
ਵੈਂਟੀਲੇਟਰ ਤੋਂ ਹਟਾਏ ਗਏ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਹਮਲੇ ਦੀ ਕੀਤੀ ਨਿੰਦਾ
ਨਿਊਯਾਰਕ, 14 ਅਗਸਤ (ਹਮਦਰਦ ਨਿਊਜ਼ ਸਰਵਿਸ) : ਨਿਊਯਾਰਕ ’ਚ ਹੋਏ ਜਾਨਲੇਵਾ ਹਮਲੇ ਤੋਂ ਬਾਅਦ ਭਾਰਤੀ ਮੂਲ ਦੇ ਬ੍ਰਿਟਿਸ਼ ਅਮਰੀਕੀ ਲੇਖਕ ਸਲਮਾਨ ਰਸ਼ਦੀ ਦੀ ਹਾਲਤ ਵਿੱਚ ਹੁਣ ਸੁਧਾਰ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਉਨ੍ਹਾਂ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ। ਰਸ਼ਦੀ ’ਤੇ ਹਮਲਾ ਕਰਨ ਵਾਲੇ ਵਿਅਕਤੀ ਨੇ ਕੋਰਟ ਵਿੱਚ ਖੁਦ ਨੂੰ ਨਿਰਦੋਸ਼ ਦੱਸਿਆ ਹੈ।
ਉੱਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ ਮੂਲ ਦੇ ਲੇਖਕ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ।
ਸ਼ੁੱਕਰਵਾਰ ਨੂੰ ਸਲਮਾਨ ਰਸ਼ਦੀ ’ਤੇ ਇੱਕ ਲਾਈਵ ਪ੍ਰੋਗਰਾਮ ਦੌਰਾਨ 24 ਸਾਲ ਦੇ ਹਾਦੀ ਮਾਤਰ ਨੇ ਹਮਲਾ ਕੀਤਾ ਸੀ। ਮਾਤਰ ਨੇ ਉਨ੍ਹਾਂ ਦੀ ਗਰਦਨ ਅਤੇ ਪੇਟ ’ਤੇ ਚਾਕੂ ਨਾਲ 10-15 ਵਾਰ ਕੀਤੇ, ਜਿਸ ਤੋਂ ਬਾਅਦ ਰਸ਼ਦੀ ਨੂੰ ਏਅਰ ਲਿਫ਼ਟ ਕਰਕੇ ਇੱਕ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਇੱਕ ਡਾਕਟਰ ਨੇ ਮੀਡੀਆ ਨੂੰ ਦੱਸਿਆ ਕਿ ਰਸ਼ਦੀ ਦੀ ਗਰਦਨਅਤੇ ਪੇਟ ’ਤੇ ਚਾਕੂ ਦੇ ਕਈ ਜ਼ਖਮ ਸਨ। ਇਸ ਦੇ ਚਲਦਿਆਂ ਉਨ੍ਹਾਂ ਦੀ ਸਰਜਰੀ ਕੀਤੀ ਗਈ ਹੈ।