ਪਿਆਰ ਮੁਹੱਬਤਾਂ ਦੀ ਫ਼ਿਲਮ ‘ਤੇਰੇ ਲਈ’ ਲੈ ਕੇ ਆ ਰਿਹਾ ‘ਹਰੀਸ਼ ਵਰਮਾ’

ਹਰੀਸ਼ ਵਰਮਾ ਪੰਜਾਬੀ ਸਿਨੇਮੇ ਦਾ ਇੱਕ ਨਾਮੀਂ ਅਦਾਕਾਰ ਹੈ ਜਿਸਨੇ ਰੰਗਮੰਚ ਤੋਂ ਬਾਅਦ ਫ਼ਿਲਮੀ ਪਰਦੇ ਵੱਲ ਕਦਮ ਵਧਾਉਦਿਆਂ ਆਪਣੀ ਵੱਖਰੀ ਪਛਾਣ ਬਣਾਈ। ਜਿੱਥੇ ਉਸਨੇ ਪਾਲੀਵੱਡ ਤੇ ਬਾਲੀਵੁੱਡ ਲਈ ਕੰਮ ਕੀਤਾ ਉੱਥੇ ਛੋਟੇ ਪਰਦੇ ਨਾਮਵਰ ਸੀਰੀਅਲਾਂ ਵਿੱਚ ਵੀ ਆਪਣੀ ਅਦਾਕਾਰੀ ਦੇ ਰੰਗ ਬਿਖੇਰੇ। ਹਰੀਸ਼ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੇ ਸ਼ਾਗਿਰਦ ਹੈ। ਨਾਮਵਰ ਨਿਰਦੇਸ਼ਕ ਅਨੁਰਾਗ ਸਿੰਘ ਵੱਲੋਂ 2011 ’ਚ ਬਣਾਈ ਪੰਜਾਬੀ ਫਿਲਮ ‘ਯਾਰ ਅਣਮੁੱਲੇ’ ਨੇ ਉਸ ਨੂੰ ਪੰਜਾਬੀ ਅਦਾਕਾਰ ਵਜੋਂ ਸਥਾਪਤ ਕੀਤਾ। ਇਸ ਫ਼ਿਲਮ ਨੇ ਉਸ ਨੂੰ ‘ਜੱਟ ਟਿੰਕਾ’ ਨਾਂ ਵੀ ਦਿੱਤਾ। ਅੱਜ ਵੀ ਬਹੁਤੇ ਦਰਸ਼ਕ ਉਸ ਨੂੰ ਜੱਟ ਟਿੰਕੇ ਵਜੋਂ ਹੀ ਜਾਣਦੇ ਹਨ। ਦਰਜ਼ਨਾਂ ਪੰਜਾਬੀ ਫ਼ਿਲਮਾਂ ਕਰ ਚੁੱਕਾ ਹਰੀਸ਼ ਫਿਲਮ ਦੀ ਚੋਣ ਬੜੀ ਸਮਝਦਾਰੀ ਨਾਲ ਕਰਦਾ ਹੈ। ਇਹੀ ਕਾਰਨ ਹੈ ਕਿ ਉਸ ਦੀ ਹਰ ਫਿਲਮ ’ਚ ਨਵਾਂਪਨ ਹੁੰਦਾ ਹੈ। ਉਸਦੀਆਂ ਫ਼ਿਲਮਾਂ ਨੇ ਉਸਦੇ ਕਲਾ ਜੀਵਨ ਨੂੰ ਇੱਕ ਨਵਾਂ ਮੋੜ ਦਿੱਤਾ। ‘ਬੁਰਰਾਅ, ਡੈਡੀ ਕੂਲ ਮੁੰਡੇ ਫੂਲ, ਹੈਪੀ ਗੋ ਲੱਕੀ, ਵਿਆਹ 70 ਕਿਲੋਮੀਟਰ, ਪ੍ਰੋਪਰ ਪਟੋਲਾ, ਸੂਬੇਦਾਰ ਜੁਗਿੰਦਰ ਸਿੰਘ, ਯਾਰ ਅਣਮੁੱਲੇ, ਗੋਲਕ ਬੁਗਨੀ ਬੈਂਕ ਬਟੂਆ, ਮੁੰਡਾ ਹੀ ਚਾਹੀਦਾ, ਲਾਈਏ ਜੇ ਯਾਰੀਆਂ, ਆਦਿ ਫ਼ਿਲਮਾਂ ਨਾਲ ਹਰੀਸ਼ ਵਰਮਾ ਕਲਾ ਦੇ ਖੇਤਰ ਵਿੱਚ ਕਈ ਕਦਮ ਅੱਗੇ ਵਧਿਆ।
ਹੁਣ ਹਰੀਸ਼ ਵਰਮਾ ਆਪਣੀ ਰੁਮਾਂਟਿਕ ਫ਼ਿਲਮ ‘ਤੇਰੇ ਲਈ’ ਨਾਲ ਪੰਜਾਬੀ ਪਰਦੇ ‘ਤੇ ਮੁੜ ਹਾਜ਼ਰ ਹੋ ਰਿਹਾ ਹੈ ਜਿਸ ਵਿੱਚ ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵਿਤਾਜ ਬਰਾੜ ਉਸਦੀ ਨਾਇਕਾ ਬਣੀ ਹੈ। ਜ਼ਿਕਰਯੋਗ ਹੈ ਕਿ ਦੋਵੇਂ ਪਹਿਲੀ ਵਾਰ ਇਕੱਠੇ ਪਰਦੇ ‘ਤੇ ਨਜ਼ਰ ਆਉਣਗੇ। ਅਮਿਤ ਪ੍ਰਾਸ਼ਰ ਦੀ ਡਾਇਰੈਕਟ ਕੀਤੀ ਇਸ ਫ਼ਿਲਮ ਦੀ ਕਹਾਣੀ ਕ੍ਰਿਸ਼ਨਾ ਦਾਪੁਤ ਨੇ ਲਿਖੀ ਹੈ। ਹਰੀਸ ਵਰਮਾ ਨੇ ਦੱਸਿਆ ਕਿ ਇਹ ਫ਼ਿਲਮ ਇੱਕ ਵੱਖਰੇ ਕਿਸਮ ਦੀ ਪ੍ਰੇਮ ਕਹਾਣੀ ਹੈ ਉਸਨੇ ਇਸ ਵਿੱਚ ਅਮਰੀਕ ਨਾਂ ਦੇ ਨੌਜਵਾਨ ਦਾ ਕਿਰਦਾਰ ਨਿਭਾਇਆ ਹੈ। ਅਮਰੀਕ ਆਪਣੀ ਜ਼ਿੰਦਗੀ ਸ਼ਾਨਦਾਰ ਤਰੀਕੇ ਨਾਲ ਜਿਓ ਰਿਹਾ ਹੈ। ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਉਦੋਂ ਆਉਂਦਾ ਹੈ ਜਦੋਂ ਉਸਦੀ ਜ਼ਿੰਦਗੀ ਵਿੱਚ ਫ਼ਿਲਮ ਦੀ ਨਾਇਕਾ ‘ਸੰਯੋਗ’ ਆਉਂਦੀ ਹੈ। ਹਰੀਸ਼ ਮੁਤਾਬਿਕ ਇਹ ਫ਼ਿਲਮ ਇਕ ਖ਼ੂਬਸੂਰਤ ਪ੍ਰੇਮ ਕਹਾਣੀ ਹੈ। ਦਰਸ਼ਕ ਉਸਦੀ ਅਤੇ ਸਵਿਤਾਜ ਬਰਾੜ ਦੀ ਜੋੜੀ ਨੂੰ ਭਰਪੂਰ ਪਿਆਰ ਦੇਣਗੇ।
ਧਮਕ ਮੀਡੀਆ ਹਾਊਸ, ਫਰੂਟ ਯਾਟ ਇੰਟਰਟੇਨਮੈਂਟ, ਖਰੌਰ ਫਿਲਮਸ ਅਤੇ ਰਾਹੁਲ ਸ਼ਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਹਰੀਸ਼ ਤੇ ਸਵਿਤਾਜ ਬਰਾੜ ਨਾਲ ਨਿਰਮਲ ਰਿਸ਼ੀ, ਅੰਮ੍ਰਿਤ ਅੰਬੀ, ਭੂਮਿਕਾ ਸ਼ਰਮਾ, ਸੀਮਾ ਕੌਸ਼ਲ, ਨਿਸ਼ਾ ਬਾਨੋ, ਜਰਨੈਲ ਸਿੰਘ, ਸੁਖਵਿੰਦਰ ਰਾਜ ਤੇ ਰਾਜ ਧਾਲੀਵਾਲ ਸਮੇਤ ਰੰਗ-ਮੰਚ ਦੇ ਕਈ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਨਿਰਮਾਤਾ ਧੀਰਜ ਅਰੋੜਾ ਅਤੇ ਸਹਿ ਨਿਰਮਾਤਾ ਡਿੰਪਲ ਖਰੌਰ, ਅਭੈਦੀਪ ਸਿੰਘ ਮੁਤੀ ਅਤੇ ਰਾਹੁਲ ਸ਼ਰਮਾ ਹਨ। ਇਸ ਫ਼ਿਲਮ ਦਾ ਸੰਗੀਤ ਗੋਲ਼ਡ ਬੁਆਏ, ਏ ਆਰ ਦੀਪ, ਜੱਸੀ ਕਟਿਆਲ ਅਤੇ ਯੇ ਪਰੂਫ ਨੇ ਤਿਆਰ ਕੀਤਾ ਹੈ। ਇਸ ਦੇ ਗੀਤ ਨਿਰਮਾਨ , ਮਨਿੰਦਰ ਕੈਲੇ ਅਤੇ ਜੱਗੀ ਜਾਗੋਵਾਲ ਨੇ ਲਿਖੇ ਹਨ, ਜਿੰਨਾ ਨੂੰ ਨਾਮੀਂ ਗਾਇਕਾਂ ਨੇ ਆਵਾਜ਼ ਦਿੱਤੀ ਹੈ। 9 ਦਸੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਤੋਂ ਪੰਜਾਬੀ ਸਿਨਮੇ ਨੂੰ ਬਹੁਤ ਆਸਾਂ ਹਨ।
–ਸੁਰਜੀਤ ਜੱਸਲ 9814607737

Video Ad
Video Ad