
ਹਸਪਤਾਲਾਂ ’ਚ ਸਰਜਰੀ ਦਾ ਬੈਕਲਾਗ 12 ਹਜ਼ਾਰ ਤੱਕ ਪੁੱਜਾ
ਟੋਰਾਂਟੋ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ 12 ਹਜ਼ਾਰ ਬੱਚੇ ਵੱਖ-ਵੱਖ ਸਿਹਤ ਸਮੱਸਿਆਵਾਂ ਕਾਰਨ ਸਰਜਰੀ ਦੀ ਉਡੀਕ ਕਰ ਰਹੇ ਹਨ ਅਤੇ ਗੁੰਝਲਦਾਰ ਹਾਲਾਤ ਨੂੰ ਵੇਖਦਿਆਂ ਬੱਚਿਆਂ ਦੇ ਹਸਪਤਾਲਾਂ ਵੱਲੋਂ ਸੂਬਾ ਸਰਕਾਰ ਦੀ ਮਦਦ ਮੰਗ ਗਈ ਹੈ। ਹਸਪਤਾਲਾਂ ਦਾ ਕਹਿਣਾ ਹੈ ਕਿ ਪਿਛਲੇ ਸਮੇਂ ਦੌਰਾਨ ਰੈਸਪੀਰੇਟਰੀ ਵਾਇਰਸ ਅਤੇ ਫਲੂ ਕਾਰਨ ਹਾਲਾਤ ਬੇਕਾਬੂ ਹੋਏ ਜਦੋਂ ਆਪ੍ਰੇਸ਼ਨ ਰੱਦ ਕਰਦਿਆਂ ਸਟਾਫ਼ ਨੂੰ ਆਈ.ਸੀ.ਯੂ. ਵਿਚ ਤੈਨਾਤ ਕੀਤਾ ਗਿਆ। ਟੋਰਾਂਟੋ ਦੇ ਹੌਸਪੀਟਲ ਫ਼ੌਰ ਸਿਕ ਕਿਡਜ਼, ਹੈਮਿਲਟਨ ਦੇ ਮੈਕਮਾਸਟਰ ਹਸਪਤਾਲ, ਲੰਡਨ ਹੈਲਥ ਸਾਇੰਸਿਜ਼ ਵਿਖੇ ਬੱਚਿਆਂ ਦੇ ਹਸਪਤਾਲ ਅਤੇ ਔਟਵਾ ਦੇ ਬੱਚਿਆਂ ਦੇ ਹਸਪਤਾਲਾਂ ਵਿਚ ਸਰਜਰੀਆਂ ਦਾ ਵੱਡਾ ਬੈਕਲਾਗ ਪੈਦਾ ਹੋ ਗਿਆ ਹੈ।