ਨਵੀਂ ਦਿੱਲੀ, 12 ਮਾਰਚ, ਹ.ਬ. : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਰਥਿਕ ਵਰਗ ਨਾਲ ਕਮਜ਼ੋਰ ਲੋਕਾਂ ਦੇ ਲਈ ਸਭ ਤੋਂ ਸਸਤੀ ਐਮਆਰਆਈ ਅਤੇ ਸੀਟੀ ਸਕੈਨ ਟੈਸਟ ਦੀ ਸਹੂਲਤ ਸ਼ੁਰੂ ਕੀਤੀ। ਪ੍ਰਾਈਵੇਟ ਡਾਇਗਨੋਸਟਿਕ ਸੈਂਟਰਾਂ ਵਿਚ ਐਮਆਰਆਈ ਅਤੇ ਸੀਟੀ ਸਕੈਨ ਟੈਸਟ ਦਾ ਖ਼ਰਚ ਕਰੀਬ 5 ਤੋਂ 7 ਹਜ਼ਾਰ ਰੁਪਏ ਤੱਕ ਆਉਂਦਾ ਹੈ। ਜਿਸ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਣੇ ਡਾਇਗਨੋਸਟਿਕ ਸੈਂਟਰ ਵਿਚ ਸਿਰਫ 50 ਰੁਪਏ ਵਿਚ ਕਰ ਰਹੀ ਹੈ। ਇਸ ਸੈਂਟਰ ਦਾ ਉਦਘਾਟਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ। ਉਦਘਾਟਨ ਤੋਂ ਪਹਿਲਾਂ ਅਕਾਲ ਪੁਰਖ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ਿ ਐਂਡ ਰਿਸਰਚ ’ਚ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ ਕਰਨ ਤੋਂ ਬਾਅਦ ਇਹ ਦੂਜਾ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ’ਚ ਬਹੁਤ ਵੱਡੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਸੇਵਾ ਭਾਵਨਾ ਦੇ ਕਾਰਜਾਂ ਕਾਰਨ ਦੇਸ਼ ਦੇ ਲੋਕ ਹੁਣ ਸਿੱਖਾਂ ਨੂੰ ਨਿਰਵਸਾਰਥ ਮਨੁੱਖਤਾ ਦੀ ਸੇਵਾ ਕਰਨ ਵਾਲੀ ਕੌਮ ਵਜੋਂ ਵੇਖਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਨੇ ਸਿੱਖਾਂ ’ਤੇ ਰਹਿਮਤ ਕੀਤੀ ਹੈ ਤੇ ਸਿੱਖ ਲੋੜਵੰਦਾਂ ਤਕ ਪਹੁੰਚ ਕਰ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਗੁਰਦੁਆਰਾ ਕਮੇਟੀ ਸਿਰਫ ਲੰਗਰ ਨਾਲ ਹੀ ਨਹੀਂ ਬਲਕਿ ਬਾਲਾ ਪ੍ਰੀਤਮ ਦਵਾਖਾਨੇ, ਹਸਪਤਾਲ ਤੇ ਹੁਣ ਡਾਇਗਨੋਸਟਿਸ ਸੈਂਟਰ ਖੋਲ੍ਹ ਕੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਤੇ ਸਕੂਲ, ਕਾਲਜ ਤੇ ਵਿਦਿਅਕ ਅਦਾਰੇ ਵੱਖਰੇ ਤੌਰ ’ਤੇ ਚਲਾ ਕੇ ਸੇਵਾ ਕਰ ਰਹੀ ਹੈ। ਸਿਰਸਾ ਨੇ ਇਹ ਐਲਾਨ ਵੀ ਕੀਤਾ ਕਿ ਛੇਤੀ ਹੀ ਕਿਡਨੀ ਹਸਪਤਾਲ ਨੂੰ ਇਕ ਹਜ਼ਾਰ ਬੈਡਾਂ ਦਾ ਹਸਪਤਾਲ ਬਣਾਇਆ ਜਾਵੇਗਾ।