Home ਸਾਹਿਤਕ ਰੁਪਿਆ ਮੁੱਧੇ ਮੂੰਹ, ਸੌ ਭਾਰਤੀ ਟੱਪੇ 8 ਅਰਬ ਡਾਲਰ ਨੂੰ

ਰੁਪਿਆ ਮੁੱਧੇ ਮੂੰਹ, ਸੌ ਭਾਰਤੀ ਟੱਪੇ 8 ਅਰਬ ਡਾਲਰ ਨੂੰ

0
ਰੁਪਿਆ ਮੁੱਧੇ ਮੂੰਹ, ਸੌ ਭਾਰਤੀ ਟੱਪੇ 8 ਅਰਬ ਡਾਲਰ ਨੂੰ

ਕਮਲਜੀਤ ਸਿੰਘ ਬਨਵੈਤ

ਤੁਸੀਂ ਮੰਨੋ ਭਾਵੇਂ ਨਾ, ਪਰ ਇਹ ਹੈ ਸੱਚ ਕਿ ਪੇਂਡੂ ਭਾਰਤੀ ਰੋਜ਼ਾਨਾ 32 ਰੁਪਏ ਅਤੇ ਸ਼ਹਿਰੀ ਰੋਜ਼ਾਨਾ 47 ਰੁਪਏ ਖਰਚ ਕਰਦੇ ਹਨ। ਦੇਸ਼ ਦੀ 58 ਫੀਸਦੀ ਆਬਾਦੀ ਦੀ ਪ੍ਰਤੀ ਦਿਨ ਆਮਦਨ 190 ਰੁਪਏ ਹੈ। ਭਾਰਤੀ ਰਿਜ਼ਰਵ ਬੈਂਕ ਦੀ ਇਸ ਰਿਪੋਰਟ ਨਾਲ ਚਾਰੇ ਪਾਸੇ ਹਾਹਾਕਾਰ ਤਾਂ ਮਚ ਗਈ ਸੀ, ਪਰ ਹਾਕਮਾਂ ਦਾ ਦਿਲ ਨਹੀਂ ਪਸੀਜਿਆ, ਨਿੱਤ ਦਿਨ ਦੀ 200 ਰੁਪਏ ਤੋਂ ਘੱਟ ਦੀ ਕਮਾਈ ਦੇ ਨਾਲ ਦੋ ਡੰਗ ਦੀ ਸਾਧਾਰਣ ਰੋਟੀ ਵੀ ਨਹੀਂ ਮਿਲਦੀ ਹੈ।
ਭਾਰਤ ਦੀ ਕੁੱਲ ਆਬਾਦੀ ਦਾ 29.5 ਫੀਸਦੀ ਹਿੱਸਾ ਗਰੀਬੀ ਰੇਖਾ ਤੋਂ ਹੇਠਾਂ ਰਹਿੰਦਾ ਹੈ। ਰਿਪੋਰਟ ਤਿਆਰ ਕਰਨ ਵੇਲੇ ਭਾਰਤ ਵਿੱਚ ਗਰੀਬਾਂ ਦੀ ਗਿਣਤੀ 27 ਕਰੋੜ ਸੀ, ਜਿਹੜੀ ਕਿ ਹੁਣ 36 ਕਰੋੜ ਨੂੰ ਪਾਰ ਕਰ ਗਈ ਹੈ। ਭੁੱਖ ਸਬੰਧੀ ਵਿਸ਼ਵ ਸੂਚੀ ਵਿੱਚ ਭਾਰਤ ਨੂੰ 119 ਦੇਸ਼ਾਂ ਵਿੱਚੋਂ 100ਵੇਂ ਸਥਾਨ ’ਤੇ ਰੱਖਿਆ ਗਿਆ ਹੈ। ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨਾਲੋਂ ਭਾਰਤ ਮਸਾਂ ਕੁ ਅੱਗੇ ਹੈ। ਭਾਰਤ ਮਾੜੀ ਕਾਰਗੁਜ਼ਾਰੀ ਪੱਖੋਂ ਵੀ ਫਾਡੀ ਰਹਿ ਗਿਆ ਹੈ। ਵਿਸ਼ਵ ਬੈਂਕ ਦੀ ਸੋਧੀ ਹੋਈ ਰਿਪੋਰਟ ਵਿੱਚ ਵਿਸ਼ਵ ਭਰ ਵਿੱਚ 87 ਕਰੋੜ 23 ਲੱਖ ਲੋਕ ਗਰੀਬੀ ਰੇਖਾ ਤੋਂ ਹੇਠਾਂ ਪੱਧਰ ਦਾ ਜੀਵਨ ਜੀਅ ਰਹੇ ਹਨ। ਇਨ੍ਹਾਂ ਵਿੱਚੋਂ 5 ਵਾਂ ਹਿੱਸਾ ਭਾਰਤੀਆਂ ਦਾ ਹੈ। ਗਰੀਬ ਭਾਰਤੀ ਵੀ ਹਰ ਰੋਜ਼ ਦੀ ਸਮਰੱਥਾ 1 ਡਾਲਰ ਭਾਵ 75 ਰੁਪਏ ਖਰਚ ਕਰ ਦਿੰਦੀ ਹੈ।
ਭਾਰਤ ਆਜ਼ਾਦੀ ਤੋਂ ਪਹਿਲਾਂ ਹੀ ਗਰੀਬੀ ਅਤੇ ਭੁੱਖ ਮਰੀ ਨਾਲ ਲੜਦਾ ਰਿਹਾ ਹੈ। ਭਾਵੇਂ ਕਿ ਆਜ਼ਾਦੀ ਤੋਂ ਬਾਅਦ ਸਮੇਂ ਦੇ ਹਾਕਮਾਂ ਨੇ ਗਰੀਬੀ ਖਤਮ ਕਰਨ ਦੇ ਬਹੁਤ ਸਾਰੇ ਨਾਅਰੇ ਦਿੱਤੇ, ਪਰ ਇਨ੍ਹਾਂ ਯੋਜਨਾਵਾਂ ਦੇ ਬਾਵਜੂਦ ਭਾਰਤ ਵਿੱਚ ਗਰੀਬ ਅਤੇ ਅਮੀਰ ਵਿਚਲਾ ਪਾੜਾ ਵਧਦਾ ਗਿਆ। ਮੁਲਕ ਵਿੱਚ ਮਸਾਂ 11 ਫੀਸਦੀ ਲੋਕ ਅਜਿਹੇ ਹਨ, ਜਿਨ੍ਹਾਂ ਦੇ ਘਰਾਂ ਵਿੱਚ ਫਰਿੱਜ ਹੈ ਅਤੇ ਹੋਰ 30 ਫੀਸਦੀ ਕੋਲ ਆਪਣੇ ਰਹਿਣ ਲਈ ਇੱਕ ਕਮਰੇ ਦੀ ਛੱਤ ਹੈ। ਹਾਲੇ ਵੀ 56 ਫੀਸਦੀ ਮਜ਼ਦੂਰ ਬੇਜ਼ਮੀਨੇ ਹਨ।
ਤਸਵੀਰ ਦਾ ਦੂਜਾ ਪੱਖ ਭਾਰਤ ਦਾ ਰੰਗੀਨ ਚੇਹਰਾ ਪੇਸ਼ ਕਰਦਾ ਹੈ। ਭਾਰਤ ਦੇ ਸਿਰਫ਼ 10 ਅਰਬਪਤੀਆਂ ਕੋਲ 385.2 ਅਰਬ ਡਾਲਰ ਦੀ ਜਾਇਦਾਦ ਹੈ। ਗੌਤਮ ਅਡਾਨੀ ਦੀ ਜਾਇਦਾਦ 150 ਅਰਬ ਡਾਲਰ ਨੂੰ ਜਾ ਪੁੱਜੀ ਹੈ। ਮੁਕੇਸ਼ ਅੰਬਾਨੀ 88 ਅਰਬ ਡਾਲਰ ਦੇ ਮਾਲਕ ਹਨ। ਰਾਧਾ ਕ੍ਰਿਸ਼ਨ ਦਾਮਨੀ ਦੀ ਜਾਇਦਾਦ 27.6 ਅਰਬ ਡਾਲਰ ਅਤੇ ਸਾਇਰਸ ਪੂਨਾਵਾਲਾ ਦੀ ਜਾਇਦਾਦ 21.5 ਅਰਬ ਡਾਲਰ ਦੱਸੀ ਗਈ ਹੈ। ਸ਼ਿਵ ਨਾਇਰ ਕੋਲ ਵੀ 21.4 ਅਰਬ ਡਾਲਰ ਦੀ ਜਾਇਦਾਦ ਹੋਣ ਦਾ ਖੁਲਾਸਾ ਹੋਇਆ ਹੈ। ਸ਼ਵਿੱਤਰੀ ਜਿੰਦਲ, ਜਿਹੜੇ ਕਿ ਕਾਂਗਰਸ ਦੀ ਸਰਕਾਰ ਵੇਲੇ ਹਰਿਆਣਾ ਦੇ ਮੰਤਰੀ ਰਹੇ ਹਨ, ਦੀ ਜਾਇਦਾਦ 16.4 ਅਰਬ ਡਾਲਰ ਨੂੰ ਟੱਪ ਗਈ ਹੈ। ਦਲੀਪ ਰਾਘਵ ਦੀ ਜਾਇਦਾਦ 15.5 ਅਰਬ ਡਾਲਰ, ਕੁਮਾਰ ਬ੍ਰਦਰਸ਼ ਬਿਡਲਾ ਦੀ ਜਾਇਦਾਦ 15 ਅਰਬ ਡਾਲਰ ਅਤੇ ਬਜਾਜ ਆਟੋ ਦੀ ਜਾਇਦਾਦ 14.6 ਅਰਬ ਡਾਲਰ ਦੱਸੀ ਗਈ ਹੈ।
ਹੈਰਾਨੀ ਵਾਲੀ ਗੱਲ ਇਹ ਕਿ ਡਾਲਰ ਦੇ ਮੁਕਾਬਲੇ ਰੁਪਏ ਦੇ ਮੁੱਧੇ ਮੂੰਹ ਡਿੱਗਣ ਦੇ ਬਾਵਜੂਦ ਭਾਰਤ ਦੇ 100 ਅਮੀਰਾਂ ਦੀ ਜਾਇਦਾਦ ਵਿੱਚ 25 ਅਰਬ ਡਾਲਰ ਦਾ ਵਾਧਾ ਹੋਇਆ ਹੈ। 100 ਭਾਰਤੀ ਅਮੀਰਾਂ ਦੀ ਸੰਪਤੀ 800 ਅਰਬ ਡਾਲਰ ਨੂੰ ਪਹੁੰਚ ਚੁੱਕੀ ਹੈ, ਜਦਕਿ ਇਸ ਵਿੱਚੋਂ 100 ਅਮੀਰਾਂ ਕੋਲ 385.2 ਅਰਬ ਡਾਲਰ ਦੀ ਜਾਇਦਾਦ ਹੈ। ਇਹ ਅੰਕੜੇ ਫੋਬਰਸ ਇੰਡੀਆ ਦੀ ਰਿਪੋਰਟ ਤੋਂ ਸਾਹਮਣੇ ਆਏ ਹਨ। ਦੇਸ਼ ਦੇ ਸਭ ਤੋਂ 100 ਅਮੀਰਾਂ ਵਿੱਚੋਂ ਗੌਤਮ ਅਡਾਨੀ ਟੌਪ ’ਤੇ ਦੱਸੇ ਜਾ ਰਹੇ ਹਨ। ਜਦਕਿ ਮੁਕੇਸ਼ ਅੰਬਾਨੀ ਕੋਲ ਦੂਜੇ ਨੰਬਰ ਦੀ ਜਾਇਦਾਦ ਹੈ।
ਅਸਮਾਨਤਾਵਾਂ, ਗਰੀਬੀ ਅਤੇ ਭੁੱਖ ਮਰੀ ਦੀ ਵਜ੍ਹਾ ਕਰਕੇ ਦੇਸ਼ ਵਿੱਚ ਖੁਦਕੁਸ਼ੀਆਂ, ਲੁੱਟਖੋਹ, ਕਤਲੇਆਮ, ਭ੍ਰਿਸ਼ਟਾਚਾਰ, ਨਸ਼ੇ, ਚੋਰੀ ਅਤੇ ਹੋਰ ਅਨੈਤਿਕ ਵਰਤਾਰਾ ਵਧ ਰਿਹਾ ਹੈ, ਪਰ ਦੇਸ਼ ਦੇ ਹਾਕਮ ਆਪਣੇ ਨਿੱਜੀ ਸੁਆਰਥਾਂ ਲਈ ਮੁਲਕ ਪ੍ਰਾਪਤੀਆਂ ਦੇ ਸੋਲੇ ਗਾਉਂਦੇ ਨਹੀਂ ਥੱਕਦੇ ਹਨ। ਇਨ੍ਹਾਂ ਕੋਲ ਆਮ ਭਾਰਤੀਆਂ ਨੂੰ ਮੂਰਖ ਬਣਾਉਣ ਲਈ ਕਾਫ਼ੀ ਅੰਕੜੇ ਉਪਲੱਬਧ ਹੁੰਦੇ ਹਨ। ਇਹ ਵੱਖਰੀ ਗੱਲ ਹੈ ਕਿ ਬਹੁਤੀ ਵਾਰ ਅਜਿਹੇ ਅੰਕੜਿਆਂ ਵਾਲੀਆਂ ਰਿਪੋਰਟਾਂ ਭਾੜੇ ’ਤੇ ਤਿਆਰ ਕਰਵਾਈਆਂ ਜਾਂਦੀਆਂ ਹਨ। ਇਹ ਆਮ ਜਿਹੀ ਗੱਲ ਹੈ ਕਿ ਸਰਕਾਰ ਦੀ ਵੱਡੀ ਆਮਦਨ ਅਸਿੱਧੇ ਕਰਾਂ ਤੋਂ ਆਉਂਦੀ ਹੈ ਅਤੇ ਟੈਕਸ ਵਿੱਚ ਸਭ ਤੋਂ ਵੱਡਾ ਯੋਗਦਾਨ ਮੱਧਵਰਗ ਦਾ ਹੈ। ਲੋਕਾਂ ਨੂੰ ਹਾਕਮ ਇਸ ਭੁਲੇਖੇ ਵਿੱਚ ਰੱਖੀ ਰੱਖਦੇ ਹਨ ਕਿ ਸੱਤਾ ਦਾ ਇੱਕ ਹੋਰ ਮੌਕਾ ਮਿਲਣ ’ਤੇ ਉਹ ਮੱਧ ਵਰਗ ਨੂੰ ਅਮੀਰ ਹੋਣ ਦੇ ਸੁਪਨੇ ਦਿਖਾ ਦਿੰਦੇ ਹਨ। ਲੋੜ ਤਾਂ ਇਹ ਹੈ ਕਿ ਆਮ ਲੋਕਾਂ ਲਈ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣ। ਵੋਟਾਂ ਦੀ ਰਾਜਨੀਤੀ, ਸਬਸਿਡੀਆਂ ਅਤੇ ਗਰੰਟੀਆਂ ਨਾਲ ਲੋਕਾਂ ਦਾ ਕੁਝ ਵੀ ਸੌਰਨ ਵਾਲਾ ਨਹੀਂ ਹੈ।
ਮਰਹੂਮ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਮੁਲਕ ਦੇ ਉੱਘੇ ਅਰਥਸ਼ਾਸਤਰੀ ਡਾਕਟਰ ਬੀਐਸ ਮਿਨਹਾਸ ਨੇ ਭਾਰਤ ਦੇ ਯੋਜਨਾ ਕਮਿਸ਼ਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇੰਦਰਾ ਗਾਂਧੀ ਆਪਣੇ ਗਰਮ ਸੁਭਾਅ ਲਈ ਮੰਨੀ ਜਾਂਦੀ ਸੀ, ਪਰ ਉਨ੍ਹਾਂ ਨੇ ਅਸਤੀਫ਼ੇ ਬਾਰੇ ਮੰਨਿਆ ਸੀ ਕਿ ਗ਼ਲਤ ਨੀਤੀਆਂ ਕਾਰਨ ਉੱਚ ਕੋਟੀ ਦਾ ਅਰਥ ਸ਼ਾਸਤਰੀ ਗੁਆ ਲਿਆ ਹੈ। ਡਾਕਟਰ ਮਿਨਹਾਸ ਨੇ ਅਸਤੀਫ਼ਾ ਦੇਣ ਮਗਰੋਂ ਲਿਖੀ ਪੁਸਤਕ ‘ਯੋਜਨਾਬੰਦੀ ਅਤੇ ਗਰੀਬ’ ਵਿੱਚ ਉਨ੍ਹਾਂ ਨੇ ਬਾਖ਼ੂਬੀ ਬਿਆਨ ਕੀਤਾ ਸੀ ਕਿ ਏਅਰ ਕੰਡੀਸ਼ਨਡ ਕਮਰਿਆਂ ਵਿੱਚ ਬੈਠ ਕੇ ਗਰਬੀਾਂ ਦੀ ਬੇਹਤਰੀ ਲਈ ਯੋਜਨਾਵਾਂ ਨਹੀਂ ਬਣਾਈਆਂ ਜਾ ਸਕਦੀਆਂ। ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਅਦਾਰੇ ਅਰਥ ਸ਼ਾਸਤਰੀਆਂ ਨਾਲ ਭਰੇ ਪਏ ਹਨ, ਪਰ ਸਰਕਾਰਾਂ ਵੱਲੋਂ ਇੱਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਇਨ੍ਹਾਂ ਨੂੰ ਦੂਰ ਰੱਖਿਆ ਜਾ ਰਿਹਾ ਹੈ। ਇਹ ਸੱਚ ਹੈ ਕਿ ਸਰਮਾਏਦਾਰੀ ਰਾਜ ਪ੍ਰਬੰਧ ਵਿੱਚ ਹੁਕਮਰਾਨ ਅਕਸਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਵਿੱਚ ਅਸੰਵੇਦਨਸ਼ੀਲ ਹੋ ਜਾਂਦੇ ਹਨ। ਕੋਰੋਨਾ ਦੇ ਚਲਦਿਆਂ ਆਮ ਲੋਕਾਂ ਦੀ ਵਿੱਤੀ ਹਾਲਤ ਹੋਰ ਪਤਲੀ ਹੋਈ ਹੈ। ਭਾਰਤ ਦੀ ਗਰੀਬੀ ਆਪਣੇ ਆਪ ਨਹੀਂ ਘਟੇਗੀ। ਇਸ ਲਈ ਕਿਰਤੀ ਲੋਕਾਂ ਨੂੰ ਦਬਾਅ ਬਣਾਉਣ ਲਈ ਦ੍ਰਿੜ ਇੱਛਾ ਸ਼ਕਤੀ ਦੀ ਲੋੜ ਹੈ।
ਫੋਨ ਨੰਬਰ :98147-34035