Home ਅਮਰੀਕਾ ਅਮਰੀਕਾ ’ਚ 10 ਸਾਲ ਬਾਅਦ ਮਿਲਿਆ ਪੋਲਿਓ ਦਾ ਪਹਿਲਾ ਕੇਸ

ਅਮਰੀਕਾ ’ਚ 10 ਸਾਲ ਬਾਅਦ ਮਿਲਿਆ ਪੋਲਿਓ ਦਾ ਪਹਿਲਾ ਕੇਸ

0
ਅਮਰੀਕਾ ’ਚ 10 ਸਾਲ ਬਾਅਦ ਮਿਲਿਆ ਪੋਲਿਓ ਦਾ ਪਹਿਲਾ ਕੇਸ

ਨਿਊਯਾਰਕ ’ਚ 20 ਸਾਲ ਦੇ ਨੌਜਵਾਨ ’ਚ ਮਿਲਿਆ ਵਾਇਰਸ

ਦਹਾਕਾ ਪਹਿਲਾਂ ਪੋਲਿਓ ਮੁਕਤ ਐਲਾਨਿਆ ਗਿਆ ਸੀ ਅਮਰੀਕਾ

ਵਾਸ਼ਿੰਗਟਨ, 22 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ 10 ਸਾਲ ਬਾਅਦ ਫਿਰ ਪੋਲਿਓ ਦੀ ਬਿਮਾਰੀ ਜਾਗ ਗਈ ਐ। ਦਹਾਕਾ ਪਹਿਲਾਂ ਪੋਲਿਓ ਮੁਕਤ ਐਲਾਨੇ ਗਏ ਇਸ ਦੇਸ਼ ਵਿੱਚੋਂ ਪੋਲਿਓ ਦਾ ਪਹਿਲਾ ਕੇਸ ਨਿਊਯਾਰਕ ਸੂਬੇ ਤੋਂ ਸਾਹਮਣੇ ਆਇਆ, ਜਿੱਥੇ ਇੱਕ 20 ਸਾਲ ਦੇ ਨੌਜਵਾਨ ਵਿੱਚ ਇਹ ਵਾਇਰਸ ਮਿਲਿਆ। ਇਸ ਕਾਰਨ ਅਮਰੀਕਾ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਉਸ ਨੇ ਇਸ ਮਾਮਲੇ ਵਿੱਚ ਸਿਹਤ ਟੀਮਾਂ ਨੂੰ ਪੂਰੀ ਤਰ੍ਹਾਂ ਚੌਕਸ ਕਰ ਦਿੱਤਾ।

ਦਰਅਸਲ, ਨਿਊਯਾਰਕ ਦੇ ਰੌਕਲੈਂਡ ਕਾਊਂਟੀ ਵਿੱਚ ਰਹਿਣ ਵਾਲੇ 20 ਸਾਲ ਦੇ ਨੌਜਵਾਨ ਨੂੰ ਜੂਨ ਮਹੀਨੇ ਵਿੱਚ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਲਗਭਗ ਇੱਕ ਮਹੀਨਾ ਉਸ ਦੀ ਕਈ ਪ੍ਰਕਾਰ ਦੀ ਜਾਂਚ ਕੀਤੀ ਗਈ, ਜਿਸ ਵਿੱਚ ਪੋਲਿਓ ਦਾ ਵਾਇਰਸ ਮਿਲਿਆ। ਇਸ ਦੇ ਬਾਵਜੂਦ ਇਸ ਮਰੀਜ਼ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਤੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਆਪਣੇ ਘਰ ’ਤੇ ਹੀ ਰਹਿ ਰਿਹਾ ਹੈ। ਬੇਸ਼ੱਕ ਉਹ ਖੜ੍ਹਾ ਹੋ ਸਕਦਾ ਹੈ, ਪਰ ਉਸ ਨੂੰ ਤੁਰਨ-ਫਿਰਨ ਵਿੱਚ ਦਿੱਕਤ ਆ ਰਹੀ ਹੈ।

ਇੱਕ ਸਿਹਤ ਅਧਿਕਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲਿਓ ਇੱਕ ਵਾਇਰਲ ਬਿਮਾਰੀ ਹੈ, ਜਿਸ ਨਾਲ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਹੋ ਸਕਦੀ ਹੈ ਅਤੇ ਕੁਝ ਮਾਮਲਿਆਂ ਵਿੱਚ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 95 ਫੀਸਦੀ ਲੋਕਾਂ ਵਿੱਚ ਪੋਲਿਓ ਦਾ ਕੋਈ ਲੱਛਣ ਨਹੀਂ ਹੁੰਦਾ, ਪਰ ਫਿਰ ਵੀ ਉਹ ਵਾਇਰਸ ਫ਼ੈਲਾਅ ਸਕਦੇ ਨੇ।

ਰੌਕਲੌਂਡ ਕਾਊਂਟੀ ਦੇ ਸਿਹਤ ਕਮਿਸ਼ਨਰ ਡਾ. ਪੈਟ੍ਰੀਸੀਆ ਸ਼ਨਾਬੇਲ ਨੇ ਕਿਹਾ ਕਿ ਉਹ ਸਥਿਤੀ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਨੇ। ਉਨ੍ਹਾਂ ਵੱਲੋਂ ਨਿਊਯਾਰਕ ਦੇ ਸਿਹਤ ਵਿਭਾਗ ਅਤੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।