Home ਮੰਨੋਰੰਜਨ ਲੋਕ ਗੀਤਾਂ ਵਰਗੀ ਆਵਾਜ਼ – ਹਰਿੰਦਰ ਸੰਧੂ

ਲੋਕ ਗੀਤਾਂ ਵਰਗੀ ਆਵਾਜ਼ – ਹਰਿੰਦਰ ਸੰਧੂ

0
ਲੋਕ ਗੀਤਾਂ ਵਰਗੀ ਆਵਾਜ਼ – ਹਰਿੰਦਰ ਸੰਧੂ

ਪੰਜਾਬੀ ਗਾਇਕੀ ਦੇ ਖੇਤਰ ਚ ਹਰਿੰਦਰ ਸੰਧੂ ਕਿਸੇ ਰਸਮੀ ਤੁਆਰਫ਼ ਦਾ ਮੁਥਾਜ ਨਹੀਂ ਹੈ ! ਉਹ ਅੱਜ ਵੀ ਰੌਲੇ ਰੱਪੇ ਤੇ ਗੋਲੀਆਂ ਬੰਦੂਕਾਂ ਵਾਲੀ ਕੰਨ ਪਾੜਵੀਂ ਗੈਕੀ ਤੋਂ ਦੂਰ ਆਪਣੀ ਲੋਕ ਗੀਤਾਂ ਵਰਗੀ ਆਵਾਜ਼ ਨਾਲ ਘਰ – ਘਰ ਸੁਣਿਆ ਜਾਂਦਾ ਏ ! ਉਸਦੇ ਗੀਤ ਲੋਕ ਗੀਤਾਂ ਵਾਂਗ ਸਾਡੇ ਸੱਭਿਆਚਾਰ , ਸਾਡੇ ਮੋਹ ਭਿੱਜੇ ਰਿਸ਼ਤਿਆਂ ਦੀ ਬਾਤਾਂ ਪਾਉਂਦੇ ਆਨੰਦ ਹੀ ਆਨੰਦ ਦਿੰਦੇ ਨੇ ! ਉਹ ਆਪਣੇ ਸ਼ੁਰੂਆਤੀ ਦਿਨਾਂ ਤੋਂ ਹੀ ਪਰਿਵਾਰਕ ਗੀਤਾਂ ਸੰਗ ਜੁੜਿਆ ਰਿਹਾ ਹੈ ! ਆਪਣੀ ਗਾਇਕੀ ਦੇ ਮੁਢਲੇ ਦਿਨਾਂ ਚ ਉਸਦਾ ਗੀਤ ” ਜੀਹਦੇ ਲੜ੍ਹ ਲਾਕੇ ਮੈਨੂੰ ਤੋਰਿਆ ਕੈਨੇਡਾ ” ਪੰਜਾਬ ਦੇ ਵੱਖ – ਵੱਖ ਸੱਭਿਆਚਾਰਕ ਮੇਲਿਆਂ ਚ ਦਰਸ਼ਕਾਂ ਨੇ ਰੱਜਕੇ ਸੁਣਿਆ ! ਇਸ ਤੋਂ ਬਾਅਦ ਉਸਦਾ ਗੀਤ ” ਆਪਣੇ ਬਿਗਾਨਿਆਂ ਦਾ ਫੇਰ ਪਤਾ ਲੱਗਦਾ ” ਟੁੱਟ ਰਹੇ ਰਿਸ਼ਤਿਆਂ ਦੀ ਕਹਾਣੀ ਬਿਆਨ ਕਰ ਗਿਆ ! ਪੰਜਾਬੀ ਗਾਇਕੀ ਚ ਉਂਗਲਾਂ ਤੇ ਗਿਣਨ ਜੋਗੇ ਨਾਮ ਹੋਣਗੇ ! ਜਿੰਨਾਂ ਨੂੰ ਸਾਡੇ ਸਰੋਤੇ ਪਰਿਵਾਰਕ ਗਾਇਕ ਵਜੋਂ ਮਾਨਤਾ ਦਿੰਦੇ ਨੇ ! ਹਰਿੰਦਰ ਸੰਧੂ ਵੀ ਉਨਾਂ ਚੰਦ ਕੁ ਗਾਇਕਾਂ ਚੋਂ ਹੈ ,ਜਿਸਦੀ ਗਾਇਕੀ ਨੂੰ ਬੱਚੇ ,ਬਜ਼ੁਰਗ , ਨੌਜਵਾਨ ,ਔਰਤਾਂ ਸਤਿਕਾਰ ਦਿੰਦੀਆਂ ਨੇ ! ਹਰਿੰਦਰ ਸੰਧੂ ਜਦੋਂ ਸਟੇਜ ਤੋਂ ਗਾ ਰਿਹਾ ਹੁੰਦਾ ” ਜੇ ਪੁੱਤਰ ਮਿੱਠੜੇ ਮੇਵੇ ਧੀਆਂ ਮਿਸ਼ਰੀ ਡਲੀਆਂ ” ਤਾਂ ਸਰੋਤਿਆਂ ਚ ਬੈਠੀਆਂ ਮਾਵਾਂ ਦੇ ਮੂੰਹੋਂ ਆਪ ਮੁਹਾਰੇ ਨਿੱਕਲ ਜਾਂਦੈ ” ਜਿਉਂਦਾ ਸ਼ੇਰ ਬੱਗਿਆ ਧੀਆਂ ਨੂੰ ਐਨਾ ਸਤਿਕਾਰ ” ! ਹਰਿੰਦਰ ਸੰਧੂ ਦੇ ਗੀਤ ਸੱਚਮੁੱਚ ਹੀ ਸਾਡੇ ਆਲੇ ਦੁਆਲੇ ਨਾਲ ਜੁੜੇ ਹੋਏ ਨੇ ! ਉਸਦੇ ਗੀਤਾਂ ਚ ਪੰਜਾਬ ਦਾ ਅਮੀਰ ਸੱਭਿਆਚਾਰ ਵਸਿਆ ਹੋਇਆ ਹੈ ! ਉਸਦੇ ਗੀਤ ਸਾਡੀ ਆਰਥਿਕਤਾ , ਸਾਡੇ ਮੌਜੂਦਾ ਹਾਲਾਤਾਂ ਚ ਭਿੱਜੇ ਹੁੰਦੇ ਨੇ ! ਅੱਜ ਕੱਲ ਉਸਦਾ ਗੀਤ ” ਬਾਬਾ ਬੋਹੜ੍ਹ ” ਸੰਗੀਤਕ ਹਲਕਿਆਂ ਚ ਸੁਣਿਆ ਤੇ ਸਰਾਹਿਆ ਜਾ ਰਿਹਾ ਹੈ ! ਹਰਿੰਦਰ ਸੰਧੂ ਦੇ ਇਸ ਗੀਤ ਚ ਲਾਲਚ ਵੱਸ ਪੈਕੇ ਬੋਹੜਾਂ ਦੀ ਕਟਾਈ ਕਰ ਰਹੇ ਲੋਕਾਂ ਤੇ ਮੂੰਹ ਤੇ ਚਪੇੜ ਹੈ ! ਗੀਤ ਚ ਸਾਡੇ ਬਾਬੇ ਬੋਹੜ ਕਿਵੇਂ ਤਰਲੇ ਪਾਕੇ ਕਹਿ ਰਹੇ ਨੇ ਓ ! ਲੋਕੋ ਸੰਭਲੋ ! ਕਿਉਂ ਆਪਣੀਆਂ ਜੜਾਂ ਚ ਦਾਤੀ ਫੇਰ ਰਹੇ ਹੋ ! ਹਰਿੰਦਰ ਸੰਧੂ ਆਪਣੀ ਮਿੱਟੀ ਨਾਲ ਜੁੜਿਆ ਕਲਾਕਾਰ ਐ ! ਨਾ ਸ਼ੌਹਰਤ ਦਾ ਮਾਣ ! ਨਾ ਫ਼ੋਕੀ ਸੂੰ ਫੈਂ ! ਉਹ ਆਮ ਗਾਇਕਾਂ ਤੋਂ ਹਟਵਾਂ ਮੋਟਰਾਂ ਤੇ ਹਰਮੋਨੀਅਮ ਲੈਕੇ ਗਾ ਰਿਹਾ ਹੁੰਦਾ ਏ ! ਸਰੋਤੇ ਉਸਦੇ ਗੀਤਾਂ ਦੀਆਂ ਵੀਡਿਓਜ਼ ਨੂੰ ਮੰਤਰ ਮੁਗਧ ਹੋਕੇ ਵੇਖਦੇ ਨੇ ! ਹਰਿੰਦਰ ਸੰਧੂ ਦੇ ਗੀਤਾਂ ਚ ਸਾਡੀ ਟੁੱਟ ਰਹੀ ਕਿਸਾਨੀ , ਨਸ਼ਿਆਂ ਦੀ ਦਲਦਲ ਚ ਖਤਮ ਹੋ ਰਹੀ ਨੌਜਵਾਨੀ , ਡੂੰਘੇ ਹੋ ਰਹੇ ਪਾਣੀਆਂ , ਟੁੱਟ ਰਹੇ ਰਿਸ਼ਤਿਆਂ ਦਾ ਫ਼ਿਕਰ ਹੈ ! ਉਸਨੇ ਗਾਇਕੀ ਨੂੰ ਪੈਸੈ ਦੀ ਚਕਾਚੌਂਧ ਚ ਦਾਗ ਨੀ ਲੱਗਣ ਦਿੱਤਾ ! ਉਹ ਆਪਣੇ ਗਾਇਕੀ ਦੇ ਸਫ਼ਰ ਮਸਤ ਫ਼ਕੀਰ ਵਾਂਗ ਲੰਬੀਆਂ ਪੁਲਾਘਾਂ ਪੁੱਟਦਾ ਲੰਬੀਆਂ ਵਾਟਾਂ ਤੈਅ ਕਰ ਆਇਆ ਹੈ ! ਦਿਲੋਂ ਸਜਦਾ ਹੈ ਵੀਰ ਤੈਨੂੰ —-!

– ਜਸਵੰਤ ਦਰਦ ਪ੍ਰੀਤ
98729 -22212