Home ਮੰਨੋਰੰਜਨ ਪੰਜਾਬੀ ਫ਼ਿਲਮ ਬਾਜਰੇ ਦਾ ਸਿੱਟਾ

ਪੰਜਾਬੀ ਫ਼ਿਲਮ ਬਾਜਰੇ ਦਾ ਸਿੱਟਾ

0
ਪੰਜਾਬੀ ਫ਼ਿਲਮ ਬਾਜਰੇ ਦਾ ਸਿੱਟਾ

ਪੰਜਾਬੀ ਸਿਨੇਮਾ ਨੂੰ ਬੰਬੂਕਾਟ,ਰੱਬ ਦਾ ਰੇਡੀਓ 2,ਸਾਬ ਬਹਾਦਰ,ਬਾਈਲਾਰਸ,ਇੱਕ ਸੰਧੂ ਹੁੰਦਾ ਸੀ,ਅਫ਼ਸਰ ਅਤੇ
ਦਾਣਾ ਪਾਣੀ ਜਿਹੀਆ ਖੂਬਸੂਰਤ ਫ਼ਿਲਮਾਂ ਦੇਣ ਵਾਲੇ ਲੇਖਕ ਅਤੇ ਨਿਰਦੇਸ਼ਕ ਜੱਸ ਗਰੇਵਾਰ ਇਸ ਵਾਰ ਲੈ ਕੇ ਆਏ ਹਨ ਇੱਕ
ਬਹੁਤ ਹੀ ਖਾਸ ਵਿਸ਼ੇ ਤੇ ਬਣੀ ਅਤੇ ਦਿਲ ਨੂੰ ਛੂ ਲੈਣ ਵਾਲੀ ਫ਼ਿਲਮ ਬਾਜਰੇ ਦਾ ਸਿੱਟਾ।
ਪੰਜਾਬ ਦੀ ਅਮੀਰ ਸਕਾਫ਼ਤ ਨੂੰ ਫ਼ਿਲਮੀ
ਪਰਦੇ ਤੇ ਪੇਸ਼ ਕਰਦੀ ਇਹ ਫ਼ਿਲਮ ਆਪਣੀ ਨਿਵੇਕਲੀ ਕਹਾਣੀ,ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰਾਂ ਦੀ ਬੇਹਤਰੀਨ
ਅਦਾਕਾਰੀ ਅਤੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨਾਲ ਲਬਰੇਜ ਮਿੱਠੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰੀ ਇੱਕ ਖੂਬਸੂਰਤ ਫ਼ਿਲਮ
ਹੈ।ਸੰਗੀਤ ਰੂਹ ਦੀ ਖ਼ੁਰਾਕ ਹੈ,ਸੰਗੀਤ ਹਰ ਥਾਂ ਮੌਜੂਦ ਹੈ,ਧਰਤੀ ਤੇ ਚਲਦੀ ਪੌਣ,ਵਹਿੰਦਾ ਪਾਣੀ,ਪੰਛੀਆਂ ਦਾ ਚਹਿਕਣਾ,ਮਨੁੱਖ
ਦਾ ਸਾਹ ਲੈਣਾ ਗੱਲ ਕੀ ਧਰਤੀ ਤੇ ਹਰ ਕਿਰਿਆ ਨਾਲ ਸੰਗੀਤ ਉਪਜਦਾ ਹੈ।ਫ਼ਿਲਮ ਦਾ ਮੂਲ ਸਾਰ ਸੰਗੀਤ ਦੀ ਮਹਾਨਤਾ ਨੂੰ
ਪ੍ਰਗਟਾਉਂਦਾ ਹੈ।ਸੰਗੀਤ ਵਿੱਚ ਐਸੀ ਤਾਕਤ ਹੈ ਕਿ ਇਸ ਨੂੰ ਭਗਤੀ ਅਤੇ ਸਾਧਨਾ ਸਮਝਣ ਵਾਲਾ ਗਵੱਈਆ ਆਪਣੇ ਸੁਰਾਂ ਨਾਲ
ਬੇਜਾਨ ਅਤੇ ਬੇਸੁਰਤ ਪਏ ਇਨਸਾਨ ਵਿੱਚ ਵੀ ਰੂਹ ਫੂਕ ਸਕਦਾ ਹੈ।
ਬਾਜਰੇ ਦਾ ਸਿੱਟਾ ਫ਼ਿਲਮ ਦੀ ਕਹਾਣੀ ਬੇਸ਼ੱਕ ਪੁਰਾਣੇ ਪੰਜਾਬ ਦੀ ਪਿੱਠਭੂਮੀ ਤੇ ਸਿਰਜੀ ਗਈ ਹੈ ਪਰ ਇਸ ਦੀ
ਸਾਰਥਿਕਤਾ ਅੱਜ ਦੇ ਦੌਰ ਵਿੱਚ ਵੀ ਓਨੀ ਹੀ ਹੈ ਜਿੰਨ੍ਹੀ ਓਸ ਜ਼ਮਾਨੇ ਵਿੱਚ ਸੀ।ਪੰਜਾਬ ਦੀਆਂ ਧੀਆਂ ਖੁੱਲੇ ਆਕਾਸ਼ ਵਿੱਚ
ਉਡਾਰੀ ਮਾਰਨ ਦੇ ਸੁਪਨੇ ਅੱਜ ਵੀ ਉਝ ਹੀ ਵੇਖਦੀਆਂ ਹਨ ਜਿਵੇ ਓਸ ਜ਼ਮਾਨੇ ਵਿੱਚ ਵੇਖਦੀਆਂ ਸਨ, ਸਮਾਂ ਬੇਸ਼ੱਕ ਬਦਲ
ਗਿਆ ਹੈ ,ਹਾਲਾਤ ਬਦਲ ਗਏ ਹਨ ਗੱਲ ਕੀ ਸਭ ਕੁਝ ਬਦਲ ਗਿਆ ਹੈ ਪਰ ਆਪਣੇ ਸੁਪਨਿਆ ਨੂੰ ਪੂਰਾ ਕਰਨ ਲਈ ਅੱਜ
ਵੀ ਪੰਜਾਬ ਦੀਆਂ ਧੀਆਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਦੇ ਨਾਲ ਨਾਲ ਉਹਨਾਂ ਨੂੰ ਅੱਜ ਵੀ ਆਪਣੇ ਮਾਪਿਆਂ
ਨਾਲ ,ਸਮਾਜ ਨਾਲ ਅਤੇ ਏਸ ਆਧੁਨਿਕ ਜ਼ਮਾਨੇ ਨਾਲ ਵੀ ਲੜਨਾ ਪੈਂਦਾ ਹੈ ।
ਸ਼੍ਰੀ ਨਰੋਤਮ ਜੀ ਸਟੂਡੀਓਜ਼,ਟਿਪਸ ਫ਼ਿਲਮ ਲਿਮਿਟਡ ਅਤੇ ਐਮੀ ਵਿਰਕ ਪ੍ਰੋਡੰਕਸ਼ਨ ਦੀ ਪੇਸ਼ਕਸ਼ ਪੰਜਾਬੀ ਫ਼ਿਲਮ
ਬਾਜਰੇ ਦਾ ਸਿੱਟਾ ਦੇ ਲੇਖਕ ਅਤੇ ਨਿਰਦੇਸ਼ਕ ਹਨ ਜੱਸ ਗਰੇਵਾਲ ਅਤੇ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਹੈ ਜੈ ਦੇਵ ਕੁਮਾਰ
ਅਤੇ ਐਵੀ ਸਰਾਂ ਨੇ ।ਫ਼ਿਲਮ ਦੇ ਗੀਤ ਲਿਖੇ ਹਨ ਵੀਤ ਬਲਜੀਤ,ਹਰਮਨਜੀਤ,ਬੀਰ ਸਿੰਘ,ਜਸ ਗਰੇਵਾਲ,ਵਿਜਯ
ਵਿਵੇਕ,ਵਰਮਾ ਮਲਿਕ ਅਤੇ ਜੱਸੀ ਪਾਖੀ ਨੇ ਅਤੇ ਇਹਨਾਂ ਗੀਤਾਂ ਨੂੰ ਆਵਾਜ਼ਾਂ ਦਿੱਤੀਆਂ ਹਨ ਐਮੀ ਵਿਰਕ,ਨੂਰ ਚਾਹਲ,ਸਰਘੀ
ਮਾਨ ਅਤੇ ਜਯੋਤਿਕਾ ਟਾਂਗਰੀ ਨੇ।ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਆਦਾਕਾਰ ਐਮੀ ਵਿਰਕ,ਤਾਨੀਆਂ,ਨਵਾਂ
ਚਿਹਰਾਂ ਨੂਰ ਚਾਹਲ,ਗੁੱਗੂ ਗਿਲ,ਨਿਰਮਲ ਰਿਸ਼ੀ,ਪ੍ਰਕਾਸ਼ ਗਾਦੂ,ਬੀ.ਐਨ.ਸ਼ਰਮਾਂ,ਹੌਬੀ ਧਾਲੀਵਾਲ,ਗੁਰਪ੍ਰੀਤ ਭੰਗੂ,ਰੁਪਿੰਦਰ
ਰੂਪੀ,ਸ਼ੀਮਾ ਕੌਸ਼ਲ,ਤਰਸੇਮ ਪੌਲ,ਪ੍ਰਮਿੰਦਰ ਬਰਨਾਲਾ,ਸਤਵੰਤ ਕੌਰ, ਅਤੇ ਅਕਾਂਕਸ਼ਾ ਸਰੀਨ
ਫ਼ਿਲਮ ਦੀ ਕਹਾਣੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਫ਼ਿਲਮ ਸ਼ੁਰੂ ਹੁੰਦੀ ਹੈ ਪੰਜਾਬ ਦੇ ਮਸ਼ਹੂਰ ਸ਼ਹਿਰ ਨਾਭੇ ਨੇੜਲੇ ਇੱਕ
ਪਿੰਡ ਤੋਂ । ਪਹਿਲੇ ਦ੍ਰਿਸ਼ ਵਿੱਚ ਅਦਾਕਾਰਾ ਸੀਮਾ ਕੌਸ਼ਲ ਜੋ ਫ਼ਿਲਮ ਵਿੱਚ ਮੁੱਖ ਅਦਾਕਾਰਾ ਤਾਨੀਆਂ ਦੀ ਮਾਂ ਦਾ ਅਹਿਮ ਰੋਲ
ਨਿਭਾ ਰਹੇ ਹਨ ਆਪਣੀ ਗੋਦ ਵਿੱਚ ਲੈ ਕੇ ਆਪਣੀ ਨਿੱਕੀ ਜਿਹੀ ਲਾਡਲੀ ਧੀ ਨੂੰ ਲੋਰੀ ਸੁਣਾ ਰਹੀ ਹੈ। ਅਗਲੇ ਦ੍ਰਿਸ਼ ਵਿੱਚ 15
ਸਾਲ ਦੇ ਵਕਫ਼ੇ ਤੋਂ ਬਾਅਦ ਦਿਖਾਇਆ ਗਿਆ ਹੈ ,ਦਿੱਲੀ ਦੀ ਇੱਕ ਰਿਕਾਰਡਿਗ ਕੰਪਨੀ ਦਾ ਮਾਲਕ ਆਪਣੀ ਕੰਪਨੀ ਦੇ
ਸੰਗੀਤ ਮੁਖੀ ਬਘੇਲ ਸਿੰਘ(ਅਦਾਕਾਰ ਬੀ.ਐਨ.ਸ਼ਰਮਾਂ )ਨੂੰ ਕਹਿ ਰਿਹਾ ਹੈ ਕਿ ਉਹ ਪੰਜਾਬ ਵਿੱਚੋਂ ਕੋਈ ਨਵੀ ਆਵਾਜ਼ ਲੱਭ ਕੇ
ਲੈ ਕੇ ਆਏ ਤਾਂ ਜੋ ਇੱਕ ਨਵੀ ਆਵਾਜ਼ ਨੂੰ ਲੋਕਾਂ ਦੇ ਰੂਬਰੂ ਕੀਤਾ ਜਾ ਸਕੇ ।ਤਵਿਆਂ ਦੇ ਯੁੱਗ ਦੇ ਸੁਨਿਹਰੀ ਦੌਰ ਦੇ ਸੰਗੀਤ ਦੀ
ਬਾਤ ਪਾਉਂਦੀ ਇਸ ਫ਼ਿਲਮ ਵਿੱਚ ਬਘੇਲ ਸਿੰਘ ਨਵੀ ਆਵਾਜ਼ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ।ਜਦ ਉਹ ਪੰਜਾਬ ਪਹੁੰਚਦਾ
ਤਾਂ ਇੱਕ ਦਿਨ ਉਹ ਆਪਣੇ ਰਿਸ਼ਤੇਦਾਰ ਅਦਾਕਾਰ ਹੌਬੀ ਧਾਲੀਵਾਲ ਨੂੰ ਮਿਲਣ ਉਹਦੇ ਪਿੰਡ ਆਉਂਦਾ ਹੈ ਜਿਥੇ ਉਸਨੂੰ ਮਨ ਨੂੰ

ਮੋਹ ਲੈਣ ਵਾਲੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਗੀਤ ਗਾਉਂਦੀਆ ਦੋ ਕੁੜੀਆਂ ਦਿਖਾਈ ਦਿੰਦੀਆਂ ਜੋ ਆਪਣੀਆਂ ਸਹੇਲੀਆਂ
ਨਾਲ ਪਿੰਡ ਦੀ ਫਿਰਨੀ ਤੇ ਜਾ ਰਹੀਆਂ ਹੁੰਦੀਆਂ ।ਉਹ ਗੀਤ ਗਾਉਂਦੀਆਂ ਕੁੜੀਆਂ ਦੇ ਪਿਛੇ ਪਿਛੇ ਹੋ ਤੁਰਦਾ।ਅਖੀਰ ਉਸ ਨੂੰ
ਪਤਾ ਲੱਗਦਾ ਕਿ ਇਹ ਆਵਾਜ਼ਾਂ ਪਿੰਡ ਦੇ ਲੰਬੜਦਾਰਾਂ ਦੇ ਪਰਿਵਾਰ ਦੀਆਂ ਦੋ ਧੀਆਂ ਰੂਪ ਕੌਰ ਅਤੇ ਬਸੰਤ ਕੌਰ ਦੀਆਂ ਹਨ ।
ਉਸ ਨੂੰ ਲਗਦਾ ਕਿ ਜਿਨ੍ਹਾਂ ਆਵਾਜ਼ਾਂ ਦੀ ਉਸ ਨੂੰ ਤਲਾਸ਼ ਸੀ ਇਹ ਉਹ ਹੀ ਹਨ ।ਪੰਜਾਬ ਦੇ ਲੋਕ ਗੀਤਾਂ ਨੂੰ ਘਰ ਦੀ
ਚਾਰਦਿਵਾਰੀ ਵਿੱਚ ਗਾਉਣ ਵਾਲੀਆਂ ਦੋ ਭੈਣਾਂ ਰੂਪ (ਅਦਾਕਾਰਾ ਤਾਨੀਆ) ਅਤੇ ਬਸੰਤ(ਅਦਾਕਾਰਾ ਨੂਰ ਚਾਹਲ) ਬੇਸ਼ੱਕ
ਸੰਗੀਤ ਵਿੱਚ ਬਾਕਾਇਦਾ ਸਿਖਲਾਈ ਪ੍ਰਾਪਤ ਨਹੀ ਹਨ ਪਰ ਘਰੇ ਵੱਜਦੇ ਗ੍ਰਾਮੋਫ਼ੋਨ ਦੇ ਗੀਤ ਹੀ ਉਹਨਾਂ ਦਾ ਸੰਗੀਤ ਦਾ
ਉਸਤਾਦ ਹੈ। ਬਘੇਲ ਸਿੰਘ ਹਰ ਹਾਲਤ ਵਿੱਚ ਰੂਪ ਅਤੇ ਬਸੰਤ ਦੀ ਆਵਾਜ਼ ਵਿੱਚ ਇੱਕ ਗੀਤ ਰਿਕਾਰਡ ਕਰਨਾ ਚਾਹੁੰਦਾ ਹੈ,
ਪਰ ਕਿਉਂਕਿ ਓਸ ਦੌਰ ਵਿੱਚ ਇੱਜਤਦਾਰ ਅਤੇ ਸ਼ਰੀਫ ਘਰਾਂ ਦੀਆਂ ਕੁੜੀਆਂ ਦਾ ਗਾਉਣਾਂ ਚੰਗੀ ਨਜ਼ਰ ਨਾਲ ਨਹੀ ਸੀ
ਦੇਖਿਆ ਜਾਂਦਾ ਇਸ ਕਰਕੇ ਪਹਿਲਾਂ ਤਾਂ ਰੂਪ ਦਾ ਪਿਉ ਸ਼ੇਰ ਸਿੰਘ (ਅਦਾਕਾਰ ਗੁੱਗੂ ਗਿੱਲ )ਅਤੇ ਬਸੰਤ ਦਾ ਪਿਉ ਮੇਵਾ
ਸਿੰਘ(ਅਦਾਕਾਰ ਪ੍ਰਕਾਸ਼ ਗਾਧੂ) ਜੋ ਕਿ ਸਕੇ ਭਰਾ ਹਨ ਗੀਤ ਰਿਕਾਰਡ ਕਰਵਾਉਣ ਤੋਂ ਇਨਕਾਰ ਕਰ ਦਿੰਦੇ ,ਪਰ ਅਖੀਰ
ਬਘੇਲ ਸਿੰਘ ਅਤੇ ਹੌਬੀ ਧਾਰੀਵਾਲ ਦੇ ਬਹੁਤ ਜ਼ੋਰ ਦੇਣ ਤੇ ਕੁਝ ਸ਼ਰਤਾਂ ਨਾਲ ਉਹ ਆਪਣੀਆਂ ਧੀਆਂ ਦਾ ਪਹਿਲਾ ਡਿਊਟ
ਗੀਤ ਰਿਕਾਰਡ ਕਰਵਾਉਣ ਲਈ ਰਾਜ਼ੀ ਹੋ ਜਾਂਦੇ।ਸ਼ਰਤ ਇਹ ਹੁੰਦੀ ਕਿ ਰੂਪ ਅਤੇ ਬਸੰਤ ਗੀਤ ਰਿਕਾਰਡ ਕਰਵਾਉਣ ਦਿੱਲੀ
ਨਹੀ ਜਾਣਗੀਆਂ ਅਤੇ ਉਹਨਾਂ ਦੀ ਤਸਵੀਰ ਅਤੇ ਨਾਂ ਰਿਕਾਰਡ ਦੇ ਕਵਰ ਤੇ ਨਹੀ ਛਪਿਆ ਹੋਵੇਗਾ। ਸਾਰੇ ਪਰਿਵਾਰ ਦੀ
ਹਾਜ਼ਰੀ ਵਿੱਚ ਰੂਪ ਅਤੇ ਬਸੰਤ ਦੀ ਆਵਾਜ਼ ਵਿੱਚ ਪਹਿਲਾ ਗੀਤ ਸ਼ਹਿਰ ਨਾਭੇ ਬਘੇਲ ਸਿੰਘ ਦੇ ਘਰ ਵਿੱਚ ਰਿਕਾਰਡ ਕੀਤਾ
ਜਾਂਦਾ ।ਸ਼ਰਤਾਂ ਦੀ ਪਾਲਣਾ ਕਰਦੇ ਹੋਏ ਅਤੇ ਬਗੈਰ ਰੂਪ ਤੇ ਬਸੰਤ ਦੇ ਨਾਂ ਅਤੇ ਉਹਨਾਂ ਦੀ ਤਸਵੀਰ ਤੋਂ ਸੰਗੀਤ ਕੰਪਨੀ ਗੀਤ
ਰਿਕਾਰ਼ਡ ਕਰ ਕੇ ਰਿਲੀਜ਼ ਕਰ ਦਿੰਦੀ । ਗੀਤ ਰਿਲੀਜ਼ ਹੁੰਦਿਆ ਹੀ ਮਕਬੂਲੀਅਤ ਦੀਆਂ ਸ਼ਿਖਰਾਂ ਨੂੰ ਛੂਹਣ ਲੱਗਦਾ । ਪੰਜਾਬ
ਦੇ ਘਰ ਘਰ ਰੇਡੀਓ ਤੇ,ਰਿਕਾਰਡਾ ਰਾਹੀ ਰੂਪ ਤੇ ਬਸੰਤ ਦੀਆਂ ਮਿੱਠੀਆਂ ਆਵਾਜ਼ਾਂ ਗੂਜਣ ਲੱਗਦੀਆਂ।ਪਹਿਲੇ ਗੀਤ ਦੇ ਹਿੱਟ
ਹੋਣ ਤੋਂ ਖੁਸ਼ ਹੋ ਕੇ ਸੰਗੀਤ ਕੰਪਨੀ ਦਾ ਮਾਲਿਕ ਰੂਪ ਤੇ ਬਸੰਤ ਦੇ ਘਰ ਆਪ ਚੱਲ ਕੇ ਜਾਂਦਾ ਤੇ ਉਹਨਾਂ ਲਈ ਮਠਿਆਈ ਦੇ ਦੋ
ਤਿੰਨ ਡੱਬੇ ਵੀ ਨਾਲ ਲੈ ਜਾਂਦਾ।ਰੂਪ ਜਦੋ ਮਿਠਾਈ ਦਾ ਇੱਕ ਡੱਬਾ ਖੋਲਦੀ ਤਾਂ ਉਸ ਵਿੱਚੋ ਬਹੁਤ ਸਾਰੇ ਰੁਪਏ ਨਿਕਲਦੇ ਜਿਸ ਨੂੰ
ਦੇਖ ਕੇ ਰੂਪ ਦੇ ਪਿਤਾ ਦਾ ਗੁੱਸਾ ਸੱਤਵੇ ਅਸਮਾਨ ਤੇ ਹੁੰਦਾ ਤੇ ਉਹ ਡੱਬੇ ਵਿਚਲੇ ਸਾਰੇ ਰੁਪਏ ਘਰ ਦੇ ਵਿਹੜੇ ਵਿੱਚ ਸੁੱਟ
ਦਿੰਦਾ ਜੋ ਮੀਂਹ ਆਉਣ ਤੇ ਭਿੱਜ ਕੇ ਨਸ਼ਟ ਹੋ ਜਾਂਦੇ ।ਅਣਖੀ ਪਿਓ ਲਈ ਇਹ ਗੱਲ ਨਾਸਹਿਣਯੋਗ ਸੀ ਕਿ ਕੋਈ ਉਸ ਦੀ ਧੀ ਦੇ
ਗਾਉਣ ਬਦਲੇ ਰੁਪਏ ਦੇਵੇ।ਇਹ ਸਭ ਵੇਖ ਕੇ ਰੂਪ ਤੇ ਬਸੰਤ ਨੂੰ ਗਹਿਰਾ ਸਦਮਾਂ ਤੇ ਦੁੱਖ ਲੱਗਦਾ ।ਇਸ ਵਾਕਿਆ ਤੋਂ ਬਾਅਦ
ਫ਼ਿਲਮ ਵਿੱਚ ਕਹਾਣੀ ਅੱਗੇ ਕੀ ਮੋੜ ਲੈਂਦੀ। ਕੀ ਰੂਪ ਤੇ ਬਸੰਤ ਦੁਬਾਰਾ ਗੀਤ ਗਾ ਪਾਉਂਦੀਆ? ਪਿੰਡ ਦੇ ਲੋਕਾਂ ਨੂੰ ਰੂਪ ਤੇ
ਬਸੰਤ ਦੇ ਗਾਉਂਣ ਦਾ ਪਤਾ ਲੱਗਣ ਤੇ ਉਹਨਾਂ ਦਾ ਕੀ ਰੱਦੇ ਅਮਲ ਹੁੰਦਾ । ਕੀ ਦੁਬਾਰਾ ਦੋਵਾਂ ਭੈਣਾਂ ਦੇ ਗਾਉਣ ਦਾ ਸੁਪਨਾ ਸੱਚ
ਹੁੰਦਾ ਵੀ ਕਿ ਨਹੀ ? ਕੀ ਰੂਪ ਦੇ ਵਿਆਹ ਤੋਂ ਬਾਅਦ ਉਸ ਦਾ ਪਤੀ ਉਸ ਦੇ ਸ਼ੌਂਕ ਦੀ ਕਦਰ ਕਰਦਾ? ਇਹ ਸਭ ਤਾਂ ਫ਼ਿਲਮ
ਦੇਖ ਕੇ ਈ ਪਤਾ ਚਲਦਾ। ਬੇਹੱਦ ਭਾਵਨਾਤਮਕ ਅਤੇ ਮਨ ਨੂੰ ਮੋਹ ਲੈਣ ਵਾਲੀ ਅਤੇ ਫ਼ਿਲਮ ਵਿਚਲੇ ਸਾਰੇ ਅਦਾਕਾਰਾਂ ਦੀ
ਬੇਹਤਰੀਨ ਅਦਾਕਾਰੀ ਨਾਲ ਸਜੀ ਇਹ ਇਕ ਖੂਬਸੂਰਤ ਫ਼ਿਲਮ ਹੈ ।
ਜੇਕਰ ਫ਼ਿਲਮ ਵਿੱਚ ਅਦਾਕਾਰਾਂ ਦੀ ਅਦਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰਾ ਤਾਨੀਆਂ ਅਤੇ ਨੂਰ ਚਾਹਲ ਨੇ ਫ਼ਿਲਮ
ਵਿੱਚ ਆਪਣੀ ਅਦਾਕਾਰੀ ਨਾਲ ਸਭ ਦਾ ਮਨ ਮੋਹਿਆ ਹੈ।ਤਾਨੀਆਂ ਨੇ ਸੁਫ਼ਨਾ ਫ਼ਿਲਮ ਤੋਂ ਬਾਅਦ ਆਪਣੀ ਜ਼ਬਰਦਸਤ
ਅਦਾਕਾਰੀ ਨਾਲ ਇਹ ਦਰਸਾ ਦਿੱਤਾ ਹੈ ਕਿ ਉਹ ਇੱਕ ਸੰਭਾਵਨਾਵਾਂ ਭਰਭੂਰ ਅਤੇ ਬੇਹਤਰੀਨ ਅਦਾਕਾਰਾ ਹੈ ਅਤੇ ਆਉਂਣ
ਵਾਲੇ ਸਮੇਂ ਵਿੱਚ ਉਸ ਦਾ ਨਾਂ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਚੋਟੀ ਦੀਆਂ ਅਦਾਕਾਰਾਵਾ ਵਿੱਚ ਸ਼ਾਮਲ ਹੋਵੇਗਾ।ਫ਼ਿਲਮ
ਵਿੱਚ ਦਿਗੱਜ ਅਦਾਕਾਰ ਗੁੱਗੂ ਗਿੱਲ ਅਤੇ ਪ੍ਰਕਾਸ਼ ਗਾਦੂ ਆਪਣੇ ਆਪਣੇ ਕਿਰਦਾਰ ਵਿੱਚ ਪ੍ਰਭਾਵਿਤ ਕਰਦੇ ਹਨ ।ਇਹਨਾਂ ਤੋਂ

ਇਲਾਵਾ ਅਦਾਕਾਰ ਐਮੀ ਵਿਰਕ ਨੇ ਵੀ ਆਪਣਾ ਕਿਰਦਾਰ ਬਾਖੂਬੀ ਅਦਾ ਕੀਤਾ ਹੈ ਬੇਸ਼ੱਕ ਫ਼ਿਲਮ ਵਿੱਚ ਉਸ ਦੀ ਐਟਰੀ
ਫ਼ਿਲਮ ਦੇ ਦੂਜੇ ਅੱਧ ਵਿੱਚ ਹੁੰਦੀ ਹੈ ਪਰ ਬਾਵਜੂਦ ਇਸ ਦੇ ਉਹ ਆਪਣਾ ਕਿਰਦਾਰ ਵਧੀਆ ਨਿਭਾ ਗਿਆ।ਬਾਕੀ ਅਦਾਕਾਰਾਂ
ਵਿੱਚ ਨਿਰਮਲ ਰਿਸ਼ੀ,ਸੀਮਾਂ ਕੌਸ਼ਲ ,ਗੁਰਪ੍ਰੀਤ ਭੰਗੂ,ਰੁਪਿੰਦਰ ਰੂਪੀ ,ਤਰਸੇਮ ਪੌਲ ਅਤੇ ਬੀ.ਐਨ.ਸ਼ਰਮਾਂ ਨੇ ਆਪਣੇ ਕਿਰਦਾਰ
ਬਾਖੂਬੀ ਨਿਭਾਏ ਹਨ ।
ਫ਼ਿਲਮ ਦਾ ਸੰਗੀਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸੰਗੀਤ ਫ਼ਿਲਮ ਦੀ ਰੂਹ ਹੈ।ਫ਼ਿਲਮ ਵਿੱਚ ਕੁੱਲ ਪੰਜ ਗੀਤ ਸ਼ਾਮਲ ਕੀਤੇ
ਗਏ ਹਨ ਜੋ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾ ਹੀ ਲੋਕਾਂ ਵਿੱਚ ਕਾਫੀ ਮਕਬੂਲ ਹੋ ਚੁੱਕੇ ਹਨ।ਫ਼ਿਲਮ ਦਾ ਟਾਈਟਲ ਗੀਤ
ਬਾਜਰੇ ਦਾ ਸਿੱਟਾ,ਸੁਰਮੇਦਾਨੀ,ਗਲੀ ਲਹੌਰ ਦੀ,ਸਾਰੀ ਰਾਤ ਤੱਕਣੀ ਆਂ ਰਾਹ,ਅਤੇ ਸਿਰਨਾਵਾਂ ਨੂੰ ਸੰਗੀਤ ਪ੍ਰੇਮੀਆਂ ਵੱਲੋਂ ਬੇਹੱਦ
ਪਸੰਦ ਕੀਤਾ ਜਾ ਰਿਹਾ ਹੈ।ਇਸ ਫ਼ਿਲਮ ਵਿੱਚ ਇੱਕ ਲੋਰੀ ਹੈ ਜੋ ਫ਼ਿਲਮ ਦੇ ਸ਼ੁਰੂ ਵਿੱਚ ਅਤੇ ਫ਼ਿਲਮ ਦੇ ਅਖੀਰ ਵਿੱਚ ਗਾਈ
ਗਈ ਹੈ ਜੋ ਮਨ ਨੂੰ ਬੇਹੱਦ ਸਕੂਨ ਦਿੰਦੀ ਹੈ ਇਸ ਦੇ ਬੋਲ ਹਨ “ਐ ਚੰਨ ਤੇਰਾ ਹਮਦਰਦੀ,ਤਾਰੇ ਹਮੈਤੀ ਰਹਿਣ ਸਦਾ”
ਅਖੀਰ ਵਿੱਚ ਇਹੋ ਕਹਾਗਾ ਕਿ ਜਿੱਥੇ ਫ਼ਿਲਮ ਵਿੱਚ ਬਹੁਤ ਖੂਬੀਆਂ ਹਨ ਉੱਥੇ ਕੁਝ ਕਮੀਆਂ ਵੀ ਹਨ।ਫ਼ਿਲਮ ਦਾ
ਕਲਾਈਮੈਕਸ ਜਿਆਦਾ ਪ੍ਰਭਾਵਸ਼ਾਲੀ ਨਹੀ ਲੱਗਾ ਇਹ ਹੋਰ ਬੇਹਤਰ ਹੋ ਸਕਦਾ ਸੀ ।ਇਸ ਦੇ ਨਾਲ ਹੀ ਨੂਰ ਦੇ ਸਹੁਰਿਆਂ ਦੇ
ਗੁਆਂਢ ਦੇ ਘਰ ਰਹਿੰਦੀ ਬਿਮਾਰ ਕੁੜੀ ਬਾਰੇ ਥੋੜਾ ਹੋਰ ਵਿਸਥਾਰ ਦਿੱਤਾ ਜਾਂਦਾ ਤਾਂ ਜਿਆਦਾ ਵਧੀਆ ਲੱਗਦਾ।ਫ਼ਿਲਮ ਦੀ
ਸਿਨੇਮੈਟੋਗ੍ਰਾਫੀ ਬਹੁਤ ਵਧੀਆ ਲੱਗੀ ਅਤੇ ਫ਼ਿਲਮ ਵਿੱਚ ਕੁਝ ਦ੍ਰਿਸ਼ ਖੂਬਸੂਰਤ ਸਿਨੇਮੈਟੋਗ੍ਰਾਫੀ ਨਾਲ ਬਹੁਤ ਪ੍ਰਭਾਵਸ਼ਾਲੀ
ਦਿੱਸੇ।ਕੁੱਲ ਮਿਲਾ ਕਿ ਪੰਜਾਬ ਦੇ ਪਿੰਡਾਂ ਦੇ ਰਹਿਣ ਸਹਿਣ ,ਭੋਲੋ ਭਾਲੇ ਲੋਕਾਂ ਅਤੇ ਉਹਨਾਂ ਦੇ ਸਾਦਾ ਜੀਵਨ ਨੂੰ ਦਰਸਾਉਦੀ
ਇਹ ਇੱਕ ਵਧੀਆ ਫ਼ਿਲਮ ਹੈ।
Rating ***** five star
ਨਾਮ :ਅੰਗਰੇਜ ਸਿੰਘ ਵਿਰਦੀ ਪਤਾ: ਮਕਾਨ ਨੰਬਰ 63,ਨੇੜੇ ਗਲੀ ਨੰਬਰ 12,ਗੰਡਾ ਸਿੰਘ ਕਲੋਨੀ ਤਰਨਤਾਰਨ ਰੋਡ
ਅੰਮ੍ਰਿਤਸਰ