Home ਸਾਹਿਤਕ ਪੰਜਾਬ ਦੇ ਖੇਤਾਂ ਦੀ ਮਿੱਟੀ ਤੋਂ ਦੂਰ ਭੱਜਦੇ ਨੇ ਅਫ਼ਸਰ

ਪੰਜਾਬ ਦੇ ਖੇਤਾਂ ਦੀ ਮਿੱਟੀ ਤੋਂ ਦੂਰ ਭੱਜਦੇ ਨੇ ਅਫ਼ਸਰ

0
ਪੰਜਾਬ ਦੇ ਖੇਤਾਂ ਦੀ ਮਿੱਟੀ ਤੋਂ ਦੂਰ ਭੱਜਦੇ ਨੇ ਅਫ਼ਸਰ

ਕਮਲਜੀਤ ਸਿੰਘ ਬਨਵੈਤ

+ ਮੁੱਖ ਮੰਤਰੀ ਹੋ ਕੇ ਰਹਿ ਗਏ ਬੇਵਸ
+ ਭਗਵੰਤ ਮਾਨ ਨੇ ਵੀ ਲਾ ਦੇਖਿਆ ਜ਼ੋਰ
+ ਪਿੰਡਾਂ ’ਚੋਂ ਸਰਕਾਰ ਚਲਾਉਣ ਦੇ ਵਾਅਦੇ ਪਏ ਕੱਚੇ
+ ਸਰਕਾਰਾਂ ’ਤੇ ਭਾਰੂ ਪੈਂਦੀ ਆ ਰਹੀ ਐ ਅਫ਼ਸਰਸ਼ਾਹੀ
+ ਕਈ ਉੱਚ ਅਫ਼ਸਰਾਂ ਦੀ ਪਹੁੰਚ ਦਿੱਲੀ ਤੱਕ
+ ਕਈ ਮਾਰ ਆਉਂਦੇ ਨੇ ਕੋਠੀ ਨੰਬਰ-50 ਦਾ ਗੇੜਾ
+ ਸਰਕਾਰੀ ਹੁਕਮਾਂ ਨੂੰ ਟਿੱਚ ਜਾਣਦੇ ਨੇ ਅਫ਼ਸਰ
+ ਆਮ ਰਾਜ ਪ੍ਰਬੰਧ ਵੱਲੋਂ ਜਾਰੀ ਪੱਤਰਾਂ ਦਾ ਨਹੀਂ ਦਿੱਤਾ ਜਵਾਬ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 10 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਦਾ ਰੁਝਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਦਿਆਂ ਦੇਖ ਕੇ ਆਪਣੇ ਘਰ ਦੇ ਬਨੇਰੇ ਤੋਂ ਦਿੱਤੇ ਭਾਸ਼ਣ ਨਾਲ ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀ ਇੱਕ ਤਰ੍ਹਾਂ ਨਾਲ ਕੀਲ ਲਏ ਸਨ। ਪੰਜਾਬੀਆਂ ਦੇ ਨਾਂ ਦਿੱਤੇ ਸੁਨੇਹੇ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਪਿੰਡਾਂ ਵਿੱਚੋਂ ਚਲਿਆ ਕਰੇਗੀ। ਉਨ੍ਹਾਂ ਨੇ ਆਪਣਾ ਦਾਅਵਾ ਬਾਅਦ ਵਿੱਚ ਵੀ ਕਈ ਵਾਰ ਦੁਹਰਾਇਆ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਹੁਣ ਲੋਕਾਂ ਨੂੰ ਫਰਿਆਦ ਲੈ ਕੇ ਚੰਡੀਗੜ੍ਹ ਦੇ ਸਕੱਤਰੇਤ ਦੇ ਗੇੜੇ ਨਹੀਂ ਮਾਰਨੇ ਪੈਣਗੇ, ਸਗੋਂ ਮੰਤਰੀ ਅਤੇ ਅਫ਼ਸਰ ਪਿੰਡੋ-ਪਿੰਡ ਸ਼ਿਕਾਇਤਾਂ ਸੁਣਨ ਆਇਆ ਕਰਨਗੇ। ਉਨ੍ਹਾਂ ਨੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਚੰਡੀਗੜ੍ਹ ਦੇ ਗੇੜੇ ਘੱਟ ਕਰਨ ਦੀ ਸਲਾਹ ਦਿੱਤੀ ਸੀ।
ਮੁੱਖ ਮੰਤਰੀ ਮਾਨ ਨੇ ਪਿਛਲੇ ਦਿਨੀਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ ਮੁੜ ਤੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਉਨ੍ਹਾਂ ਦੇ ਦਰਾਂ ’ਤੇ ਪੁੱਜਣ ਦੀ ਸਲਾਹ ਦਿੱਤੀ ਹੈ, ਪਰ ਅਫ਼ਸਰ ਹਨ ਕਿ ਪਿੰਡਾਂ ਦੀ ਮਿੱਟੀ ਪੈਰਾਂ ਨੂੰ ਨਹੀਂ ਲੱਗਣ ਦੇ ਰਹੇ। ਗਰਮੀਆਂ ਵਿੱਚ ਕਿਸੇ ਅਫ਼ਸਰ ਦਾ ਏਸੀ ਮੂਹਰਿਓਂ ਉਠਣ ਦਾ ਦਿਲ ਨਹੀਂ ਕੀਤਾ ਸੀ। ਦੂਜੇ ਬੰਨੇ ਸੂਬੇ ਦੇ ਉੱਚ ਅਫ਼ਸਰਾਂ ਨੂੰ ਪੰਜਾਬ ਆਵਾਜ਼ਾਂ ਮਾਰ ਰਿਹਾ ਹੈ। ਪੇਂਡੂ ਲੋਕ ਚੰਡੀਗੜ੍ਹ ਵੱਲ ਨੂੰ ਨੀਝ ਲਾਈ ਬੈਠੇ ਹਨ। ਕੋਈ ਵੀ ਅਧਿਕਾਰੀ ਉਨ੍ਹਾਂ ਵੱਲ ਨੂੰ ਕੰਨ ਧਰਨ ਨੂੰ ਤਿਆਰ ਨਹੀਂ ਹੈ। ਮੁੱਖ ਮੰਤਰੀ ਮਾਨ ਲਗਾਤਾਰ ਇਹ ਕਹਿ ਰਹੇ ਹਨ ਕਿ ਸਰਕਾਰ ਚੰਡੀਗੜ੍ਹ ਦੀ ਬਜਾਏ ਪਿੰਡਾਂ ਤੋਂ ਚੱਲੇ। ਮੁੱਖ ਮੰਤਰੀ ਨੂੰ ਲੋਕਾਂ ਨਾਲ ਕੀਤਾ ਵਾਅਦਾ ਸਤਾ ਰਿਹਾ ਹੈ। ਉਨ੍ਹਾਂ ਨੇ ਜਦੋਂ ਵੀ ਉੱਚ ਅਫ਼ਸਰਾਂ ਨੂੰ ਪਿੰਡਾਂ ਵਿੱਚ ਭੇਜਣਾ ਚਾਹਿਆ ਹੈ ਤਾਂ ਬਹੁਤਿਆਂ ਨੇ ਭਗਵੰਤ ਮਾਨ ਦੇ ਹੁਕਮਾਂ ਦੀ ਅਣਦੇਖੀ ਹੀ ਕੀਤੀ ਹੈ।
ਮੁੱਖ ਮੰਤਰੀ ਦੇ ਹੁਕਮਾਂ ਦੀ ਸੂਬੇ ਦੇ ਅਫ਼ਸਰਾਂ ਨੂੰ ਕਿੰਨੀ ਕੁ ਪ੍ਰਵਾਹ ਹੈ? ਇਸ ਦਾ ਪਤਾ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਸਮੇਂ-ਸਮੇਂ ਜਾਰੀ ਕੀਤੇ ਚੇਤਾਵਨੀ ਪੱਤਰਾਂ ਤੋਂ ਲਗਦਾ ਹੈ। ਵਿਭਾਗ ਨੇ ਮੁੱਖ ਮੰਤਰੀ ਦੇ ਹੁਕਮਾਂ ਦੇ ਹਵਾਲੇ ਨਾਲ ਤੀਜੀ ਵਾਰ ਪੁੱਛ ਲਿਆ ਹੈ ਕਿ ਕਿਹੜੇ-ਕਿਹੜੇ ਉੱਚ ਅਧਿਕਾਰੀ ਜ਼ਿਲਿ੍ਹਆਂ ਦਾ ਕਦੋਂ-ਕਦੋਂ ਗੇੜਾ ਮਾਰ ਕੇ ਆਏ ਹਨ। ਵਿਭਾਗ ਨੇ ਇੱਕ ਪੱਤਰ ਭੇਜ ਕੇ ਅਫ਼ਸਰਾਂ ਤੋਂ ਪਿੰਡਾਂ ਦੀ ਫੇਰੀ ਬਾਰੇ ਰਿਪੋਰਟ ਵੀ ਮੰਗ ਲਈ ਹੈ। ਦਿਲਚਸਪ ਗੱਲ ਇਹ ਕਿ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਅਫ਼ਸਰਾਂ ਨੂੰ ਇੱਕ ਵਾਰ ਨਹੀਂ, ਸਗੋਂ ਤਿੰਨ ਵਾਰ ਪੱਤਰ ਭੇਜ ਕੇ ਪੰਜਾਬ ਦੇ ਲਾਏ ਗੇੜਿਆਂ ਦੀ ਜਾਣਕਾਰੀ ਮੰਗੀ ਹੈ, ਪਰ ਬਹੁਤਿਆਂ ਅਫ਼ਸਰਾਂ ਨੇ ਜਵਾਬ ਦੇਣ ਦੀ ਜ਼ਰੂਰਤ ਹੀ ਨਹੀਂ ਸਮਝੀ।
ਸੱਚ ਕਹੀਏ ਤਾਂ ਪੰਜਾਬ ਸਰਕਾਰ ਦੇ ਅਫ਼ਸਰਾਂ ਨੂੰ ਸਕੱਤਰੇਤ ਦੇ ਏਸੀ ਦਫ਼ਤਰਾਂ ਵਿੱਚ ਬੈਠ ਕੇ ਸੁੱਖ ਲੈਣ ਦੀ ਆਦਤ ਪੈ ਗਈ ਹੈ ਅਤੇ ਬਹੁਤਿਆਂ ਨੂੰ ਸਕੱਤਰੇਤ ਵਿੱਚੋਂ ਨਿਕਲ ਕੇ ਪੰਜਾਬ ਦਾ ਗੇੜਾ ਮਾਰਨਾ ਔਖਾ ਲਗਦਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਉੱਚ ਅਫ਼ਸਰਾਂ ਨੂੰ ਹਫ਼ਤੇ ਵਿੱਚ ਤਿੰਨ ਦਿਨ ਪਿੰਡਾਂ ਦਾ ਗੇੜਾ ਮਾਰਨ ਲਈ ਕਿਹਾ ਸੀ। ਉਦੋਂ ਵੀ ਅਫ਼ਸਰਾਂ ਨੇ ਮੁੱਖ ਮੰਤਰੀ ਦੇ ਹੁਕਮਾਂ ਦੀ ਅਣਦੇਖੀ ਤਾਂ ਕੀਤੀ, ਪਰ ਪ੍ਰਕਾਸ਼ ਸਿੰਘ ਬਾਦਲ ‘ਸੰਗਤ ਦਰਸ਼ਨ’ ਦੇ ਬਹਾਨੇ ਉਨ੍ਹਾਂ ਨੂੰ ਸਕੱਤਰੇਤ ਤੋਂ ਬਾਹਰ ਕੱਢਦੇ ਰਹੇ। ਪਤਾ ਲੱਗਾ ਹੈ ਕਿ ਆਮ ਰਾਜ ਪ੍ਰਬੰਧ ਵਿਭਾਗ ਨੇ ਉੱਚ ਅਫ਼ਸਰਾਂ ਨੂੰ ਭੇਜੇ ਪੱਤਰਾਂ ਵਿੱਚ ਦੌਰਿਆਂ ਬਾਰੇ 8 ਨੁਕਤਿਆਂ ’ਤੇ ਰਿਪੋਰਟ ਦੇਣ ਸਬੰਧੀ ਕਿਹਾ ਹੈ। ਉਂਝ ਇਨ੍ਹਾਂ ਵਿੱਚੋਂ ਕਈ ਨੁਕਤੇ ਅੱਜ ਅਪ੍ਰਸੰਗਕ ਹੋ ਕੇ ਰਹੇ ਗਏ ਹਨ। ਇੱਥੇ ਇਹ ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਧ ਮਾਰਚ ਵਿੱਚ ਸਹੁੰ ਚੁੱਕਣ ਤੋਂ ਬਾਅਦ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਅਧਿਕਾਰੀਆਂ ਨੂੰ ਜ਼ਿਲ੍ਹੇ ਅਲਾਟ ਕਰ ਦਿੱਤੇ ਸਨ। ਵਿਭਾਗ ਵੱਲੋਂ ਹੁਕਮ ਜਾਰੀ ਕਰਨ ਦੇ 6 ਮਹੀਨਿਆਂ ਬਾਅਦ ਪਹਿਲੀ ਵਾਰ ਅਤੇ ਨਵੰਬਰ ਦੇ ਆਖਰੀ ਹਫ਼ਤੇ ਤੀਜੀ ਵਾਰ ਰਿਪੋਰਟ ਮੰਗੀ ਹੈ। ਹੈਰਾਨੀ ਦੀ ਗੱਲ ਇਹ ਕਿ ਇਸ ਦੇ ਬਾਵਜੂਦ ਉੱਚ ਅਫ਼ਸਰਾਂ ਨੇ ਨਾ ਤਾਂ ਝੋਨੇ ਦੀ ਖਰੀਦ ਵੇਲੇ ਅਤੇ ਨਾ ਹੀ ਪਰਾਲੀ ਸਾੜਨ ਵੇਲੇ ਆਪਣੇ ਪੈਰਾਂ ਨੂੰ ਖੇਤਾਂ ਦੀ ਮਿੱਟੀ ਲੱਗਣ ਦਿੱਤੀ। ਪਹਿਲੀਆਂ ਸਰਕਾਰਾਂ ਵੇਲੇ ਵੀ ਇਹੋ ਚਲਦਾ ਰਿਹਾ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਅਫ਼ਸਰਸ਼ਾਹੀ ਭਾਰੂ ਰਹੀ। ਇਸ ਨੂੰ ਲੈ ਕੇ ਕਈ ਵਾਰ ਵਿਧਾਇਕਾਂ ਅਤੇ ਮੰਤਰੀਆਂ ਨੇ ਗਿਲ਼ਾ ਵੀ ਕੀਤਾ ਸੀ। ਮੋਤੀਆਂ ਵਾਲੀ ਸਰਕਾਰ ਆਪ ਵੀ ਸੀਸਵਾਂ ਫਾਰਮ ਹਾਊਸ ਤੋਂ ਬਾਹਰ ਘੱਟ ਹੀ ਨਿਕਲਦੀ ਰਹੀ ਹੈ। ਉਨ੍ਹਾਂ ਦੇ ਸਕੱਤਰੇਤ ਦੀ ਪਹਿਲੀ ਮੰਜ਼ਲ ਦੇ ਮੁੱਖ ਮੰਤਰੀ ਸ਼ਾਹੀ ਦਫ਼ਤਰ ’ਚ ਕਾਂ ਬੋਲਣ ਲੱਗ ਪਏ ਸਨ।
ਇਹ ਚਰਚਾ ਤਾਂ ਆਮ ਆਦਮੀ ਪਾਰਟੀ ਬਾਰੇ ਸ਼ੁਰੂ ਵਿੱਚ ਹੀ ਛਿੜ ਗਈ ਸੀ ਕਿ ਅਫ਼ਸਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਵੱਲ ਕੰਨ ਘੱਟ ਹੀ ਧਰਦੇ ਹਨ। ਬਹੁਤਿਆਂ ਦੀ ਪਹੁੰਚ ਦਿੱਲੀ ਤੱਕ ਹੈ। ਹੋਰ ਕਈ ਸਾਰੇ ਸੈਕਟਰ-2 ਦੀ ਕੋਠੀ ਨੰਬਰ-50 ਵਿੱਚ ਗੇੜਾ ਮਾਰ ਕੇ ਸਾਰ ਲੈਂਦੇ ਹਨ। ਇੱਕ ਸੱਚ ਇਹ ਵੀ ਹੈ ਕਿ ਮੁੱਖ ਮੰਤਰੀ ਮਾਨ ਦੀ ਅਫ਼ਸਰਾਂ ’ਤੇ 9 ਮਹੀਨਿਆਂ ਬਾਅਦ ਵੀ ਪਕੜ ਢਿੱਲੀ ਹੈ।
ਫੋਨ ਨੰਬਰ : 98147-34035