Home ਅਮਰੀਕਾ ਕੈਲੀਫੋਰਨੀਆ ਦੇ ਜੰਗਲ ’ਚ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ

ਕੈਲੀਫੋਰਨੀਆ ਦੇ ਜੰਗਲ ’ਚ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ

0
ਕੈਲੀਫੋਰਨੀਆ ਦੇ ਜੰਗਲ ’ਚ ਲੱਗੀ ਅੱਗ ਨੇ ਧਾਰਿਆ ਭਿਆਨਕ ਰੂਪ

ਹੁਣ ਤੱਕ 15 ਹਜ਼ਾਰ ਏਕੜ ਜੰਗਲ ਸੜ ਕੇ ਸੁਆਹ

6 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਂ ਜਾਣ ਦੇ ਹੁਕਮ

ਕੈਲੀਫੋਰਨੀਆ, 25 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਜੰਗਲ ’ਚ ਲੱਗੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਹੈ, ਜਿਸ ਦੇ ਚਲਦਿਆਂ 15 ਹਜ਼ਾਰ ਏਕੜ ਜੰਗਲ ਸੜ ਕੇ ਸੁਆਹ ਹੋ ਗਿਆ। ਲਗਭਗ 3 ਹਜ਼ਾਰ ਲੋਕ ਬੇਘਰ ਹੋ ਚੁੱਕੇ ਨੇ ਅਤੇ 6 ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਹੁਕਮ ਦਿੱਤੇ ਗਏ ਨੇ।

ਕੈਲੀਫੋਰਨੀਆ ਦੀ ਮਾਰੀਪੋਸਾ ਕਾਊਂਟੀ ਵਿੱਚ ਗਵਰਨਰ ਗੇਵਿਨ ਨਿਊਜਾਮ ਨੇ ਐਮਰਜੰਸੀ ਲਾ ਦਿੱਤੀ ਹੈ। ਇਹ ਕੈਲੀਫੋਰਨੀਆ ਦੇ ਜੰਗਲਾਂ ਵਿੱਚ ਇਸ ਸਾਲ ਲੱਗੀ ਸਭ ਤੋਂ ਭਿਆਨਕ ਅੱਗ ਹੈ। ਅੱਗ ਨੂੰ ਦੇਖਦਿਆਂ 2 ਹਜ਼ਾਰ ਤੋਂ ਵੱਧ ਘਰ ਖਾਲੀ ਕਰਵਾ ਲਏ ਗਏ। ਇਸ ਵਿੱਚੋਂ 10 ਇਮਾਰਤਾਂ ਵਿੱਚ ਅੱਗ ਲੱਗ ਗਈ। ਕਈ ਇੰਡਸਟਰੀਆਂ ਦੀ ਬਿਜਲੀ ਕੱਟ ਦਿੱਤੀ ਗਈ ਐ। ਇਸ ਅੱਗ ’ਤੇ ਕਾਬੂ ਪਾਉਣ ਲਈ 400 ਤੋਂ ਵੱਧ ਫਾਇਰ ਫਾਈਟਰ ਅਤੇ 45 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮਸ਼ੱਕਤ ਕਰ ਰਹੀਆਂ ਹਨ। ਚਾਰ ਹੈਲੀਕਾਪਟਰ ਅਤੇ ਜੇਸੀਬੀ ਮਸ਼ੀਨਾਂ ਦੀ ਵੀ ਸਹਾਇਤਾ ਲਈ ਜਾ ਰਹੀ ਹੈ।

ਭਿਆਨਕ ਗਰਮੀ ਤੋਂ ਪ੍ਰੇਸ਼ਾਨ ਕੈਲੀਫੋਰਨੀਆ ਵਿੱਚ ਜੰਗਲੀ ਅੱਗ ਘਿਓ ਦਾ ਕੰਮ ਕਰ ਰਹੀ ਹੈ। ਸਭ ਤੋਂ ਵੱਧ ਮੁਸੀਬਤ ਫਾਇਰ ਬਿਗ੍ਰੇਡ ਦੇ ਕਰਮੀਆਂ ਨੂੰ ਆ ਰਹੀ ਹੈ। ਉਨ੍ਹਾਂ ਨੂੰ ਇੰਨੀ ਭਿਆਨਕ ਗਰਮੀ ਵਿੱਚ ਅੱਗ ਬੁਝਾਉਣ ਲਈ ਬੁਰੀ ਤਰ੍ਹਾਂ ਝੁਲਸਣਾ ਪੈ ਰਿਹਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਤਾਵਰਣ ਤਬਦੀਲੀ, ਸੋਕਾ ਅਤੇ ਲੋੜ ਤੋਂ ਵੱਧ ਵਨਸਪਤੀ ਕਾਰਨ ਇਹ ਅੱਗ ਹੋਰ ਭੜਕ ਸਕਦੀ ਹੈ। ਉੱਧਰ ਸੰਯੁਕਤ ਰਾਜ ਅਮਰੀਕਾ ਦਾ ਜ਼ਿਆਦਾਤਰ ਹਿੱਸਾ ਇਨ੍ਹਾਂ ਦਿਨੀਂ ਲੂ ਦੀ ਲਪੇਟ ਵਿੱਚ ਹੈ ਅਤੇ ਲਗਭਗ 1 ਦਰਜਨ ਰਾਜਾਂ ਲਈ ਭਿਆਨਕ ਗਰਮੀ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ।