
ਡਿਟਰੋਇਟ ਸ਼ਹਿਰ ’ਚ ਹੋਇਆ ਕੌਮਾਂਤਰੀ ਸਿੱਖ ਯੂਥ ਸਿਮਪੋਜ਼ੀਅਮ ਦਾ ਆਯੋਜਨ
ਵੱਡੀ ਗਿਣਤੀ ਸਿੱਖ ਬੱਚਿਆਂ ਨੇ ਲਿਆ ਭਾਗ
ਨਿਊਯਾਰਕ, 11 ਅਗਸਤ (ਰਾਜ ਗੋਗਨਾ) : ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ ਸੰਸਥਾ ਵਲੋਂ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਵਿਰਸੇ ਨਾਲ ਜੋੜਨ ਲਈ ਹਰ ਸਾਲ ਕੈਨੇਡਾ-ਅਮਰੀਕਾ ਵਿੱਚ ‘ਇੰਟਰਨੈਸ਼ਨਲ ਸਿੱਖ ਯੂਥ ਸਿਮਪੋਜ਼ੀਅਮ’ ਮੁਕਾਬਲੇ ਕਰਵਾਏ ਜਾਂਦੇ ਨੇ।
ਇਸ ਵਾਰ ਅਗਸਤ ਮਹੀਨੇ ਹੋਣ ਵਾਲੇ ਇਨ੍ਹਾਂ ਕੌਮਾਂਤਰੀ ਮੁਕਾਬਲਿਆਂ ਦਾ ਆਯੋਜਨ ਅਮਰੀਕਾ ਦੇ ਮਿਸ਼ੀਗਨ ਸੂਬੇ ਵਿੱਚ ਪੈਂਦੇ ਡਿਟਰੋਇਟ ਸ਼ਹਿਰ ਵਿਖੇ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਬੱਚਿਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ।
ਸਿੱਖ ਗੁਰਦੁਆਰਾ ਆਫ਼ ਰੋਚੈਸਟਰ ਹਿਲਜ਼ ਵਿਖੇ ਹੋਏ ਪ੍ਰੋਗਰਾਮਾਂ ਵਿਚ 6 ਸਾਲ ਤੋਂ ਲੈ ਕੇ 22 ਸਾਲਾਂ ਤੱਕ ਦੇ 51 ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ। ਸਿਮਪੋਜ਼ੀਅਮ ਅਤੇ ਸੰਸਥਾ ਦੇ ਨੈਸ਼ਨਲ ਕਨਵੀਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਸਿਆਨਾ ਭਾਵ ਸਿੱਖ ਯੂਥ ਅਲਾਇੰਸ ਆਫ਼ ਨਾਰਥ ਅਮਰੀਕਾ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਨੇ।
ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਂਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿਚ ਜਾਂਦੇ ਹਨ।
ਭਾਗ ਲੈਣ ਵਾਲੇ ਬੱਚਿਆ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿਚੋਂ ਤਿੰਨ ਸਵਾਲਾਂ ਦੇ ਜਵਾਬ 6 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ ‘ਮੇਰੇ ਗੁਰੂ ਦੀਆਂ ਅਸੀਸਾਂ’, ਦੂਜੇ ਨੂੰ ‘ਸਿੱਖ ਸਾਖੀਆਂ’, ਤੀਜੇ ਨੂੰ ‘ਸਿੱਖ ਗੁਰੂਆਂ ਦਾ ਇਤਿਹਾਸ’ ਅਤੇ ਚੌਥੇ ਨੂੰ ‘ਦ ਵੈਲੀਐਂਟ – ਜਸਵੰਤ ਸਿੰਘ ਖਾਲੜਾ’ ਕਿਤਾਬ ਦਿੱਤੀ ਗਈ, ਜਿਸ ਵਿੱਚੋਂ ਉਹਨਾਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ ਵਿੱਚ ਭਾਸ਼ਨ ਦਿੱਤੇ।