‘ਇਕੁਏਜ਼ਨ’ ਸੰਸਥਾ ਨੇ ਦਿੱਤਾ ਕਮਿਊਨਿਟੀ ਪੁਰਸਕਾਰ

ਸਿੱਖ ਧਰਮ ਦੇ ਪ੍ਰਚਾਰ ’ਚ ਪਾਇਆ ਸੀ ਅਹਿਮ ਯੋਗਦਾਨ
ਨਿਊਯਾਰਕ, 20 ਜੂਨ (ਰਾਜ ਗੋਗਨਾ) : ਅਮਰੀਕਾ ਦੇ ਸ਼ਹਿਰ ਸਿਨਸਿਨਾਟੀ ਵਿਖੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜੈਪਾਲ ਸਿੰਘ ਨੂੰ ਮਰਨ ਉਪਰੰਤ ਇੰਟਰਫੇਥ ਸੰਸਥਾ ਇਕੁਏਜ਼ਨ ਵੱਲੋਂ ਪਹਿਲੇ ਜੇਮਸ ਪੀ. ਬੁਕਾਨਨ ਕਮਿਊਨਿਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਮਰਹੂਮ ਜੈਪਾਲ ਸਿੰਘ ਦੀ ਪਤਨੀ ਅਸੀਸ ਕੌਰ ਨੇ ਸਵੀਕਾਰ ਕੀਤਾ।
ਜੈਪਾਲ ਸਿੰਘ ਦਾ ਪਿਛਲੇ ਮਹੀਨੇ ਕੈਂਸਰ ਦੀ ਬਿਮਾਰੀ ਕਾਰਨ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ। ਉਹ ਇੱਕ ਆਰਕੀਟੈਕਟ ਸਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕੰਮ ਦੇ ਨਾਲ-ਨਾਲ ਸਿੱਖ ਧਰਮ ਦੇ ਪ੍ਰਚਾਰ ਵਿੱਚ ਅਹਿਮ ਯੋਗਦਾਨ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਉਨ੍ਹਾਂ ਦੀ ਮਨਪਸੰਦ ਕਹਾਣੀਆਂ ਵਿੱਚੋਂ ਇੱਕ ਕਹਾਣੀ ਚਾਤ੍ਰਿਕ ਦੀ ਸੀ, ਜਿਸਦੇ ਨਾਮ ਉੱਤੇ ਉਨ੍ਹਾਂ ਨੇ ਆਪਣੀ ਆਰਕੀਟੈਕਚਰ ਕੰਪਨੀ ਦਾ ਨਾਮ ਰੱਖਿਆ ਸੀ।
ਪੁਰਸਕਾਰ ਸਮਾਰੋਹ ਸਿਨਸਿਨਾਟੀ ਦੇ ਲੌਰੇਲ ਪਾਰਕ ਦੇ ਉਸੇ ਸਥਾਨ ’ਤੇ ਆਯੋਜਿਤ ਕੀਤਾ ਗਿਆ ਸੀ, ਜਿੱਥੇ ਸਿਨਸਿਨਾਟੀ ਪਾਰਕਸ ਫਾਊਂਡੇਸ਼ਨ ਵਲੋਂ ਜੈਪਾਲ ਸਿੰਘ ਦੀ ਟੀਮ ਦੁਆਰਾ ਡਿਜ਼ਾਈਨ ਕੀਤੇ ਸਿਨਸਿਨਾਟੀ ਦੇ ਮਹਾਨ ਐਜ਼ਾਰਡ ਚਾਰਲਸ ਦੇ ਬੁੱਤ ਦੀ ਸਥਾਪਨਾ ਕੀਤੀ ਜਾਵੇਗੀ। ਜੈਪਾਲ ਸਿੰਘ ਲਈ ਸੇਵਾ ਬਹੁਤ ਮਹੱਤਵਪੂਰਨ ਸੀ। ਉਹਨਾਂ 2018 ਵਿੱਚ ਸ਼ੁਰੁ ਹੋਏ ਸਾਲਾਨਾ ਸਿਨਸਿਨਾਟੀ ਫੈਸਟੀਵਲ ਆਫ਼ ਫ਼ੇਥਸ (ਵਿਸ਼ਵ ਧਰਮ ਸੰਮੇਲਨ) ਲਈ ਸਹਾਇਕ ਚੇਅਰ ਵਜੋਂ ਸੇਵਾ ਕੀਤੀ। ਇਸ ਸੰਮੇਲਨ ਵਿਚ 13 ਪ੍ਰਮੁੱਖ ਵਿਸ਼ਵ ਧਰਮਾਂ ਦੇ ਲੋਕ ਅਤੇ 90 ਤੋਂ ਵੀ ਵੱਧ ਸੰਸਥਾਵਾਂ ਭਾਗ ਲੈਂਦੀਆਂ ਹਨ ਜਿੱਥੇ ਸਿੱਖ ਸੰਗਤਾਂ ਵੱਲੋਂ ਲੰਗਰ ਵੀ ਲਗਾਇਆ ਜਾਂਦਾ ਹੈ। ਉਨ੍ਹਾਂ ਗੁਰੂ ਸਾਹਿਬ ਦਾ ਸੁਨੇਹਾ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਵੱਖ-ਵੱਖ ਧਰਮਾਂ ਦੇ ਲੋਕਾਂ ਤੱਕ ਪਹੁੰਚਾਇਆ।
