ਕੈਨੇਡਾ ’ਚ ਹਿੰਦੂ ਮੰਦਰ ’ਤੇ ਲਿਖੇ ਖਾਲਿਸਤਾਨੀ ਨਾਹਰੇ

ਟੋਰਾਂਟੋ ਦੇ ਸਵਾਮੀ ਨਾਰਾਇਣ ਮੰਦਰ ਵਿਚ ਵਾਪਰੀ ਘਟਨਾ
ਟੋਰਾਂਟੋ, 15 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਖੇ ਸਥਿਤ ਸਵਾਮੀ ਨਾਰਾਇਣ ਮੰਦਰ ਦੀਆਂ ਕੰਧਾਂ ’ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ‘ਖਾਲਿਸਤਾਨੀ’ ਅਤੇ ਭਾਰਤ ਵਿਰੋਧੀ ਨਾਹਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਔਟਵਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਨੂੰ ਹਿੰਦੂ ਮੰਦਰ ਦੀ ਬੇਅਦਬੀ ਕਰਾਰ ਦਿਤਾ ਹੈ ਅਤੇ ਕੈਨੇਡੀਅਨ ਅਧਿਕਾਰੀਆਂ ਨੂੰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਗੁਜ਼ਾਰਿਸ਼ ਕਰਦਿਆਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਆਖਿਆ ਹੈ। ਨੇਪੀਅਨ ਤੋਂ ਲਿਬਰਲ ਐਮ.ਪੀ. ਚੰਦਰਾ ਆਰਿਆ, ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਅਤੇ ਬਰੈਂਪਟਨ ਨੌਰਥ ਤੋਂ ਐਮ.ਪੀ. ਰੂਬੀ ਸਹੋਤਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਇਹ ਬੇਹੱਦ ਗੰਭੀਰ ਮਾਮਲਾ ਹੈ ਅਤੇ ਸਮਾਜ ਦੇ ਹਰ ਵਰਗ ਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਚੰਦਰਾ ਆਰਿਆ ਨੇ ਕਿਹਾ ਕਿ ਹਿੰਦੂਆਂ ਦੇ ਧਾਰਮਿਕ ਸਥਾਨ ਨਾਲ ਵਾਪਰੀ ਇਹ ਪਹਿਲੀ ਘਟਨਾ ਨਹੀਂ, ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਕਈ ਇਲਾਕਿਆਂ ਵਿਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਕੈਨੇਡਾ ਵਿਚ ਵਸਦੇ ਹਿੰਦੂ ਇਸ ਘਟਨਾ ਤੋਂ ਬੇਹੱਦ ਚਿੰਤਤ ਹਨ। ਸੋਨੀਆ ਸਿੱਧੂ ਨੇ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਕੈਨੇਡਾ ਵੰਨ ਸੁਵੰਨ ਸਭਿਆਚਾਰਕ ਪਿਛੋਕੜ ਵਾਲੇ ਲੋਕਾਂ ਦਾ ਮੁਲਕ ਹੈ। ਇਥੇ ਦੁਨੀਆਂ ਦੇ ਹਰ ਧਰਮ ਨਾਲ ਸਬੰਧਤ ਲੋਕ ਅਮਨ-ਸ਼ਾਂਤੀ ਨਾਲ ਰਹਿੰਦੇ ਹਨ ਅਤੇ ਹਰ ਸ਼ਖਸ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਮੰਦਰ ਦੀਆਂ ਕੰਧਾਂ ’ਤੇ ਖਲਿਸਤਾਨੀ ਨਾਹਰੇ ਲਿਖਣ ਵਾਲਿਆਂ ਨੂੰ ਆਪਣੇ ਕੀਤੇ ਦੀ ਸਜ਼ਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।

Video Ad
Video Ad