ਵੱਡੇ ਪਰਦੇ ‘ਤੇ ਧਮਾਲ ਪਾਉਣ ਆ ਰਹੀ ਹੈ ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਜੋੜੀ

ਪੰਜਾਬੀ ਫਿਲਮ “ਅੜਬ ਮੁਟਿਆਰਾਂ” ਜ਼ਰੀਏ ਬਤੌਰ ਹੀਰੋ ਪੰਜਾਬੀ ਸਿਨੇਮਾ ਵਿੱਚ ਆਪਣਾ ਆਗਮਨ ਕਰਨ ਵਾਲਾ ਇਹ ਅਦਾਕਾਰ ਅਜੇ
ਸਰਕਾਰੀਆ ਅੱਜ ਕੱਲ੍ਹ ਆਪਣੀ ਦੂਜੀ ਪੰਜਾਬੀ ਫ਼ਿਲਮ “ਜਿੰਦ ਮਾਹੀ” ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਫ਼ਿਲਮ ਵਿੱਚ ਵੀ ਦਰਸ਼ਕ ਅਜੇ
ਸਰਕਾਰੀਆ ਤੇ ਸੋਨਮ ਬਾਜਵਾ ਦੀ ਜੋੜੀ ਨੂੰ ਦੇਖਣਗੇ। ਪੰਜਾਬ ਦੇ ਇਕ ਨਾਮੀਂ ਰਾਜਨੀਤਿਕ ਪਰਿਵਾਰ ਨਾਲ ਸਬੰਧਿਤ ਅਜੇ ਸਰਕਾਰੀਆ ਤੇਜ਼ੀ
ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ । ਬਤੌਰ ਹੀਰੋ ਆਪਣੀ ਇਸ ਦੂਜੀ ਫ਼ਿਲਮ “ਜਿੰਦ ਮਾਹੀ”
ਨੂੰ ਲੈ ਕੇ ਬੇਹੱਦ ਉਤਸੁਕ ਅਜੇ ਦੱਸਦਾ ਹੈ ਕਿ ਉਸਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਅਤੇ ਨਿਊਯਾਰਕ ਦੇ ਇਕ ਨਾਮਵਰ ਐਕਟਿੰਗ
ਸਕੂਲ ਤੋਂ ਅਦਾਕਾਰੀ ਦਾ ਡਿਪਲੋਮਾ ਕੀਤਾ ਹੈ।
ਅਜੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕਈ ਸਾਲ ਇਸ ਗੱਲ ਵਿੱਚ ਉਲਝਿਆ ਰਿਹਾ ਕਿ ਉਹ ਬਤੌਰ ਅਦਾਕਾਰ ਆਪਣਾ ਕੈਰੀਅਰ ਸ਼ੁਰੂ ਕਰੇ ਜਾਂ ਫਿਰ ਫ਼ਿਲਮ ਨਿਰਮਾਤਾ ਵਜੋਂ। ਦਰਅਸਲ ਉਹ ਬਚਪਨ ਵਿੱਚ ਕਾਫੀ ਮੋਟਾ ਸੀ, ਜਿਸ ਕਾਰਨ ਉਸ ਦਾ ਕਦੇ ਹੌਸਲਾ ਨਹੀਂ ਪਿਆ ਸੀ ਕਿ ਉਹ ਖੁਦ ਨੂੰ ਬਤੌਰ ਅਦਾਕਾਰ ਲੋਕਾਂ ਸਾਹਮਣੇ ਪੇਸ਼ ਕਰ ਸਕੇ। ਸ਼ੁਰੂਆਤ ਵਿੱਚ ਉਸਨੇ ਆਪਣੇ ਇਕ ਡਾਇਰੈਕਟਰ ਦੋਸਤ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਵੀ ਕੀਤਾ ਪਰ ਸਭ ਨੇ ਉਸਨੂੰ ਅਦਾਕਾਰ ਵਜੋਂ ਹੀ ਸਰਗਰਮ ਹੋਣ ਦੀ ਸਲਾਹ ਦਿੱਤੀ। ਅਜੇ ਨੇ ਸਭ ਤੋਂ ਪਹਿਲਾਂ ਖੁਦ ਨੂੰ ਸਰੀਰਿਕ ਤੌਰ ’ਤੇ ਫਿੱਟ ਕੀਤਾ ਅਤੇ ਫਿਰ ਅਦਾਕਾਰੀ ਦੇ ਖੇਤਰ ’ਚ ਕੁੱਦਣ ਤੋਂ ਪਹਿਲਾਂ ਇਸ ਬਾਰੇ
ਬਕਾਇਦਾ ਟਰੇਨਿੰਗ ਲੈਣ ਬਾਰੇ ਸੋਚਿਆ। ਉਸਨੇ ਨਿਊਯਾਰਕ ਦੀ ਸਭ ਤੋਂ ਵੱਡੀ ਫ਼ਿਲਮ ਐਕਡਮੀ ਨਿਊਯਾਰਕ ਐਕਟਿੰਗ ਸਕੂਲ ਤੋਂ ਬਕਾਇਦਾ
ਐਕਟਿੰਗ ਦਾ ਡਿਪਲੋਮਾ ਕੀਤਾ, ਜਿਸ ਮਗਰੋਂ ਉਹ ਸੁਪਨਿਆਂ ਦੇ ਸ਼ਹਿਰ ਮੁੰਬਈ ਆ ਗਿਆ। ਮੁੰਬਈ ਵਿੱਚ ਉਸਨੇ ਬਹੁਤ ਸਾਰੀਆਂ ਫ਼ਿਲਮਾਂ ਅਤੇ
ਟੀਵੀ ਸੀਰੀਅਲਾਂ ਲਈ ਅਡੀਸ਼ਨ ਦਿੱਤੇ। ਉਸਨੂੰ ਹੌਲੀ ਹੌਲੀ ਕੰਮ ਮਿਲਣਾ ਸ਼ੁਰੂ ਹੋਇਆ। ਦਰਜਨਾਂ ਨਾਮੀਂ ਕੰਪਨੀਆਂ ਲਈ ਬਤੌਰ ਮਾਡਲ ਪ੍ਰਚਾਰ
ਕਰ ਚੁੱਕੇ ਅਜੇ ਦੀ ਮੁਲਾਕਾਤ ਪੰਜਾਬੀ ਫ਼ਿਲਮ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਨਾਲ ਹੋਈ ਤਾਂ ਉਸਨੇ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਕਿਸਮਤ
ਅਜਮਾਉਣ ਦਾ ਫ਼ੈਸਲਾ ਲਿਆ। ਗੁਨਬੀਰ ਸਿੱਧੂ ਅਤੇ ਮਨਮੋਰਡ ਸਿੱਧੂ ਦੀ ਫ਼ਿਲਮ “ਅੜਬ ਮੁਟਿਆਰਾਂ” ਜ਼ਰੀਏ ਉਸਨੇ ਬਤੌਰ ਹੀਰੋ ਆਪਣੇ
ਕੈਰੀਅਰ ਦੀ ਸ਼ੁਰੂਆਤ ਕੀਤੀ। ਅਜੇ ਸਰਕਾਰੀਆ ਤੇ ਸੋਨਮ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਜ਼ਰੀਏ ਅਜੇ ਸਰਕਾਰੀਆ ਨੂੰ
ਪਹਿਚਾਣ ਮਿਲੀ। ਇਸ ਫ਼ਿਲਮ ਦੀ ਆਪਾਰ ਸਫਲਤਾ ਤੋਂ ਬਾਅਦ ਹੁਣ ਉਹ ਆਪਣੀ ਅਗਲੀ ਫ਼ਿਲਮ “ਜਿੰਦ ਮਾਹੀ” ਨਾਲ ਮੁੜ ਹਾਜ਼ਰ ਹੋ ਰਿਹਾ
ਹੈ। 5 ਅਗਸਤ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ਬਾਰੇ ਉਹ ਦੱਸਦਾ ਹੈ ਕਿ ਇਹ ਫ਼ਿਲਮ ਅਜੌਕੀ ਨੌਜਵਾਨ ਪੀੜ੍ਹੀ ’ਤੇ ਅਧਾਰਿਤ ਹੈ ਜੋ ਆਪਣੀ
ਜ਼ਿੰਦਗੀ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਆਪਣੇ ਤਰੀਕੇ ਨਾਲ ਜਿਉਣਾ ਪਸੰਦ ਕਰਦੀ ਹੈ। ਮਨਮੋਰਡ ਸਿੰਘ ਸਿੱਧੂ ਤੇ ਸਮੀਰ ਪੰਨੂ ਦੀ ਲਿਖੀ ਇਸ
ਫ਼ਿਲਮ ਨੂੰ ਸਮੀਰ ਪੰਨੂ ਨੇ ਡਾਇਰੈਕਟ ਕੀਤਾ ਹੈ। ਯੂ ਕੇ ਵਿੱਚ ਫ਼ਿਲਮਸਾਜ਼ੀ ਗਈ ਇਸ ਫ਼ਿਲਮ ਵਿੱਚ ਉਹ ਹੈਰੀ ਨਾਂ ਦੇ ਇਕ ਅਜਿਹੇ ਨੌਜਵਾਨ ਦਾ
ਕਿਰਦਾਰ ਨਿਭਾ ਰਿਹਾ ਹੈ, ਜਿਸਦੀ ਜ਼ਿੰਦਗੀ ਦੇਖਣ ਨੂੰ ਬੇਹੱਦ ਹਸੀਨ ਤੇ ਸੌਖੀ ਲੱਗ ਰਹੀ ਹੈ ਪਰ ਜਦਕਿ ਉਸਦੀ ਜ਼ਿੰਦਗੀ ਮੁਸ਼ਕਲਾਂ ਭਰੀ ਹੈ।
ਉਹ ਲਈ ਤਰ੍ਹਾਂ ਦੇ ਬੋਝ ਹੇਠਾਂ ਜ਼ਿੰਦਗੀ ਜੀਅ ਰਿਹਾ ਹੈ। ਉਸਦਾ ਪਰਿਵਾਰ ਬਿਨਾ ਉਸਦੀ ਰਜਾਮੰਦੀ ਤੋਂ ਉਸਦੀ ਮੰਗਣੀ ਵੀ ਕਰ ਦਿੰਦਾ ਹੈ।
ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਉਦੋਂ ਆਉਂਦਾ ਹੈ ਜਦੋਂ ਉਸਦੀ ਮੁਲਾਕਾਤ ਫ਼ਿਲਮ ਦੀ ਨਾਇਕਾ ਲਾਡੋ ਯਾਨੀ ਸੋਨਮ ਬਾਜਵਾ ਨਾਲ ਹੁੰਦੀ
ਹੈ। ਅਜੇ ਮੁਤਾਬਕ ਦਰਸ਼ਕਾਂ ਨੂੰ ਹੈਰੀ ਦਾ ਕਿਰਦਾਰ ਬੇਹੱਦ ਪਸੰਦ ਆਵੇਗਾ। ਇਹ ਫ਼ਿਲਮ ਹਰ ਵਰਗ ਦੇ ਦਰਸ਼ਕਾਂ ਦੀ ਪਸੰਦ ਬਣੇਗੀ। “ਵਾਈਸ
ਹਿੱਲ ਸਟੂਡੀਓ” ਦੀ ਇਸ ਫ਼ਿਲਮ ਦਾ ਟ੍ਰਰੇਲਰ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸਦੇ ਕੰਮ ਦੀ ਸ਼ਲਾਘਾ ਹੋ ਰਹੀ ਹੈ। ਉਸਨੂੰ
ਆਪਣੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਇਹ ਫ਼ਿਲਮ ਉਸਨੂੰ ਇੰਡਸਟਰੀ ਵਿੱਚ ਪੱਕੇ ਪੈਰੀਂ ਕਰੇਗੀ।
ਹਰਜਿੰਦਰ ਸਿੰਘ ਜਵੰਦਾ 9463828000

Video Ad
Video Ad