
ਪ੍ਰਮਿਲਾ ਜੈਪਾਲ ਦੇ ਘਰ ਮੂਹਰੇ ਪਸਤੌਲ ਲੈ ਕੇ ਆ ਗਿਆ ਸੀ ਗੋਰਾ
‘ਭਾਰਤ ਵਾਪਸ ਚਲੀ ਜਾ’ ਦੇ ਲਾਏ ਸਨ ਨਾਹਰੇ
ਵਾਸ਼ਿੰਗਟਨ, 28 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਭਾਰਤੀ ਮੂਲ ਦੀ ਪਹਿਲੀ ਮਹਿਲਾ ਐਮ.ਪੀ. ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਸ਼ਖਸ ਦੀ ਗ੍ਰਿਫ਼ਤਾਰੀ ਤੋਂ ਕਈ ਹਫ਼ਤੇ ਬਾਅਦ ਉਸ ਵਿਰੁੱਧ ਪਿੱਛਾ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ।
49 ਸਾਲ ਦਾ ਬਰੈਟ ਫੌਰਸੈਲ ਭਰੀ ਹੋਈ ਪਸਤੌਲ ਲੈ ਕੇ ਪ੍ਰਮਿਲਾ ਜੈਪਾਲ ਦੇ ਘਰ ਪਹੁੰਚ ਗਿਆ ਸੀ ਅਤੇ ‘ਭਾਰਤ ਵਾਪਸ ਚਲੀ ਜਾ’ ਵਰਗੇ ਫ਼ਿਕਰੇ ਕਸਣ ਲੱਗਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬਰੈਟ ਫੌਰਸੈਲ ਦੀ ਜ਼ਮਾਨਤ ਲਈ 5 ਲੱਖ ਡਾਲਰ ਦੀ ਰਕਮ ਤੈਅ ਕੀਤੀ ਗਈ ਹੈ ਕਿਉਂਕਿ ਉਸ ਨੇ ਜਾਂਚਕਰਤਾਵਾਂ ਨੂੰ ਦੱਸਿਆ ਸੀ ਕਿ ਰਿਹਾਈ ਮਗਰੋਂ ਉਹ ਮੁੜ ਪ੍ਰਮਿਲਾ ਜੈਪਾਲ ਦੇ ਘਰ ਜਾਵੇਗਾ।
ਸਿਆਟਲ ਦੀ ਇਕ ਨਿਊਜ਼ ਵੈਬਸਾਈਟ ਮੁਤਾਬਕ ਵਾਰਦਾਤ ਵਾਲੇ ਦਿਨ ਬਰੈਟ ਫੌਰਸੈਲ ਕੋਲ 40 ਬੋਰ ਦੀ ਪਸਤੌਲ ਅਤੇ ਇਕ ਜ਼ਿੰਦਾ ਕਾਰਤੂਸ ਮੌਜੂਦ ਸੀ। 9 ਜੁਲਾਈ ਨੂੰ ਪ੍ਰਮਿਲਾ ਜੈਪਾਲ ਅਤੇ ਉਨ੍ਹਾਂ ਦੇ ਪਤੀ ਸਟੀਵ ਵਿਲੀਅਮਸਨ ਆਪਣੇ ਘਰ ਅੰਦਰ ਸਨ ਜਦੋਂ ਕਿਸੇ ਸ਼ਖਸ ਵੱਲੋਂ ਬਦਜ਼ੁਬਾਨੀ ਦੀਆਂ ਆਵਾਜ਼ਾਂ ਆਉਣ ਲੱਗੀਆਂ।
ਘਰ ਦੇ ਬਾਹਰ ਖੜ੍ਹਾਂ ਸ਼ਖਸ ਕਹਿ ਰਿਹਾ ਸੀ, ‘‘ਭਾਰਤ ਵਾਪਸ ਚਲੀ ਜਾ।’’