ਭਾਰਤ ’ਚ ਅੱਜ ਫਿਰ ਮਿਲੇ ਕੋਰੋਨਾ ਦੇ 12 ਹਜ਼ਾਰ ਤੋਂ ਵੱਧ ਨਵੇਂ ਕੇਸ

ਨਵੀਂ ਦਿੱਲੀ, 17 ਜੂਨ (ਹਮਦਰਦ ਨਿਊਜ਼ ਸਰਵਿਸ) : ਭਾਰਤ ’ਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਲਗਾਤਾਰ ਦੂਜੇ ਦਿਨ 12 ਹਜ਼ਾਰ ਤੋਂ ਵੱਧ ਨਵੇਂ ਕੋਰੋਨਾ ਕੇਸ ਮਿਲੇ।

Video Ad

ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 24 ਘੰਟਿਆਂ ਵਿੱਚ ਸਾਹਮਣੇ ਆਏ 12 ਹਜ਼ਾਰ 847 ਨਵੇਂ ਕੇਸਾਂ ਨੂੰ ਮਿਲਾ ਕੇ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਐਕਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 63 ਹਜ਼ਾਰ 63 ਹੋ ਗਈ ਹੈ। ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 4,32,70,577 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ 4,26,82,697 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।
ਪਿਛਲੇ 24 ਘੰਟਿਆਂ ਵਿੱਚ ਕੁੱਲ 7,985 ਲੋਕ ਕੋਰੋਨਾ ਤੋਂ ਠੀਕ ਹੋਏ ਹਨ। ਇਸ ਦੇ ਨਾਲ ਹੀ ਕੋਰੋਨਾ ਨਾਲ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਦੇਸ਼ ਭਰ ਵਿੱਚ ਕੁੱਲ 63,063 ਮਰੀਜ਼ ਇਲਾਜ ਅਧੀਨ ਹਨ। ਦੇਸ਼ ਵਿੱਚ ਹੁਣ ਤੱਕ ਕੁੱਲ 5,24,817 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਜੇਕਰ ਪਿਛਲੇ ਦਿਨ ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ 16 ਜੂਨ ਨੂੰ ਦੇਸ਼ ’ਚ ਕਰੀਬ 12 ਹਜ਼ਾਰ 2 ਸੌ ਮਾਮਲੇ ਦਰਜ ਹੋਏ ਸੀ। ਪਿਛਲੇ ਕੁਝ ਦਿਨਾਂ ਤੋਂ ਇਹ ਅੰਕੜਾ ਲਗਾਤਾਰ 8 ਹਜ਼ਾਰ ਦੇ ਕਰੀਬ ਬਣ ਰਿਹਾ ਸੀ, ਪਰ ਹੁਣ ਕੋਰੋਨਾ ਦੇ ਮਾਮਲਿਆਂ ’ਚ ਅਚਾਨਕ ਵੱਡਾ ਉਛਾਲ ਆਇਆ ਹੈ।

ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਹੁਣ ਚੌਥੀ ਲਹਿਰ ਦਾ ਖ਼ਤਰਾ ਹੈ। ਇਸੇ ਲਈ ਦੇਸ਼ ਭਰ ਵਿੱਚ ਟੀਕਾਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਰੋਜ਼ਾਨਾ ਸੰਕਰਮਣ ਦਰ 2.35 ਪ੍ਰਤੀਸ਼ਤ ਹੈ, ਜਦੋਂ ਕਿ ਹਫਤਾਵਾਰੀ ਲਾਗ ਦਰ 2.38 ਪ੍ਰਤੀਸ਼ਤ ਹੈ। ਕੋਵਿਡ-19 ਨਾਲ ਮੌਤ ਦਰ 1.21 ਫੀਸਦੀ ਹੈ।

Video Ad