ਪੈਸਾ ਨਹੀਂ ਹੈ ਸਭ ਕੁੱਝ

ਜਿੰਦਗੀ ਬਹੁਤ ਖੂਬਸੂਰਤ ਹੈ। ਅਸੀਂ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈਂਦੇ ਹਾਂ। ਮਾਂ ਬਾਪ ਦੀ ਕਿਰਪਾ ਸਦਕਾ ਅਸੀਂ ਇਸ ਸੋਹਣੇ ਸੰਸਾਰ ਦੇ ਦਰਸ਼ਨ ਕਰਦੇ ਹਨ। ਅਸੀਂ ਆਪਣੀ ਮਰਜ਼ੀ ਨਾਲ ਇਸ ਸੰਸਾਰ ਵਿੱਚ ਨਹੀਂ ਆਉਂਦੇ। ਇਹ ਦਾਤੇ ਤੇ ਨਿਰਭਰ ਕਰਦਾ ਹੈ ਕਿ ਸਾਨੂੰ ਕਿਸ ਘਰ ਵਿੱਚ ਭੇਜਣਾ ਹੈ । ਅਸੀਂ ਆਪਣੀ ਮਰਜ਼ੀ ਨਾਲ ਨਹੀਂ ਆਉਂਦੇ। ਕੁੱਝ ਸਾਡੇ ਪੁਰਲੇ  ਸੰਬੰਧ ਵੀ ਹੁੰਦੇ ਹਨ। ਅਸੀਂ ਆਮ ਦੇਖਦੇ ਹਾਂ ਕਿ ਕਈ ਲੋਕਾਂ ਦੀ ਕਿਸਮਤ ਬਹੁਤ ਚੰਗੀ ਹੁੰਦੀ ਹੈ, ਤਾਂ ਉਹ ਬਹੁਤ ਵਧੀਆ ਘਰ ਭਾਵ ਅਮੀਰ ਘਰ ਵਿੱਚ ਜਨਮ ਲੈਂਦੇ ਹਨ। ਦੂਜਾ ਪਹਿਲੂ ਕਈ ਬੰਦੇ ਇੰਨੇ ਚੰਗੇ ਹੁੰਦੇ ਹਨ ਕਿ ਉਨ੍ਹਾਂ ਦਾ ਬਚਪਨ ਬਹੁਤ ਜ਼ਿਆਦਾ ਗ਼ਰੀਬੀ ਵਿੱਚ ਬੀਤਦਾ ਹੈ। ਉਹ ਗ਼ਰੀਬ ਘਰ ਵਿੱਚ ਪੈਦਾ ਹੋ ਜਾਂਦੇ ਹਨ। ਕਈ ਵਾਰ  ਤਾਂ ਇਹ ਵੀ ਹੁੰਦਾ ਹੈ ਕਿ ਉਸ ਪਰਿਵਾਰ ਵਿੱਚੋਂ ਪਿਓ  ਦੀ ਮੌਤ ਹੋ ਜਾਂਦੀ ਹੈ। ਫਿਰ ਦੁੱਖਾਂ ਦਾ ਪਹਾੜ ਪਰਿਵਾਰ ਤੇ ਟੁੱਟ ਜਾਂਦਾ ਹੈ । ਫਿਰ ਉਹ ਪਰਿਵਾਰ ਬਹੁਤ ਮਿਹਨਤ ਮੁਸ਼ੱਕਤ ਨਾਲ ਆਪਣੇ ਪੈਰਾਂ ਤੇ ਖੜਾ ਹੋ ਕੇ  ਪਰਿਵਾਰ ਦਾ ਗੁਜ਼ਾਰਾ ਕਰਦਾ ਹੈ।
ਜੇ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਭਾਵ 10-15 ਸਾਲ ਤੋਂ ਪਹਿਲਾਂ ਦੀ ਗੱਲ ਕਰੀਏ  ਤਾਂ ਲੋਕਾਂ ਵਿੱਚ ਬਹੁਤ ਪਿਆਰ ਹੁੰਦਾ। ਸਿਰਫ਼ ਗੁਜ਼ਾਰਨ ਲਈ ਹੀ ਪੈਸਾ ਹੁੰਦਾ ਸੀ। ਲੋਕਾਂ ਵਿੱਚ ਪੈਸੇ ਦੀ ਹੋੜ ਬਹੁਤ ਘੱਟ ਹੁੰਦੀ ਸੀ। ਲਾਲਚ ਬਿਲਕੁਲ ਵੀ ਨਹੀਂ ਹੁੰਦਾ ਸੀ। ਬਸ ਲੋਕਾਂ ਨੂੰ ਇਹ ਹੁੰਦਾ ਸੀ ਕਿ ਸਾਡੇ ਪਰਿਵਾਰ ਦਾ ਵਧੀਆ ਗੁਜ਼ਾਰਾ ਚੱਲਦਾ ਰਹੇ। ਸਾਨੂੰ ਜ਼ਿਆਦਾ ਪੈਸੇ ਦੀ ਲੋੜ ਵੀ ਨਹੀਂ। ਕਹਿਣ ਦਾ ਭਾਵ ਹੈ ਕਿ ਪੈਸਾ ਹੀ ਸਾਰਾ ਕੁਝ ਨਹੀਂ ਹੁੰਦਾ ਸੀ। ਰਿਸ਼ਤਿਆਂ ਦੀ ਬਹੁਤ ਅਹਿਮੀਅਤ ਹੁੰਦੀ ਸੀ। ਹਰ ਰਿਸ਼ਤੇ ਦਾ ਬਹੁਤ ਆਦਰ ਸਤਿਕਾਰ ਹੁੰਦਾ ਸੀ। ਮਾਂ-ਬਾਪ ਦੀ ਬਹੁਤ ਇੱਜ਼ਤ ਹੁੰਦੀ ਸੀ ।ਘਰ ਵਿੱਚ ਬਜ਼ੁਰਗਾਂ ਦਾ ਬਹੁਤ ਸਤਿਕਾਰ ਹੁੰਦਾ ਸੀ। ਭਰਾ ਭਰਾ ਦਾ ਬਹੁਤ ਪਿਆਰ ਹੁੰਦਾ ਸੀ। ਬੱਚੇ ਆਪਣੇ ਮਾਂ ਬਾਪ ਦੇ ਮੁਤਾਬਕ ਚਲਦੇ ਸਨ। ਜੇਕਰ ਘਰ ਦਾ ਵੱਡਾ  ਮੈਂਬਰ ਜਿਸ ਨੂੰ ਘਰ ਦਾ ਲਾਣੇਦਾਰ ,ਚੌਧਰੀ ਵੀ ਕਹਿੰਦੇ ਸਨ ,ਬੱਚਿਆਂ ਨੂੰ ਝਿੜਕ ਵੀ ਦਿੰਦਾ ਸੀ ਤਾਂ ਮਾ-ਬਾਪ ਬਿਲਕੁਲ ਵੀ  ਮੱਥੇ ਤੇ ਵੱਟ  ਨਹੀਂ ਪੈਣ ਦਿੰਦੇ ਸਨ । ਲੋਕਾਂ ਵਿੱਚ ਇਨਸਾਨੀਅਤ ਆਮ ਦੇਖਣ ਨੂੰ ਮਿਲਦੀ ਸੀ। ਜੇ ਕਿਸੇ ਪਰਿਵਾਰ ਤੇ ਮਾੜਾ ਸਮਾਂ ਆ ਜਾਂਦਾ ਸੀ , ਚਾਹੇ ਉਹ ਕਿਸੇ ਵੀ ਜਾਤ ਨਾਲ ਸਬੰਧ ਰੱਖਦਾ ਹੋਵੇ, ਉਸ ਨਾਲ ਹਰ ਪਰਿਵਾਰ ਪਿੰਡ ਦਾ ਹਮਮਰਦੀ ਕਰਦਾ ਸੀ । ਕਹਿਣ ਦਾ ਭਾਵ ਹੈ ਕਿ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਜਾਂਦੀ ਸੀ।
ਸਮਾਂ ਬਦਲਿਆ। ਅੱਜ ਦੇ ਜ਼ਮਾਨੇ ਦੀ ਤਾਂ ਗੱਲ ਹੀ ਛੱਡੋ। ਭਰਾ-ਭਰਾ ਦਾ ਦੁਸ਼ਮਣ ਹੋ ਚੁੱਕਿਆ ਹੈ। ਇਨਸਾਨੀਅਤ ਸ਼ਰਮਸ਼ਾਰ ਹੋ ਚੁੱਕੀ ਹੈ। ਪੈਸੇ ਦੀ ਇੰਨੀ ਹੋੜ ਲੱਗ ਚੁੱਕੀ ਹੈ ਕਿ ਭਰਾ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ। ਰਿਸ਼ਤੇ ਖ਼ਤਮ ਹੋ ਚੁੱਕੇ ਹਨ। ਸਭ ਕੁਝ ਪੈਸਾ ਹੀ ਹੋ ਚੁੱਕਿਆ ਹੈ। ਆਮ ਸਮਾਜ ਵਿੱਚ ਦੇਖਣ ਨੂੰ ਵੀ ਆਉਂਦਾ ਹੈ ਕਿ ਜਿਸ ਕੋਲ ਜਿਆਦਾ ਪੈਸਾ ਹੈ ।ਲੋਕ ਉਸ ਦੀ ਪੈਸੇ ਕਰਕੇ ਹੀ ਕਦਰ ਕਰਦੇ ਹਨ। ਜੋ ਵਿਚਾਰਾ ਮੱਧਮ ਪਰਿਵਾਰ ਨਾਲ ਸਬੰਧ ਰੱਖਦਾ ਹੈ ਭਾਵ ਜਿਸ  ਪਰਿਵਾਰ ਵਿੱਚ ਸਿਰਫ਼ ਆਈ ਚਲਾਈ ਹੀ ਚਲਦੀ ਹੈ, ਉਸ ਪਰਿਵਾਰ ਨੂੰ ਵਿਆਹ ਸਮਾਗਮਾਂ ਵਰਗੇ ਪ੍ਰੋਗਰਾਮ ਵਿੱਚ ਬੁਲਾਉਣ ਤੋਂ  ਅਜਿਹੇ ਲੋਕ ਆਪਣੀ ਬੇ-ਇੱਜਤੀ ਸਮਝਣ ਲੱਗ ਗਏ ਹਨ। ਕਹਿੰਦੇ ਹਨ ਕਿ ਇਸ ਕੋਲ ਤਾਂ ਮੋਟਰਸਾਈਕਲ ਜਾਂ ਦੋ ਪਹੀਆਂ ਵਾਹਨ ਹੈ। ਜੇ ਅਸੀਂ ਇਸ ਨੂੰ ਪ੍ਰੋਗਰਾਮ ਵਿਚ ਬੁਲਾ ਲੈਂਦੇ ਹਨ ਤਾਂ ਸਾਡੀ ਤਾਂ ਰਿਸ਼ਤੇਦਾਰਾਂ ਸਾਹਮਣੇ ਥੂ ਥੂ ਹੋ ਜਾਵੇਗੀ ।ਇਸ ਨੇ ਤਾਂ ਕੀ ਸ਼ਗਨ ਦੇਣਾ ਹੈ? ਜੇ ਉਹੀਂ ਗਰੀਬ ਪਰਿਵਾਰ ਆਪਣੇ ਘਰ ਵਿਆਹ ਸ਼ਾਦੀ ਜਾਂ ਹੋਰ ਵੀ ਕੋਈ ਪ੍ਰੋਗਰਾਮ ਕਰਵਾਉਂਦਾ ਹੈ ਤਾਂ ਅਜਿਹੇ ਲੋਕ ਉਸਦੇ ਘਰ ਨਹੀਂ ਜਾਂਦੇ। ਕਹਿੰਦੇ ਹਨ ਕਿ ਜੀ ਅਸੀਂ ਚਲੇ ਗਏ ਤਾਂ ਸਾਡੇ ਸ਼ਰੀਕਾ ਭਾਈਚਾਰਾ ਕੀ ਕਹੇਗਾ ਕਿ ਤੂੰ ਉਸ ਗਰੀਬ ਦੇ ਘਰ ਗਿਆ? ਕਹਿਣ ਦਾ ਮਤਲਬ ਹੈ ਕਿ ਸਾਰਾ ਕੁਝ ਕਰਤਾ-ਧਰਤਾ ਪੈਸਾ ਹੀ ਹੋ ਗਿਆ ਹੈ।  ਆਮ ਦੇਖਣ ਵਿੱਚ ਵੀ ਆਉਂਦਾ ਹੈ ਕਿ ਜੋ ਗਰੀਬ ਪਰਿਵਾਰ ਜਾਂ ਮੱਧਮ ਪਰਿਵਾਰ ਹੁੰਦਾ ਹੈ, ਉਹ ਆਪਣੀ ਔਕਾਤ ਨਾਲੋਂ ਵੱਧ ਲੋਕਾਂ ਦੀ ਕਦਰ ਕਰਦਾ ਹੈ। ਇੱਜ਼ਤ ਕਰਦਾ ਹੈ।
ਪਿਛਲੇ ਦੋ ਸਾਲਾਂ ਤੋਂ ਅਸੀਂ ਸਾਰਾ ਕੁੱਝ ਹੀ ਦੇਖ ਰਹੇ ਹਨ। ਕਰੋਨਾ ਮਹਾਮਾਰੀ ਕਾਰਨ ਦੇਸ਼ ਵਿਚ ਹਾਹਾਕਾਰ ਮੱਚੀ ਹੋਈ ਸੀ। ਅਰਬਪਤੀ ਕਰੋੜ ਪਤੀਆਂ ਦੇ ਪੈਸੇ ਧਰੇ-ਧਰਾਏ ਬੈਂਕਾਂ ਵਿੱਚ ਹੀ ਰਹਿ ਗਏ। ਹਾਲਾਤ ਇੰਨੇ ਮਾੜੇ ਹੋ ਚੁੱਕੇ ਸਨ ਕਿ ਔਲਾਦ ਨੇ ਆਪਣੇ ਮਾਂ ਬਾਪ ਦੀਆਂ ਅੰਤਿਮ ਰਸਮਾਂ ਵੀ ਨਹੀਂ ਨਿਭਾਈਆਂ। ਮਾਂ ਬਾਪ ਨੇ ਆਪਣੀ ਔਲਾਦ ਲਈ ਬੈਂਕਾਂ ਤੱਕ ਭਰ ਦਿੱਤੀਆਂ।ਅਸੀਂ ਸਾਰਿਆਂ ਨੇ ਇਹ ਦ੍ਰਿਸ਼ ਆਪਣੀਆਂ ਅੱਖਾਂ ਨਾਲ ਜਾਂ ਅਖ਼ਬਾਰਾਂ ਵਿਚ ਪੜ੍ਹੇ ਵੀ ਹਨ। ਕਹਿਣ ਦਾ ਭਾਵ ਹੈ ਕਿ ਜਿੰਨਾ ਮਰਜ਼ੀ ਲੋਕਾਂ ਕੋਲ ਪੈਸਾ ਸੀ। ਮਾੜੇ ਸਮੇਂ ਉਹ ਪੈਸਾ ਵੀ ਕੋਈ ਕੰਮ ਨਹੀਂ ਆਇਆ। ਜ਼ਿੰਦਗੀ ਜਿਹੀ ਥੰਮ ਚੁੱਕੀ ਸੀ। ਅਜਿਹੇ ਕਿੰਨੇ ਹੀ ਕਰੋੜਪਤੀ ਅਮੀਰ ਪਰਿਵਾਰ ਇਸ ਸੰਸਾਰ ਤੋਂ ਰੁਖ਼ਸਤ ਹੋਏ, ਜਿਨ੍ਹਾਂ ਦੀਆ ਪਤਾ ਹੀ ਨਹੀਂ, ਕਿੰਨੀਆਂ ਕੁ  ਅਰਬਾਂ ਦੀਆਂ ਜਾਇਦਾਦਾਂ ਹੋਣੀਆਂ, ਮਾੜੇ ਸਮੇ ਵਿਚ ਉਹਨਾਂ ਦੇ ਆਪਣੇ ਪੇਟ ਦੇ ਜਾਇਆਂ ਨੇ ਵੀ ਭਾਵ ਖੂਨ ਦੇ ਰਿਸ਼ਤਿਆਂ ਨੇ ਵੀ ਅਰਥੀ ਨੂੰ ਮੋਢਾ ਤੱਕ ਨਹੀਂ ਦਿੱਤਾ। ਇੰਨਾ ਕੁਝ ਹੋ ਕੇ ਫਿਰ ਵੀ ਲੋਕਾਂ ਨੂੰ ਸਮਝ ਨਹੀਂ ਆਉਂਦੀ। ਸਾਨੂੰ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ। ਚਲੋ ਪੈਸਾ ਤਾਂ ਜਰੂਰਤ ਲਈ ਹੈ। ਪੈਸਾ ਹੋਣਾ ਵੀ ਚਾਹੀਦਾ ਹੈ। ਬਿਨਾਂ ਪੈਸੇ ਤੋਂ ਤਾਂ ਗੁਜ਼ਾਰਾ ਵੀ ਨਹੀਂ ਹੁੰਦਾ। ਪੈਸਾ ਹੈ ਤਾਂ ਬਹੁਤ ਕੁਝ, ਪਰ ਕਈ ਵਾਰ ਪੈਸਾ ਕੰਮ ਵੀ ਨਹੀਂ ਆਉਂਦਾ। ਠੀਕ ਐ! ਅਸੀਂ ਸਾਰੇ ਹੀ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਰ ਸਾਨੂੰ ਰਿਸ਼ਤਿਆਂ ਦੀ ਵੀ ਅਹਿਮੀਅਤ ਸਮਝਣੀ ਚਾਹੀਦੀ ਹੈ। ਹਰ ਰਿਸ਼ਤੇ ਦੀ ਕਦਰ ਕਰਨੀ ਚਾਹੀਦੀ ਹੈ, ਤਾਂ ਹੀ ਅਸੀਂ ਸਮਾਜ ਵਿੱਚ ਇੱਕ ਵਧੀਆ ਆਪਣਾ ਕਿਰਦਾਰ ਨਿਭਾ ਪਾਵਾਂਗੇ।
ਸੰਜੀਵ ਸਿੰਘ ਸੈਣੀ, ਮੋਹਾਲੀ। 7888966168
Attachments area
Video Ad