Home ਸਾਹਿਤਕ ਕਾਮਯਾਬੀ ‘ਜਾਤ’ ਦੀ ਨ੍ਹੀਂ, ‘ਹੁਨਰ’ ਦੀ ‘ਮੁਥਾਜ’ ਹੈ !

ਕਾਮਯਾਬੀ ‘ਜਾਤ’ ਦੀ ਨ੍ਹੀਂ, ‘ਹੁਨਰ’ ਦੀ ‘ਮੁਥਾਜ’ ਹੈ !

0

ਦੋ ਕੁ ਦਿਨ ਪਹਿਲਾਂ ‘ਜਲਾਲਾਬਾਦ’ ਤੋਂ ਇਕ ਅੰਦਰੂਨੀ ਸੜਕ ਤੇ ਵਸੇ ਪਿੰਡ ‘ਚੱਕ ਬੁੱਧੋ ਕੇ’ ‘ਚ, ‘ਵਾਲ਼’ ਕੱਟਣ ਆਲੀ ਦੁਕਾਨ, ਮਾਫ ਕਰਨਾ, ‘ਸੈਲੂਨ’ ਦਾ ਮੁਹਰਤ ਸੀ, ਜਿੱਥੇ ਅਖਾੜੇ ਦਾ ਖੁੱਲ੍ਹਾ ਪ੍ਰਬੰਧ ਸੀ, ਕਈ ਕਲਾਕਾਰ ਆਏ, ਸਾਰਾ ਦਿਨ ਚੱਲੇ ਅਖਾੜੇ ‘ਚ, ਖਾਣ-ਪੀਣ ਦਾ ਪ੍ਰਬੰਧ ਵੀ ਸਿਰਾ ਸੀ, ਸੈਲੂਨ ਦਾ ਮਾਲਕ, ਮਿਹਨਤੀ ਤੇ ‘ਚਿੜ੍ਹੀ’ ਮੰਨੀ ਜਾਂਦੀ ‘ਕੰਬੋਜ ਚੌਧਰੀ’ ਬਿਰਾਦਰੀ ਤੋਂ ਹੈ, ਜੋ ਆਪਣੇ ਕਿਤੇ ‘ਚ ਇੰਨਾਂ ਕੁ ਹੁਨਰਮੰਦ ਏ ਕਿ ਇਸੇ ਪਿੰਡ ‘ਚ, ਕਿਰਾਏ ਦੀ ਦੁਕਾਨ ‘ਚ, ਇਸੇ ਕੰਮ ਤੋਂ, ਲੱਖਾਂ ਰੁਪਏ ਕਮਾਕੇ, ਲਗਭਗ 14 ਲੱਖ ਤੋਂ ਉੱਪਰ ਰੁਪਈਆ ਲਾਕੇ ਆਪਣਾ ਸੈਲੂਨ ਬਣਾਇਆ ਹੈ।

ਮੇਰੇ ਪਿੰਡ ਖੂਈ ਖੇੜਾ ‘ਚ ਫਾਜ਼ਿਲਕਾ-ਅਬੋਹਰ ਮੇਨ ਰੋਡ ਤੇ, ਕਈ ਸਾਲ ਪਹਿਲਾਂ ਫਾਜ਼ਿਲਕਾ ਦੇ, ‘ਮਹਾਜਨ’ ਪਿਓ-ਪੁੱਤ ਨੇ ਛੋਟਾ ਜਿਹਾ ਢਾਬਾ ਕੀਤਾ, ਸ਼ੁਰੂ-ਸ਼ੁਰੂ ‘ਚ ਲੋਕਾਂ ਨੇ ਸਮਝਿਆ ਕਿ ਇੱਥੇ ਰਾਤਾਂ ਨੂੰ ਕਿੰਨੇ ਰੁਕਣਾ, ਮਾਲਕ ਵੀ ਸ਼ਹਿਰੀ ‘ਲਾਲੇ’, ਇਹਨਾਂ ਨੂੰ ਗਰਮੀ-ਸਰਦੀ, ਉਪਰੋਂ ਸੁੰਨਸਾਨ ਤੇ ਉਜਾੜ ਨੇ ਈ ਢਾਹ ਲੈਣਾ ਏ, ਕਿੰਨੇ ਇੱਥੇ ਢਾਬਾ ਚਲਾਉਣਾ ਪਰ ਇੰਨਾਂ ਪਿਓ-ਪੁੱਤਾਂ ਨੇ ਲਗਾਤਾਰ ਸਾਲਾਂਬੱਧੀ ਸਖਤ ਮਿਹਨਤ ਨਾਲ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ, ਅੱਜ ਇਸ ‘ਸੁਪਰਹਿੱਟ’ ਮਸ਼ਹੂਰ ਢਾਬੇ ਨੂੰ ‘ਜੱਗੀ ਦੇ ਢਾਬੇ’ ਦੇ ਨਾਂ ਤੋਂ ਜਾਣਿਆ ਜਾਂਦਾ ਏ, ਜਿੱਥੇ 24 ਘੰਟੇ ਗਾਹਕਾਂ ਦੀ ਭੀੜ ਨ੍ਹੀਂ ਟੁੱਟਦੀ।

ਸਾਡੇ ਪਿੰਡ ਠੇਕੇ ਤੇ ਪੈਲੀ ਲੈਣ ਦੀ ਸ਼ੁਰੂਆਤ, ਇਕ ਸਾਂਝੇ ਮਿਹਨਤੀ ਮਹਾਜਨ (ਮੇਹਤਾ) ਪਰਿਵਾਰ ਨੇ ਕੀਤੀ, ਉਨਾਂ ਦੇ ਬੰਦੇ ਮੁੱਛਾਂ ਨੂੰ ਵੱਟ ਦੇ ਕੇ, ਫੋਰਡ ਟਰੈਕਟਰ ਦੀਆਂ ਪੂਰੀਆਂ ਧੂੜਾਂ ਪੱਟਦੇ ਤੇ ਸਖਤ ਮਿਹਨਤੀ ਔਰਤਾਂ ਤਾਂ ਡੰਗਰ-ਪਸ਼ੂਆਂ ਦਾ ਕੰਮ ਹਿਮੰਤ ਨਾਲ ਨਿਬੇੜਣ ਵਜੋਂ, ਅੱਜ ਵੀ ਮਸ਼ਹੂਰ ਨੇਂ। ਅੱਜ ਕਿੰਨੇ ਹੀ ਜੱਟ, ਕਰਿਆਨੇ ਦੀਆਂ, ਆੜ੍ਹਤ ਦੀਆਂ, ਦੁਕਾਨਾਂ ਚਲਾਈ ‘ਲਾਲੇ’ ਬਣੇ ਬੈਠੇ ਨੇਂ, ਪਿੰਡਾਂ ਦੇ ਜੱਟਾਂ ਜਿਮੀਂਦਾਰਾਂ ਦੇ ਮੁੰਡੇ-ਕੁੜੀਆਂ, ਸ਼ਹਿਰਾਂ ‘ਚ ਕੈਫੇ ਚਲਾਈ ਜਾਂਦੇ ਨੇਂ, ਬਾਕੀ ਹੁਣ ‘ਜੱਟਪੁਣੇ’ ਤੇ ਵੀ ਕਿਹੜਾ ਜੱਟਾਂ ਦਾ ਹੀ ਕਬਜ਼ਾ ਰਹਿ ਗਿਆ ਏ, ਮੇਰਾ ਇਕ ਬੈਲੀ ਏ ‘ਲਾਲਾ’, ਪਿੰਡ ਉਹਦਾ ਫਾਜ਼ਿਲਕਾ-ਮੁਕਤਸਰ ਦੀ ਹੱਦ ਤੇ ਅੰਦਰੂਨੀ ਏ, ਪੂਰਾ ਪਰਿਵਾਰ ਸਰਕਾਰੀ ਮੁਲਾਜ਼ਮ, ਜ਼ਮੀਨ ਵੀ ਬੜੀ ਬਣਾਈ ਏ, ਖੇਤੀ ਆਲੇ ਹਰੇਕ ਕੰਮ ਦਾ ਮਾਹਿਰ ਏ ਪਰ ‘ਜੱਟਾਂ’ ਤੇ ਬਣੇ ਗਾਣਿਆਂ ‘ਚ ਜੱਟਾਂ ਦੀ ‘ਐਸ਼ਪ੍ਰਸਤੀ’, ‘ਵੈਲਪੁਣੇ’ ਤੇ ‘ਮਸਤਪੁਣੇ’ ਆਲੇ ਸਾਰੇ ‘ਕੁੱਤੇ ਕੰਮਾਂ’ ਦੇ ਵੀ ਚਿੱਭ ਕੱਢ ਦਿੰਦਾ ਹੈ।

ਆਪਣੇ ਆਸੇ ਪਾਸੇ ਝਾਤੀ ਤਾਂ ਮਾਰੋ, ਤੁਸੀਂ ਹੈਰਾਨ ਹੋ ਜਾਵੋਗੇ, ‘ਬਾਣੀਏ’ ਸੋਨੇ ਦੀਆਂ ਟੂਮਾਂ ਵੇਚ ਰਹੇ ਨੇ, ਘੁਮਿਆਰਾਂ ਦੇ, ਜੱਟਾਂ ਦੇ, ਐਸ ਸੀ ਭਾਈਚਾਰੇ ਦੇ ਮੁੰਡੇ, ਸੁਨਿਆਰਿਆਂ ਦੇ, ਛਿੰਬਿਆਂ ਦੇ ਮੁੰਡੇ, ‘ਏ ਵਨ’ ਮਿਸਤਰੀ ਨੇਂ, ਇਲੈਕਟ੍ਰੀਸ਼ੀਅਨ ਨੇ, ਜਮੀਨਾਂ ਦੇ ਪਲਾਟਾਂ ਦੇ ਕਾਮਯਾਬ ਡੀਲਰ ਨੇਂ। ਦਰਅਸਲ ਅੱਜ ਦੇ ਦੌਰ ‘ਚ ਹੁਨਰ ਦੀ ਕਦਰ ਏ, ਵਾਕਈ ਸਮਾਂ ਬਦਲ ਚੁੱਕਾ ਏ, ਅੱਜ ਕਿਸੇ ਵੀ ਕੰਮ ਤੇ ਜਾਤ ਦਾ ਜਾਂ ਲਿੰਗ ਦਾ ਪੱਕਾ ਠੱਪਾ ਨ੍ਹੀਂ ਲੱਗਾ। ਅੱਜ ਕਈ ਸ਼ੋ ਰੂਮ ਆਲੇ ਕਰਜ਼ਈ ਨੇਂ ਪਰ ਹੁਨਰਮੰਦ ਰੇਹੜੀ ਵਾਲੇ, ‘ਪੀਜਾ-ਬਰਗਰ’ ਦੀਆਂ ‘ਝੌਂਪੜੀਆਂ’ ਜਿਹੀ ‘ਚ ਮਿਹਨਤ ਕਰਦੇ ਤੇ ‘ਕਰਦੀਆਂ’, ਜਾਇਦਾਦਾਂ ਬਣਾ ਰਹੇ ਨੇਂ, ਬਾਕੀ ਕੰਮ ਨੂੰ ਛੋਟਾ ਮੰਨ੍ਹ ਸ਼ਰਮ ਕਰਨ ਆਲੇ, ਫੇਲ ਸੀ, ਫੇਲ ਨੇ ਤੇ ਹਮੇਸ਼ਾਂ ਫੇਲ ਰਹਿਣਗੇ। ਵਿਦੇਸ਼ ਜਾਕੇ ਵੀ ਕੰਮ ਕਰਨੇ ਪੈਣਾ ਏ, ਬਾਕੀ ਪੱਕੀ ਸਰਕਾਰੀ ਨੌਕਰੀ ਹਰੇਕ ਦਾ ਸੁਪਨਾ ਹੈ ਪਰ ਇਹ ਤੁਹਾਡੇ ਸੁਪਨਿਆਂ ਨੂੰ ਸੀਮਤ ਕਰਕੇ, ਉਡਾਰੀ ਦੀ ਨਿਸ਼ਚਿਤ ਉੱਚਾਈ ਤੈਅ ਕਰ ਦਿੰਦੀ ਏ, ਜਦਕਿ ਤੁਹਾਡਾ ਹੁਨਰ, ਤੁਹਾਨੂੰ ਬਹੁਤ ਜਲਦ, ਫਰਸ਼ਾਂ ਤੋਂ ਅਰਸ਼ਾਂ ਤੀਕ ਲਿਜਾਉਣ ਦੀ ਸਮਰੱਥਾ ਰੱਖਦਾ ਹੈ ।

ਅਸ਼ੋਕ ਸੋਨੀ, ਕਾਲਮਨਵੀਸ
ਪਿੰਡ ਖੂਈ ਖੇੜਾ, ਫਾਜ਼ਿਲਕਾ
9872705078