ਮਿਸੀਸਾਗਾ ਦੇ ਸਟੋਰ ਵਿਚ ਛੁਰੇਬਾਜ਼ੀ, ਔਰਤ ਹਲਾਕ

ਮਿਸੀਸਾਗਾ, 20 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਮਿਸੀਸਾਗਾ ਵਿਖੇ ਸੋਮਵਾਰ ਸ਼ਾਮ ਭੀੜ ਭਾੜ ਵਾਲੇ ਕੈਨੇਡੀਅਨ ਟਾਇਰ ਸਟੋਰ ਵਿਚ ਇਕ ਔਰਤ ਦੀ ਛੁਰਾ ਮਾਰ ਕੇ ਹੱਤਿਆ ਕਰ ਦਿਤੀ ਗਈ। ਪੁਲਿਸ ਨੇ ਮਾਮਲੇ ਦੀ ਤਹਿਕੀਕਾਤ ਕਰਦਿਆਂ ਇਕ ਸ਼ਖਸ ਨੂੰ ਹਿਰਾਸਤ ਵਿਚ ਲਿਆ ਹੈ। ਇਹ ਵਾਰਦਾਤ ਮੇਵਿਸ ਰੋਡ ਅਤੇ ਬ੍ਰਿਟੈਨੀਆ ਰੋਡ ਇਲਾਕੇ ਵਿਚ ਵਾਪਰੀ ਦੱਸੀ ਜਾ ਰਹੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਂਸਟੇਬਲ ਫ਼ਿਲਿਪ ਯੇਕ ਨੇ ਦੱਸਿਆ ਕਿ ਪੁਲਿਸ ਅਫ਼ਸਰਾਂ ਮੌਕਾ ਏ ਵਾਰਦਾਤ ’ਤੇ ਪੁੱਜੇ ਤਾਂ ਔਰਤ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੀ ਅਤੇ ਬਦਕਿਸਮਤੀ ਨਾਲ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਪੁਲਿਸ ਨੂੰ ਇਕ ਮਰਦ ਵੀ ਜ਼ਖ਼ਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਿਰਾਸਤ ਵਿਚ ਲੈ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ। ਪੁਲਿਸ ਵੱਲੋਂ ਔਰਤ ਅਤੇ ਮਰਦ ਵਿਚਾਲੇ ਰਿਸ਼ਤੇ ਅਤੇ ਛੁਰੇਬਾਜ਼ੀ ਦੇ ਮਕਸਦ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫ਼ਿਲਹਾਲ ਛੁਰੇਬਾਜ਼ੀ ਦੀ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਮੁਹੱਈਆ ਕਰਵਾਉਣੀ ਸੰਭਵ ਨਹੀਂ। ਇਥੇ ਦਸਣਾ ਬਣਦਾ ਹੈ ਕਿ ਛੁਰੇਬਾਜ਼ੀ ਸਟੋਰ ਦੇ ਅੰਦਰ ਹੋਈ ਅਤੇ ਪੀਲ ਪੁਲਿਸ ਦੇ ਹੋਮੀਸਾਈਡ ਇਨਵੈਸਟੀਗੇਟਰਜ਼ ਵੱਲੋਂ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਗਿਆ ਹੈ।

Video Ad
Video Ad