
ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਨੌਰ ਵਿਖੇ ਕਈ ਘੰਟੇ ਚੱਲਿਆ ਮੁਕਾਬਲਾ
ਗੈਂਗਸਟਰਾਂ ਵੱਲੋਂ ਏ.ਕੇ. 47 ਨਾਲ ਫ਼ਾਇਰਿੰਗ, 3 ਪੁਲਿਸ ਮੁਲਾਜ਼ਮ ਜ਼ਖ਼ਮੀ
ਅੰਮ੍ਰਿਤਸਰ, 20 ਜੁਲਾਈ (ਵਿਸ਼ੇਸ਼ ਪ੍ਰਤੀਨਿਧ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਸ਼ਾਮਲ ਤਿੰਨ ਗੈਂਗਸਟਰਾਂ ਨੂੰ ਪੁਲਿਸ ਨੇ ਅੱਜ ਮੁਕਾਬਲੇ ਦੌਰਾਨ ਮਾਰ ਮੁਕਾਇਆ। ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਨੌਰ ਵਿਖੇ ਕਈ ਘੰਟੇ ਚੱਲੇ ਮੁਕਾਬਲੇ ਦੌਰਾਨ ਜਗਰੂਪ ਰੂਪਾ ਅਤੇ ਮਨੂ ਕੁੱਸਾ ਦੀ ਮੌਤ ਹੋ ਗਈ ਜਦਕਿ ਤੀਜੇ ਗੈਂਗਸਟਰ ਦੀ ਪਛਾਣ ਕੀਤੀ ਜਾਣੀ ਬਾਕੀ ਹੈ।
ਸੂਤਰਾਂ ਨੇ ਦੱਸਿਆ ਕਿ ਜਗਰੂਪ ਰੂਪਾ ਅਤੇ ਮਨੂ ਕੁੱਸਾ ਦੇ ਪਿੰਡ ਭਕਨਾ ਕਲਾਨੌਰ ਵਿਚ ਹੋਣ ਦੀ ਸੂਹ ਮਿਲਦਿਆਂ ਹੀ ਪੁਲਿਸ ਨੇ ਪਿੰਡ ਦੀ ਘੇਰਾਬੰਦੀ ਕਰ ਦਿਤੀ ਅਤੇ ਇਸੇ ਦੌਰਾਨ ਗੈਂਗਸਟਰਾਂ ਨੇ ਏ.ਕੇ. 47 ਨਾਲ ਗੋਲੀਆਂ ਚਲਾ ਦਿਤੀਆਂ।
ਮੁਕਾਬਲੇ ਵਾਲੀ ਥਾਂ ਭਾਰਤ-ਪਾਕਿਸਤਾਨ ਦੀ ਸਰਹੱਦ ਤੋਂ ਸਿਰਫ਼ 10 ਕਿਲੋਮੀਟਰ ਦੂਰ ਦੱਸੀ ਜਾ ਰਹੀ ਹੈ। ਮੁਕਾਬਲੇ ਦੌਰਾਨ ਤਿੰਨ ਪੁਲਿਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ, ਸਪੈਸ਼ਲ ਆਪ੍ਰੇਸ਼ਨ ਸੈਲ ਅਤੇ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਅਤੇ ਇਲਾਵਾ ਅੰਮ੍ਰਿਤਸਰ ਪੁਲਿਸ ਨੇ ਸਖ਼ਤ ਘੇਰਾਬੰਦੀ ਕੀਤੀ ਹੋਈ ਸੀ।
ਸੂਤਰਾਂ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਦੌਰਾਨ ਵਰਤੇ ਹਥਿਆਰ ਜਗਰੂਪ ਰੂਪਾ ਅਤੇ ਮਨੂ ਕੁੱਸਾ ਕੋਲ ਹੀ ਸਨ ਜਿਨ੍ਹਾਂ ਦੀ ਵਰਤੋਂ ਪੁਲਿਸ ਉਪਰ ਫ਼ਾਇਰਿੰਗ ਕਰਨ ਵਾਸਤੇ ਕੀਤੀ ਗਈ। 29 ਮਈ ਨੂੰ ਮੂਸੇਵਾਲਾ ਦੇ ਕਤਲ ਮਗਰੋਂ ਜਗਰੂਪ ਰੂਪਾ ਅਤੇ ਮਨੂ ਕੁੱਸਾ ਪੰਜਾਬ ਵਿਚ ਹੀ ਮੌਜੂਦ ਰਹੇ ਅਤੇ ਕਿਸੇ ਨੂੰ ਕੰਨੋ-ਕੰਨ ਖਬਰ ਨਾ ਹੋਈ।