ਚੋਣ ਲੜ ਰਹੇ ਉਮੀਦਵਾਰਾਂ ਲਈ ਕੀਤਾ ਫੰਡ ਰੇਜ਼ਿੰਗ ਡਿਨਰ ਦਾ ਅਯੋਜਨ

ਵਾਸ਼ਿੰਗਟਨ, 25 ਸਤੰਬਰ ( ਰਾਜ ਗੋਗਨਾ )-ਪੰਜਾਬੀ ਖਾਸਕਰ ਸਿੱਖ ਭਾਈਚਾਰੇ ਦੀ ਅੰਤਰਰਾਸ਼ਟਰੀ ਪੱਧਰ ’ਤੇ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸਿੱਖ ਆਗੂ ਸ: ਜਸਦੀਪ ਸਿੰਘ ਜੱਸੀ ਵਲੋਂ ਮੈਰੀਲੈਂਡ ਸਟੇਟ ਦੇ ਗਵਰਨਰ ਦੀ ਚੋਣ ਲੜ ਰਹੇ ਅਤੇ ਪ੍ਰਾਇਮਰੀ ਜਿੱਤ ਚੁੱਕੇ ਮਜ਼ਬੂਤ ਉਮੀਦਵਾਰ ਵੈੱਸ ਮੋਰ ਤੇ ਲੈਫਟੀਨੈਂਟ ਗਵਰਨਰ ਲਈ ਉਮੀਦਵਾਰ ਅਰੂਨਾ ਮਿਲਰ ਲਈ ਆਪਣੇ ਗ੍ਰਹਿ ਮੈਰੀਲੈਂਡ ਵਿਖੇ ਸ਼ਾਨਦਾਰ ਫੰਡ ਰੇਜ਼ਿੰਗ ਦਾ ਅਯੋਜਨ ਕੀਤਾ।
ਇੱਥੇ ਦੱਸਣਯੋਗ ਹੈ ਕਿ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਆਪਣੀਆਂ ਰਾਜਨੀਤਕ ਗਤੀਵਿਧੀਆਂ ਕਰ ਕੇ ਵੀ ਜਾਣੇ ਜਾਂਦੇ ਹਨ ਜੋ ਕਿ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਦੇ ਵੀ ਸਮੱਰਥਕ ਮੰਨੇ ਜਾਂਦੇ ਹਨ। ਉਨਾਂ ਨੇ ਪਾਰਟੀ ਲਾਈਨ ਕਰਾਸ ਕਰ ਕੇ ਡੈਮੋਕਰੇਟਿਕ ਪਾਰਟੀ ਦੀ ਆਗੂ ਭਾਰਤੀ ਮੂਲ ਦੀ ਅਰੂਨਾ ਮਿਲਰ ਨੂੰ ਜੋ ਕਿ ਲੈਫਟੀਨੈਂਟ ਗਵਰਨਰ ਦੀ ਚੋਣ ਲੜ ਰਹੀ ਹੈ ਨੂੰ ਸਮਰਥਨ ਦਿੱਤਾ ਹੈ ਜਿਸ ਵਿਚ ਉਨਾਂ ਨੇ ਕਿਹਾ ਕਿ ਉਹ ਉਮੀਦਵਾਰ ਵੇਖ ਕੇ ਸਮਰਥਨ ਦਿੰਦੇ ਹਨ ਪਾਰਟੀ ਪੱਧਰ ’ਤੇ ਨਹੀਂ। ਸ੍ਰ. ਜੱਸੀ ਨੇ ਵੈੱਸ ਮੋਰ ਤੋਂ ਮੰਗ ਕੀਤੀ ਕਿ ਜਦੋਂ ਉਹ ਜਿੱਤ ਪ੍ਰਾਪਤ ਕਰਦੇ ਹਨ ਤਾਂ ਆਪਣੇ ਦਫਤਰ ਦੇ ਪ੍ਰਸਾਸ਼ਨ ਵਿਚ ਇਕ ਦਸਤਾਰਧਾਰੀ ਸਿੱਖ ਨੁਮਾਇੰਦੇ ਨੂੰ ਜ਼ਰੂਰ ਸ਼ਾਮਿਲ ਕਰਨ ਅਤੇ ਗਵਰਨਰ ਹਾਊਸ ਵਿਚ ਵਿਸਾਖੀ ਜ਼ਰੂਰ ਮਨਾਈ ਜਾਵੇ। ਉਨਾਂ ਇਹ ਵੀ ਕਿਹਾ ਕਿ ਹਾਲ ਹੀ ਵਿਚ ਸਿੱਖਾਂ ਉੱਪਰ ਜਾਨਲੇਵਾ ਨਸਲੀ ਹਮਲੇ ਵਧੇ ਹਨ ਅਤੇ ਸਿੱਖ ਬਿਜ਼ਨਸਮੈੱਨ ਵਧ ਰਹੇ ਕਰਾਈਮ ਨੂੰ ਝੱਲ ਰਹੇ ਹਨ ਜਿਨਾਂ ਦੀ ਮਦਦ ਕਰਨੀ ਪ੍ਰਸਾਸ਼ਨ ਦਾ ਫਰਜ਼ ਬਣਦਾ ਹੈ।
ਇਸ ਫੰਡ ਰੇਜ਼ਿੰਗ ਡਿਨਰ ਵਿਚ ਵੱਡੀ ਗਿਣਤੀ ’ਚ ਲੋਕ ਆਏ ਅਤੇ ਬਾਲੀਟਮੋਰ ਤੋਂ ਵੀ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਪ੍ਰਬੰਧਕਾਂ ਨੇ ਆ ਕੇ ਆਪਣਾ ਯੋਗਦਾਨ ਦਿੱਤਾ। ਅੰਤ ਵਿਚ ਸਭ ਮਹਿਮਾਨਾਂ ਅਤੇ ਆਗੂਆਂ ਨੇ ਸਾਂਝੇ ਰੂਪ ਵਿਚ ਡਿਨਰ ਦਾ ਭਰਪੂਰ ਅਨੰਦ ਮਾਣਿਆ।

Video Ad
Video Ad