ਫ਼ਿਲਮੀ ਹੀਰੋ ਬਣਿਆ ‘ਗੁਰਵਿੰਦਰ ਬਰਾੜ’

ਹਰੇਕ ਸਫ਼ਲ ਗਾਇਕ ਦਾ ਸੁਫ਼ਨਾ ਫ਼ਿਲਮੀ ਹੀਰੋ ਬਣਕੇ ਵੱਡੇ ਪਰਦੇ ‘ਤੇ ਆਉਣਾ ਹੁੰਦਾ ਹੈ। ਅੱਜ ਦੇ ‘ਗਾਇਕੀ ਪ੍ਰਧਾਨ’ ਸਿਨਮੇ ਦਾ ਹਿੱਸਾ ਬਣੇ ਗਾਇਕ ਦਰਸ਼ਕਾਂ ਦੀ ਦੋਹਰੀ ਪ੍ਰਸ਼ੰਸਾਂ ਖੱਟਣ ‘ਚ ਕਾਮਯਾਬ ਰਹੇ ਹਨ। ਇਸੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਗਾਇਕ ਗੁਰਵਿੰਦਰ ਬਰਾੜ ਵੀ ਹੁਣ ਨਾਇਕ ਬਣਕੇ ਵੱਡੇ ਪੰਜਾਬੀ ਪਰਦੇ ‘ਤੇ ਨਜ਼ਰ ਆਵੇਗਾ। ਜ਼ਿਕਰਯੋਗ ਹੈ ਕਿ ਇੰਨ੍ਹੀ੍ਹ ਦਿਨੀਂ ਉਹ ਫ਼ਿਲਮ ‘ਜੱਟਸ ਲੈਂਡ’ ਦੇ ਰਿਲੀਜ਼ ਨੂੰ ਲੈ ਕੇ ਚਰਚਾ ਵਿੱਚ ਹੈ। ਯਕੀਨਣ, ਗਾਇਕੀ ਵਾਂਗ ਦਰਸ਼ਕ ਗੁਰਵਿੰਦਰ ਬਰਾੜ ਨੂੰ ਵੱਡੇ ਪਰਦੇ ‘ਤੇ ਵੀ ਪਿਆਰ ਦੇਣਗੇ। ਆਪਣੀ ਇਸ ਫ਼ਿਲਮ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਇਹ ਕਿਸਾਨੀ ਜੀਵਨ ਨਾਲ ਜੁੜੀ ਇੱਕ ਪਰਿਵਾਰਕ ਕਹਾਣੀ ਹੈ ਜੋ ਆਪਸੀ ਭਾਈਚਾਰਕ ਸਾਂਝ ਦਾ ਪੈਗਾਮ ਦਿੰਦੀ ਹੋਈ ਜ਼ਮੀਨਾਂ ਤੇ ਜ਼ਮੀਰਾਂ ਦੀ ਗੱਲ ਕਰਦੀ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦਾ ਹੋਕਾ ਦਿੰਦੀ ਹੈ। ਇਸ ਫ਼ਿਲਮ ਵਿੱਚ ਉਸਦਾ ਕਿਰਦਾਰ ਇੱਕ ਕਿਸਾਨ ਦਾ ਹੈ ਜੋ ਜੰਗੀਰਦਾਰੀ ਸੋਚ ਦੀ ਗੁਲਾਮ ਹੋ ਰਹੀ ਕੌਮ ਨੂੰ ਜਗਾਉਂਦਾ ਹੈ ਤੇ ਕਾਰਪੋਰੇਟ ਘਰਾਣਿਆਂ ਵਲੋਂ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀਆਂ ਕੋਝੀਆਂ ਚਾਲਾਂ ਨੂੰ ਅਸਫ਼ਲ ਬਣਾਉਂਦਾ ਹੈ।
ਵਿੰਨਰ ਫ਼ਿਲਮਜ਼ ਅਤੇ ਜੈ ਖਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫ਼ਿਲਮ ‘ਜੱਟਸ ਲੈਂਡ’ ਦੇ ਨਿਰਮਾਤਾ ਨਿਰਦੇਸ਼ਕ ਗੁਰਮੀਤ ਸਾਜਨ ਤੇ ਮਨਜੀਤ ਸਿੰਘ ਟੋਨੀ ਹਨ। ਫ਼ਿਲਮ ਦੀ ਕਹਾਣੀ ਮੁਹੰਮਦ ਜਾਵੇਦ ਨੇ ਲਿਖੀ ਹੈ। ਫ਼ਿਲਮ ਵਿੱਚ ਗੁਰਮੀਤ ਸਾਜਨ, ਹੌਬੀ ਧਾਲੀਵਾਲ, ਗੁਰਵਿੰਦਰ ਬਰਾੜ, ਜੈ ਖਾਨ, ਅਕਿੰਤਾ ਸ਼ੈਲੀ, ਏਕਤਾ ਨਾਗਪਾਲ, ਸੁਖਬੀਰ ਬਾਠ, ਕੁਲਦੀਪ ਨਿਆਮੀ, ਲਛਮਨ ਭਾਣਾ,ਪ੍ਰਕਾਸ਼ ਗਾਧੂ,ਅਮਰਜੀਤ ਸੇਖੋਂ, ਜਸਵੀਰ ਜੱਸੀ, ਸੁਰਜੀਤ ਗਿੱਲ, ਲਛਮਣ ਸਿੰਘ, ਹੈਰੀ ਸਚਦੇਵਾ,ਚਾਚਾ ਬਿਸ਼ਨਾ, ਜਸਵਿੰਦਰ ਜੱਸੀ, ਨੀਟਾ ਤੂੰਬੜਭਾਨ, ਸੋਨਾ ਹਰਾਜ਼, ਅਮਰਜੀਤ ਖੁਰਾਣਾ, ਈ ਪੀ ਅੰਗਰੇਜ਼ ਮੈਨਨ,ਗਗਨਦੀਪ ਆਦਿ ਕਲਾਕਾਰਾਂ ਨੇ ਅਦਾਕਾਰੀ ਕੀਤੀ ਹੈ। ਫ਼ਿਲਮ ਦੇ ਗੀਤ ਨਿੰਜਾ, ਹਰਜੀਤ ਹਰਮਨ, ਗੁਰਵਿੰਦਰ ਬਰਾੜ, ਰਜਾ ਹੀਰ, ਗੁਰਦਾਸ ਸੰਧੂ ਤੇ ਬਿੱਟੂ ਗੁਰਸ਼ੇਰ ਨੇ ਗਾਏ ਹਨ। ਇੰਨ੍ਹਾਂ ਗੀਤਾਂ ਨੂੰ ਗੁਰਵਿੰਦਰ ਬਰਾੜ ਤੇ ਜੱਸੀ ਦਿਉਲ ਹਠੂਰ ਨੇ ਲਿਖਿਆ ਹੈ। ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਹਟਕੇ ਮੌਜੂਦਾ ਦੌਰ ਦੇ ਕਿਸਾਨੀ ਹਾਲਾਤਾਂ ਨੂੰ ਪੇਸ਼ ਕਰਦੀ ਜ਼ਮੀਨਾਂ ਤੇ ਜ਼ਮੀਰਾਂ ਦੀ ਗੱਲ ਕਰਦੀ ਭਾਈਚਾਰਕ ਸਾਂਝ ਤੇ ਏਕੇ ਦਾ ਸੁਨੇਹਾ ਦਿੰਦੀ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ ਪੰਜਾਬੀ ਸਿਨਮੇ ਤੇ ਨਾਮੀਂ ਕਲਾਕਾਰਾਂ ਅਤੇ ਰੰਗਮੰਚ ਦੇ ਪਰਪੱਕ ਕਲਾਕਾਰਾਂ ਨੇ ਕੰਮ ਕੀਤਾ ਹੈ। ਜ਼ਿਕਰਯੋਗ ਹੈ ਕਿ ਗਾਇਕ ਗੁਰਵਿੰੰਦਰ ਬਰਾੜ ਦਾ ਵੀ ਰੰਗਮੰਚ ਨਾਲ ਪੁਰਾਣਾ ਨਾਤਾ ਰਿਹਾ ਹੈ। 22 ਜੁਲਾਈ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਜੱਟਸ ਲੈਂਡ’ ਤੋਂ ਉਸਨੂੰ ਬਹੁਤ ਉਮੀਦਾਂ ਹਨ।
-ਸੁਰਜੀਤ ਜੱਸਲ 9814607737

Video Ad
Video Ad