਼ ਅਖਤਿਆਰ ਕਰ ਰਹੀ ਹੈ। ਸੰਸਥਾ ਵੱਲੋਂ 1987 ਵਿੱਚ ਅੰਗ ਵੇਚਣ ਨੂੰ ਪਹਿਲੀ ਵਾਰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਗੁਰਦੇ ਵੇਚਣ ਦਾ ਕਾਲਾ ਧੰਦਾ ਸਭ ਤੋਂ ਵੱਧ ਪ੍ਰਚੱਲਿਤ ਹੈ। ਵਿਸ਼ਵ ਭਰ ਵਿੱਚ ਹਰ ਸਾਲ 10 ਹਜ਼ਾਰ ਗੁਰਦੇ ਗੈਰ-ਕਾਨੂੰਨੀ ਢੰਗ ਨਾਲ ਵੇਚੇ ਜਾਂਦੇ ਹਨ। ਸਾਲ 2015 ਤੋਂ 2020 ਤੱਕ ਭਾਰਤ ਵਿੱਚ ਗ਼ੈਰ-ਕਾਨੂੰਨੀ ਢੰਗ ਨਾਲ 651 ਗੁਰਦੇ ਟਰਾਂਸਪਲਾਂਟ ਕੀਤੇ ਗਏ ਸਨ। ਈਰਾਨ ਨੂੰ ਛੱਡ ਕੇ ਲਗਭਗ ਪੂਰੇ ਵਿਸ਼ਵ ਦੇ ਦੇਸ਼ਾਂ ਵਿੱਚ ਅੰਗਾਂ ਦੀ ਵਿਕਰੀ ਅਤੇ ਖਰੀਦ ’ਤੇ ਪਾਬੰਦੀ ਹੈ। ਮੈਕਸੀਕੋ ਵਿੱਚ ਅੰਗਾਂ ਦੇ ਵਪਾਰ ਦਾ ਸਭ ਤੋਂ ਵੱਡਾ ਕਾਰੋਬਾਰ ਹੈ। ਉੱਥੇ ਵੀ ਸਭ ਤੋਂ ਵੱਧ ਗੁਰਦੇ ਵੇਚੇ ਜਾਂਦੇ ਹਨ। ਗੁਰਦੇ ਵੇਚਣ ਦਾ ਕਾਰੋਬਾਰ ਸਭ ਤੋਂ ਪਹਿਲਾਂ ਫਿਲੀਪੀਨਸ, ਮਿਸਰ ਅਤੇ ਚੀਨ ਵਿੱਚ 1980 ਵਿੱਚ ਸ਼ੁਰੂ ਹੋਇਆ ਸੀ।
ਆਮ ਕਰਕੇ ਦਿਲ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਅਹਿਮ ਅੰਗ ਮੰਨਿਆ ਜਾ ਰਿਹਾ ਹੈ, ਪਰ ਡਾਕਟਰ ਦਿਮਾਗ ਨੂੰ ਸਭ ਤੋਂ ਮਹੱਤਵਪੂਰਨ ਅੰਗ ਦੱਸਦੇ ਹਨ। ਦਿਮਾਗ ਮਨੁੱਖੀ ਸਰੀਰ ਨੂੰ 325 ਮੀਲ ਦੀ ਰਫ਼ਤਾਰ ਨਾਲ ਸੁਨੇਹਾ ਭੇਜਦਾ ਹੈ। ਮੈਡੀਕਲ ਖੇਤਰ ਨੇ ਅਣਗਿਣਤ ਪ੍ਰਾਪਤੀਆਂ ਕੀਤੀਆਂ ਹਨ। ਭਾਰਤੀ ਡਾਕਟਰਾਂ ਦੀ ਵਿਦੇਸ਼ਾਂ ਵਿੱਚ ਵੀ ਪੈਂਠ ਹੈ, ਪਰ ਕਈ ਲਾਲਚੀ ਡਾਕਟਰਾਂ ਨੇ ਇਸ ਪਵਿੱਤਰ ਪ੍ਰੋਫੈਸ਼ਨ ਨੂੰ ਬਦਨਾਮ ਕਰਨ ਦੀ ਗੁਸਤਾਖ਼ੀ ਵੀ ਕੀਤੀ ਹੈ। ਅਕਲ ਦੀ ਸਹੀ ਵਰਤੋਂ ਨੇ ਮਨੁੱਖ ਨੂੰ ਚੰਨ ਤੱਕ ਪਹੁੰਚਾ ਦਿੱਤਾ ਹੈ। ਜੇ ਇਸ ਦੀਆਂ ਲਗਾਮਾਂ ਖੁੱਲ੍ਹੀਆਂ ਛੱਡ ਦਿੱਤੀਆਂ ਜਾਣ ਤਾਂ ਇਹ ਕਿਸ ਹੱਦ ਤੱਕ ਮਾਰੂ ਹੋ ਸਕਦਾ ਹੈ, ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਹੈ।
ਵਿਸ਼ਵ ਸਿਹਤ ਸੰਸਥਾ ਵੱਲੋਂ 1987 ਵਿੱਚ ਅੰਗ ਵੇਚਣ ਨੂੰ ਪਹਿਲੀ ਵਾਰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਹਾਲਾਂਕਿ ਸੰਸਥਾ ਪਹਿਲਾਂ ਹੀ ਗ਼ੈਰ-ਕਾਨੂੰਨੀ ਤੌਰ ’ਤੇ ਅੰਗਾਂ ਦੇ ਵਪਾਰ ਨੂੰ ਰੋਕਣ ਲਈ ਸਖ਼ਤ ਰੁਖ਼ ਅਖਤਿਆਰ ਕਰ ਰਹੀ ਹੈ, ਪਰ ਇਸ ਗੋਰਖ ਧੰਦੇ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਲੋੜ ਐ।

Video Ad
Video Ad