ਭਾਰਤੀ ਵਿਦਿਆਰਥੀਆਂ ਦਾ ਅਮਰੀਕਾ, ਕੈਨੇਡਾ ਵੱਲ ਵਧਿਆ ਰੁਝਾਨ

ਕੋਰੋਨਾ ਮਗਰੋਂ ਲੱਖਾਂ ਵਿਦਿਆਰਥੀਆਂ ਨੇ ਸਟੂਡੈਂਟ ਵੀਜ਼ੇ ਲਈ ਕੀਤਾ ਅਪਲਾਈ
ਕੈਨੇਡਾ, ਅਮਰੀਕਾ, ਆਸਟਰੇਲੀਆ ਤੇ ਬਰਤਾਨੀਆ ਨੂੰ ਪਹਿਲ ਦੇ ਰਹੇ ਨੇ ਵਿਦਿਆਰਥੀ
ਵਾਸ਼ਿੰਗਟਨ, 8 ਜੁਲਾਈ (ਹਮਦਰਦ ਨਿਊਜ਼ ਸਰਵਿਸ) :
ਕੋਰੋਨਾ ਦਾ ਖ਼ੌਫ਼ ਘਟਣ ਮਗਰੋਂ ਉੱਚ ਪੜ੍ਹਾਈ ਲਈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ।
ਇਕੱਲੀ ਅਮਰੀਕੀ ਅੰਬੈਸੀ ਨੂੰ ਇਸ ਸਾਲ ਭਾਰਤ ਤੋਂ ਸਟੂਡੈਂਟ ਵੀਜ਼ੇ ਲਈ ਸਵਾ ਲੱਖ ਤੋਂ ਵੱਧ ਅਰਜ਼ੀਆਂ ਮਿਲੀਆਂ ਨੇ, ਜਿਨ੍ਹਾਂ ਨੂੰ ਜਾਰੀ ਕਰਨ ਲਈ ਅੰਬੈਸੀ ਵੱਲੋਂ ਵਾਧੂ ਉਪਾਅ ਕੀਤੇ ਜਾ ਰਹੇ ਨੇ। ਇਸੇ ਤਰ੍ਹਾਂ ਦੇ ਹਾਲਾਤ ਕੈਨੇਡਾ, ਆਸਟਰੇਲੀਆ ਤੇ ਬਰਤਾਨੀਆ ਦੀਆਂ ਅੰਬੈਸੀਆਂ ਦੇ ਸਾਹਮਣੇ ਵੀ ਆਏ ਨੇ। ਇਨ੍ਹਾਂ ਵਿੱਚ ਵੀ 1-1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀਆਂ ਨੇ ਸਟੂਡੈਂਟ ਵੀਜ਼ੇ ਲਈ ਅਪਲਾਈ ਕੀਤਾ ਹੈ। ਇਸ ਕਾਰਨ ਵੀਜ਼ਾ ਮਿਲਣ ਵਿੱਚ ਵੀ ਦੇਰੀ ਹੋ ਰਹੀ ਹੈ।
ਅਮਰੀਕੀ ਅੰਬੈਸੀ ਦੇ ਅਧਿਕਾਰਕ ਬੁਲਾਰੇ ਮੁਤਾਬਕ ਪਿਛਲੇ ਸਾਲ ਅੰਬੈਸੀ ਨੇ ਗਰਮੀਆਂ ਦੌਰਾਨ 62 ਹਜ਼ਾਰ ਸਟੂਡੈਂਜ਼ ਵੀਜ਼ਾ ਜਾਰੀ ਕੀਤੇ ਸਨ। ਤਦ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਕਾਫ਼ੀ ਹੱਦ ਤੱਕ ਜਾਰੀ ਸੀ, ਪਰ ਇਸ ਵਾਰ ਸਟੂਡੈਂਟ ਵੀਜ਼ਾ ਲਈ ਅਰਜ਼ੀਆਂ ਦੇਣ ਵਾਲਿਆਂ ਦੀ ਗਿਣਤੀ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਈ ਹੈ। ਅੰਬੈਸੀ ਨੂੰ ਦੇਸ਼ ਭਰ ਵਿੱਚੋਂ 1 ਲੱਖ 25 ਹਜ਼ਾਰ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਵਿਦੇਸ਼ ਮੰਤਰਾਲੇਨੇ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟਰੇਲੀਆ ਸਣੇ ਅੱਠ ਦੇਸ਼ਾਂ ਦੀਆਂ ਅੰਬੈਸੀਆਂ ਨੂੰ ਕਿਹਾ ਸੀ ਕਿ ਉਹ ਭਾਰਤੀ ਵਿਦਿਆਰਥੀਆਂ ਦੀ ਵੀਜ਼ਾ ਪ੍ਰਕਿਰਿਆ ਤੇਜ਼ ਕਰੇ। ਦਰਅਸਲ, ਵਿਦੇਸ਼ ਮੰਤਰਾਲੇ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅੰਬੈਸੀ ਵਿੱਚੋਂ ਵੀਜ਼ਾ ਮਿਲਣ ’ਚ ਲੰਮਾ ਸਮਾਂ ਲੱਗ ਰਿਹਾ ਹੈ।
ਅਮਰੀਕੀ ਅੰਬੈਸੀ ਦਾ ਕਹਿਣਾ ਹੈ ਕਿ ਵੀਜ਼ਾ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਹਜ਼ਾਰਾਂ ਵੀਜ਼ਾ ਅਪੁਆਇੰਟਮੈਂਟ ਸਲੌਟ ਵਧਾਏ ਗਏ ਨੇ ਅਤੇ ਸਟੂਡੈਂਟ ਵੀਜ਼ੇ ਲਈ ‘ਇਨ ਪਰਸਨ ਇੰਟਰਵਿਊ’ ਦੀ ਲੋੜ ਨੂੰ ਖ਼ਤਮ ਕਰ ਦਿੱਤਾ ਗਿਆ ਹੈ।

Video Ad
Video Ad