Home ਸਾਹਿਤਕ ਮੁੜ ਨਜ਼ਰ ਨਾ ਲੱਗ ਜੇ ਮੇਰੇ ਸੋਹਣੇ ਪੰਜਾਬ ਨੂੰ

ਮੁੜ ਨਜ਼ਰ ਨਾ ਲੱਗ ਜੇ ਮੇਰੇ ਸੋਹਣੇ ਪੰਜਾਬ ਨੂੰ

0
ਮੁੜ ਨਜ਼ਰ ਨਾ ਲੱਗ ਜੇ ਮੇਰੇ ਸੋਹਣੇ ਪੰਜਾਬ ਨੂੰ

ਇਸ ਵੇਲੇ ਕੌਮਾਂਤਰੀ ਅਤੇ ਖੇਤਰੀ ਰਾਜਨੀਤੀ ਸਮੇਤ ਪੂਰੇ ਦੱਖਣੀ ਏਸ਼ੀਆ ਦੇ ਹਾਲਾਤ ਡਾਵਾਂਡੋਲ ਹਨ। ਕੌਮੀ ਪੱਧਰ ’ਤੇ ਵਿਚਾਰ ਪ੍ਰਗਟਾਵੇ, ਸਿਆਸੀ ਹੋਂਦ, ਅੱਡਰੀ ਪਛਾਣ ਅਤੇ ਧਾਰਮਿਕ ਵਿਸ਼ਵਾਸ ਦੇ ਵਖਰੇਵਿਆਂ ਨੂੰ ਸੱਤਾ ਦੀ ਤਾਕਤ ਨਾਲ ਦਰੜਿਆ ਜਾ ਰਿਹਾ ਹੈ। ਇਨੀਂ ਦਿਨੀਂ ਪੰਜਾਬ ਵਧੇਰੇ ਅਸ਼ਾਂਤ ਆਉਂਦਾ ਦਿਸਦਾ ਹੈ। ਪੰਜਾਬ ਗੈਂਗਲੈਂਡ ਬਣ ਕੇ ਰਹਿ ਗਿਆ ਲਗਦਾ ਹੈ। ਗੈਂਗਸਟਰ ਬੇਕਾਬੂ ਹੋ ਕੇ ਰਹਿ ਗਏ ਹਨ। ਲੁੱਟ-ਖੋਹ ਅਤੇ ਕਤਲ ਨਿੱਤ ਦਾ ਵਰਤਾਰਾ ਬਣ ਗਿਆ ਹੈ। ਲੋਕ ਡਰੇ ਬੈਠੇ ਹਨ। ਪੰਜਾਬ ਦੀ ਸਰਕਾਰ ਜਿਵੇਂ ਸਾਰੇ ਕੁਝ ਤੋਂ ਅਭਿੱਜ ਹੋਵੇ।
ਪੰਜਾਬ ’ਤੇ ਅੱਤਵਾਦੀ ਗਤੀਵਿਧੀਆਂ ਦੇ ਬੱਦਲ ਮੁੜ ਮੰਡਰਾਉਣ ਲੱਗੇ ਹਨ। ਭਗਵੰਤ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਦੂਜੀ ਵਾਰ ਆਰਪੀਜੀ ਅਟੈਕ ਹੋਇਆ ਹੈ ਅਤੇ ਇਹ ਚੌਥੀ ਵਾਰ ਹੈ, ਜਦੋਂ ਪੁਲਿਸ ਥਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਖੁਫ਼ੀਆ ਏਜੰਸੀਆਂ ਦੇ ਅਲਰਟ ਦੇ ਬਾਵਜੂਦ ਪੰਜਾਬ ਪੁਲਿਸ ਹਮਲੇ ਰੋਕਣ ਵਿੱਚ ਨਾਕਾਮ ਰਹੀ ਹੈ। ਤਰਨ ਤਾਰਨ ਦੇ ਸਰਹਾਲੀ ਪੁਲਿਸ ਥਾਣੇ ’ਤੇ ਆਰਪੀਜੀ ਹਮਲੇ ਬਾਰੇ ਕੇਂਦਰੀ ਖੁਫ਼ੀਆ ਏਜੰਸੀਆਂ ਨੇ ਪਹਿਲਾਂ ਹੀ ਸੂਹ ਦੇ ਦਿੱਤੀ ਸੀ। ਇਹ ਪਹਿਲੀ ਵਾਰ ਨਹੀਂ ਹੈ। ਹੁਣ ਵੀ ਖੁਫ਼ੀਆ ਏਜੰਸੀਆਂ ਨੇ ਲੁਧਿਆਣਾ ਵਿੱਚ ਇਸ ਨਾਲ ਰਲ਼ਦੇ-ਮਿਲਦੇ ਹਮਲੇ ਦੇ ਸੰਕੇਤ ਦੇ ਦਿੱਤੇ ਹਨ।
ਬੀਤੇ ਹਫ਼ਤੇ ਖੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਭੇਜੇ ਸੁਨੇਹੇ ਵਿੱਚ ਸਪੱਸ਼ਟ ਕਰ ਦਿੱਤਾ ਸੀ ਕਿ ਸੂਬੇ ਦਾ ਮਾਹੌਲ ਖਰਾਬ ਕਰਨ ਲਈ ਪੁਲਿਸ ਥਾਣਿਆਂ ਅਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਮੁੱਖ ਰਾਜ ਮਾਰਗਾਂ ’ਤੇ ਪੈਂਦੀਆਂ ਸਰਕਾਰੀ ਬਿਲਡਿੰਗਾਂ ਦੀ ਸੁਰੱਖਿਆ ਵਧਾਉਣ ਦੀ ਹਦਾਇਤ ਕੀਤੀ ਗਈ ਸੀ। ਸਰਹਾਲੀ ਥਾਣੇ ’ਤੇ ਹੋਏ ਹਮਲੇ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੀ ਰਿਪੋਰਟ ਨੂੰ ਗੰਭੀਰਤਾ ਨਹੀਂ ਲਿਆ।
ਪਿਛਲੇ 1 ਸਾਲ ਦੌਰਾਨ ਪੰਜਾਬ ਵਿੱਚ ਹੋਈਆਂ ਵਾਰਦਾਤਾਂ ਦੀ ਗੱਲ ਕਰੀਏ ਤਾਂ 15 ਸਤੰਬਰ 2021 ਨੂੰ ਜਲਾਲਾਬਾਦ ਸ਼ਹਿਰ ਵਿੱਚ ਹੋਏ ਇੱਕ ਧਮਾਕੇ ਵਿੱਚ ਇੱਕ ਸ਼ਖਸ ਮਾਰਿਆ ਗਿਆ ਸੀ। ਉਸੇ ਸਾਲ 8 ਨਵੰਬਰ ਨੂੰ ਨਵਾਂ ਸ਼ਹਿਰ ਦੇ ਸੀਆਈਏ ਦੇ ਦਫ਼ਤਰ ਅਤੇ 23 ਦਸੰਬਰ ਨੂੰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹਮਲਾ ਕਰ ਦਿੱਤਾ ਗਿਆ ਸੀ, ਜਿਸ ਦੌਰਾਨ ਇੱਕ ਜਾਨ ਚਲੀ ਗਈ ਸੀ। ਨਵੇਂ ਸਾਲ ਦੇ ਪਹਿਲੇ ਮਹੀਨੇ 11 ਜਨਵਰੀ 2022 ਨੂੰ ਪੁਲਿਸ ਨੇ ਗੁਰਦਾਸਪੁਰ ਤੋਂ ਢਾਈ ਕਿੱਲੋ ਆਰਡੀਐਕਸ ਬਰਾਮਦ ਕੀਤੀ। ਉਸ ਤੋਂ ਤਿੰਨ ਦਿਨ ਬਾਅਦ ਅੰਮ੍ਰਿਤਸਰ ਦੇ ਨੇੜਿਓਂ ਪੰਜ ਕਿੱਲੋ ਵਿਸਫੋਟਕ ਸਮੱਗਰੀ ਪੁਲਿਸ ਦੇ ਹੱਥ ਲੱਗੀ। ਅਗਲੇ ਦਸ ਦਿਨਾਂ ਦੌਰਾਨ ਗੁਰਦਾਸਪੁਰ ਤੋਂ ਫੇਰ 2 ਹੈਂਡ ਗਰਨੇਡ ਅਤੇ 4 ਕਿੱਲੋ ਆਰਡੀਐਕਸ ਬਰਾਮਦ ਹੋਈ।
ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਦੋ ਦਿਨ ਪਹਿਲਾਂ 8 ਮਾਰਚ ਨੂੰ ਨੂਰਪੁਰ ਬੇਦੀ ਨੇੜੇ ਪੈਂਦੀ ਪੁਲਿਸ ਚੌਕੀ ਕਲਮਾਂ ਦੀ ਬਾਹਰਲੀ ਦੀਵਾਰ ਨੇੜੇ ਬੰਬ ਧਮਾਕਾ ਹੋਇਆ। ਉਸ ਤੋਂ ਅਗਲੇ ਦਿਨੀਂ ਚੰਡੀਗੜ੍ਹ ਦੀ ਮਾਡਲ ਜੇਲ੍ਹ ਬੁੜੈਲ ਨੇੜਿਓਂ ਆਰਡੀਐਕਸ ਨਾਲ ਭਰਿਆ ਟਿਫ਼ਨ ਮਿਲਿਆ ਸੀ। ਪੰਜਾਬ ਅਤੇ ਹਰਿਆਣਾ ਤੋਂ ਆਰਡੀਐਕਸ ਅਤੇ ਹਥਿਆਰ ਮਿਲਣ ਦੀਆਂ ਘਟਨਾਵਾਂ ਲਗਾਤਾਰ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ। ਇਸ ਦੇ ਚਲਦਿਆਂ 10 ਮਈ ਨੂੰ ਮੋਹਾਲੀ ’ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈਡਕੁਆਰਟਰ ’ਤੇ ਆਰਪੀਜੀ ਲਾਂਚਰ ਨਾਲ ਹਮਲਾ ਕਰ ਦਿੱਤਾ ਗਿਆ। ਸਬੱਬ ਦੀ ਗੱਲ ਕਹੀਏ ਜਾਂ ਗਿਣੀ-ਮਿੱਥੀ ਸਾਜ਼ਿਸ਼, ਕਿ 10 ਦਸੰਬਰ ਨੂੰ ਹੀ ਸਰਹਾਲੀ ਥਾਣੇ ’ਤੇ ਆਰਪੀਜੀ ਲਾਂਚਰ ਨਾਲ ਹਮਲਾ ਕੀਤਾ ਗਿਆ ਹੈ। ਭਾਵੇਂ ਦੋਹਾਂ ਹਮਲਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਦਾ ਮਕਸਦ ਪੁਲਿਸ ਫੋਰਸ ਦਾ ਮਨੋਬਲ ਤੋੜਨਾ ਜ਼ਰੂਰ ਹੋ ਸਕਦਾ ਹੈ। ਤਰਨ ਤਾਰਨ ਵਿੱਚ ਹੋਏ ਆਰਪੀਜੀ ਹਮਲੇ ਤੋਂ ਬਾਅਦ ਪੰਜਾਬ ਪੁਲਿਸ ਚੌਕਸ ਜ਼ਰੂਰ ਹੋ ਗਈ ਹੈ। ਸਰਹੱਦੀ ਖੇਤਰਾਂ ਦੇ ਥਾਣਿਆਂ ਅੱਗੇ ਬੰਕਰ ਬਣਾ ਦਿੱਤੇ ਗਏ ਹਨ ਅਤੇ ਪੁਲਿਸ ਕਰਮੀ ਤਾਇਨਾਤ ਕਰ ਦਿੱਤੇ ਹਨ। ਦੂਜੇ ਬੰਨੇ ਪੰਜਾਬ ਪੁਲਿਸ ਨੇ ਉਨ੍ਹਾਂ ਲੋਕਾਂ ਦੀ ਸੁਰੱਖਿਆ ਵਧਾ ਦਿੱਤੀ ਹੈ, ਜਿਨ੍ਹਾਂ ਲੋਕਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਪੁਲਿਸ ਥਾਣਿਆਂ ਦੇ ਬਾਹਰ ਬਣ ਰਹੇ ਰੇਤ ਦੀਆਂ ਬੋਰੀਆਂ ਦੇ ਬੰਕਰਾਂ ਅਤੇ ਥਾਂ-ਥਾਂ ਲੱਗਦੇ ਨਾਕਿਆਂ ਨੂੰ ਦੇਖ ਕੇ 1980ਵਿਆਂ ਦੇ ਦਰਦਮਈ ਦ੍ਰਿਸ਼ ਅੱਖਾਂ ਮੋਹਰੇ ਘੁੰਮਣ ਲੱਗੇ ਹਨ। ਉਂਝ ਇਸ ਵਾਰ ਉਸ ਦੌਰ ਨਾਲੋਂ ਹਮਲੇ ਕਰਨ ਦੇ ਤਰੀਕੇ ਅਲੱਗ ਹਨ। ਇਸ ਵਾਰ ਏਕੇ 47, ਏਕੇ 56 ਜਾਂ ਹੈਂਡ ਗਰਨੇਡ ਦੀ ਥਾਂ ਸਿੱਧੇ ਹਵਾਈ ਹਮਲੇ ਕੀਤੇ ਜਾਣ ਲੱਗੇ ਹਨ। ਇਹ ਢੰਗ ਤਾਲਿਬਾਨ ਨਾਲ ਮਿਲਦਾ ਹੈ। ਪਾਕਿਸਤਾਨ ਦੀ ਸਰਹੱਦ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਸਪਲਾਈ ਜ਼ਮੀਨੀ ਰਸਤੇ ਨਹੀਂ, ਸਗੋਂ ਡਰੋਨ ਰਾਹੀਂ ਕੀਤੀ ਜਾ ਰਹੀ ਹੈ।
ਸਰਕਾਰੀ ਅੰਕੜਿਆਂ ਅਨੁਸਾਰ 1980 ਤੋਂ 1995 ਦੌਰਾਨ 21 ਹਜ਼ਾਰ 532 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚੋਂ 1746 ਪੁਲਿਸ ਕਰਮੀ ਦੱਸੇ ਜਾ ਰਹੇ ਹਨ। ਗ਼ੈਰ-ਸਰਕਾਰੀ ਅੰਕੜੇ ਇਸ ਤੋਂ ਕਿਤੇ ਵੱਧ ਹਨ। ਬਹੁਤ ਵਾਰੀ ਅਸਲੀ ਅੰਕੜੇ ਲੁਕਾਉਣੇ ਸਰਕਾਰਾਂ ਦੀ ਮਜਬੂਰੀ ਬਣ ਜਾਂਦੀ ਹੈ।
ਪੰਜਾਬ ਵਿੱਚ ਨਿੱਤ ਹੋ ਰਹੇ ਕਤਲਾਂ ਦੇ ਦਰਦਾਂ ਦੀ ਕਹਾਣੀ ਵੱਖਰੀ ਹੈ। ਰਾਹ ਵਾਟੇ ਬੰਦੂਕਾਂ ਨਾਲ ਭੁੰਨ ਦੇਣ ਅਤੇ ਘਰਾਂ ਵਿੱਚ ਦਾਖ਼ਲ ਹੋ ਕੇ ਬੇਰਹਿਮੀ ਨਾਲ ਕਤਲ ਕਰਨ ਦੀਆਂ ਵਾਪਰ ਰਹੀਆਂ ਦਰਦਮਈ ਵਾਰਦਾਤਾਂ ਕਾਰਨ ਆਮ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵਧੀ ਹੈ। ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹਰ ਮਹੀਨੇ ਪੌਣੇ ਦੋ ਸੌ ਦੇ ਕਰੀਬ ਕਤਲ ਹੋਣ ਲੱਗੇ ਹਨ। ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਮੀਡੀਆ ਇਸ਼ਤਿਹਾਰਬਾਜ਼ੀ ਰਾਹੀਂ ਨੇਕ ਨੀਅਤ ਅਤੇ ਸੱਚੀ ਸੋਚ ਦੇ ਲੱਖ ਦਾਅਵੇ ਕਰੀ ਜਾਵੇ, ਪਰ ਪੰਜਾਬ ਨੂੰ ਸ਼ਾਂਤ ਰੱਖਣ ਤੋਂ ਬੁਰੀ ਤਰ੍ਹਾਂ ਉੱਕੀ ਹੈ।
ਕਮਲਜੀਤ ਸਿੰਘ ਬਨਵੈਤ
ਫੋਨ : 98147-34035