
ਪੈਰੋਲ ਬੋਰਡ ਨੇ ਲਾਗੂ ਕੀਤੀਆਂ ਸਖ਼ਤ ਸ਼ਰਤਾਂ
ਬੇਟੀ ਨੂੰ ਮਿਲਣ ਵਾਸਤੇ ਵੀ ਪੈਰੋਲ ਸੁਪਰਵਾਈਜ਼ਰ ਦੀ ਪ੍ਰਵਾਨਗੀ ਲਾਜ਼ਮੀ
ਸਰੀ, ਬੀ.ਸੀ., 3 ਅਗਸਤ (ਵਿਸ਼ੇਸ਼ ਪ੍ਰਤੀਨਿਧ) : ਗਰਭਵਤੀ ਪਤਨੀ ਦਾ ਕਤਲ ਕਰਨ ਮਗਰੋਂ ਲਾਸ਼ ਸਾੜਨ ਵਾਲੇ ਬੀ.ਸੀ. ਦੇ ਮੁਖਤਿਆਰ ਪੰਘਾਲੀ ਨੂੰ ਦਿਨ ਦੀ ਪੈਰੋਲ ਮਿਲ ਗਈ ਹੈ। ਕੈਨੇਡਾ ਦੇ ਪੈਰੋਲ ਬੋਰਡ ਨੇ 50 ਸਾਲ ਦੇ ਮੁਖਤਿਆਰ ਪੰਘਾਲੀ ਵੱਲੋਂ ਕੀਤੇ ਅਪਰਾਧ ਅਤੇ ਜੇਲ੍ਹ ਵਿਚ ਉਸ ਦੇ ਚਾਲ-ਚਲਣ ਨੂੰ ਵੇਖਦਿਆਂ ਛੇ ਮਹੀਨੇ ਲਈ ਦਿਨ ਵੇਲੇ ਦੀ ਛੁੱਟੀ ਦੇਣ ਦਾ ਫ਼ੈਸਲਾ ਸੁਣਾਇਆ ਹੈ।
ਮੁਖਤਿਆਰ ਪੰਘਾਲੀ ਨੂੰ 15 ਸਾਲ ਤੱਕ ਬਗ਼ੈਰ ਪੈਰੋਲ ਦੇ ਸੰਭਾਵਨਾ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਹ ਤਕਰੀਬਨ 11 ਸਾਲ ਜੇਲ੍ਹ ਵਿਚ ਕੱਟ ਚੁੱਕਾ ਹੈ। 25 ਜੁਲਾਈ ਨੂੰ ਆਏ ਫ਼ੈਸਲੇ ਮਗਰੋਂ ਉਸ ਨੂੰ ਕਮਿਊਨਿਟੀ ਵਿਚ ਕਿਸੇ ਰਿਹਾਇਸ਼ੀ ਇਕਾਈ ਜਾਂ ਕਮਿਊਨਿਟੀ ਕੁਰੈਕਸ਼ਨਲ ਸੈਂਟਰ ਵਿਚ ਰੱਖਿਆ ਜਾ ਸਕਦਾ ਹੈ।
ਮੁਖਤਿਆਰ ਪੰਘਾਲੀ ਨੂੰ ਜੇਲ੍ਹ ਤੋਂ ਦਿਨ ਵੇਲੇ ਦੀ ਛੁੱਟੀ ਦਿੰਦਿਆਂ ਪੈਰੋਲ ਬੋਰਡ ਵੱਲੋਂ ਸਖ਼ਤ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ ਜਿਨ੍ਹਾਂ ਤਹਿਤ ਉਹ ਆਪਣੇ ਸਹੁਰਾ ਪਰਵਾਰ ਨਾਲ ਸੰਪਰਕ ਕਰਨ ਦਾ ਯਤਨ ਨਹੀਂ ਕਰੇਗਾ ਅਤੇ ਇਥੋਂ ਤੱਕ ਕਿ ਪੈਰੋਲ ਸੁਪਰਵਾਈਜ਼ਰ ਦੀ ਲਿਖਤੀ ਇਜਾਜ਼ਤ ਤੋਂ ਬਗ਼ੈਰ ਆਪਣੀ ਬੇਟੀ ਨੂੰ ਵੀ ਨਹੀਂ ਮਿਲ ਸਕੇਗਾ।