
ਜਗਮੀਤ ਸਿੰਘ ਨੇ ਪੀਐਮ ਟਰੂਡੋ ਨੂੰ ਕੀਤੀ ਵੱਡੀ ਅਪੀਲ
ਕੌਮਾਂਤਰੀ ਸਿਖਲਾਈ ਪ੍ਰਾਪਤ ਕਾਮਿਆਂ ਦੀ ਭਰਤੀ ਲਈ ਚੁੱਕੇ ਜਾਣ ਢੁਕਵੇਂ ਕਦਮ
ਔਟਵਾ, 5 ਅਗਸਤ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਦੇ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ ਕਾਰਨ ਮਰੀਜ਼ਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਲਿਬਰਲ ਸਰਕਾਰ ਅੱਗੇ ਇਹ ਮੁੱਦਾ ਚੁੱਕਿਆ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਗੇ ਮੰਗ ਰੱਖੀ ਹੈ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਕੌਮਾਂਤਰੀ ਪੱਧਰ ’ਤੇ ਸਿਖਲਾਈ ਪ੍ਰਾਪਤ ਸਿਹਤ ਕਾਮਿਆਂ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇ ਅਤੇ ਉਨ੍ਹਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਦੇ ਹੋਏ ਲੰਬੇ ਸਮੇਂ ਲਈ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਵੇ।
ਜਗਮੀਤ ਸਿੰਘ ਨੇ ਇਹ ਮੁੱਦਾ ਉਨਟਾਰੀਓ ਦੀ ਨਰਸਜ਼ ਐਸੋਸੀਏਸ਼ਨ ਦੀ ਪ੍ਰਧਾਨ ਕੈਥਰਿਨ ਹੋਏ ਨਾਲ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਚੁੱਕਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਦੇ ਹੈਲਥ-ਕੇਅਰ ਸਿਸਟਮ ਦਾ ਮਾੜਾ ਹਾਲ ਹੋ ਚੁੱਕਾ ਹੈ।
ਸਟਾਫ਼ ਦੀ ਘਾਟ ਕਾਰਨ ਦੇਸ਼ ਭਰ ਵਿੱਚ ਕਈ ਐਮਰਜੰਸੀ ਰੂਮਜ਼ ਆਰਜ਼ੀ ਤੌਰ ’ਤੇ ਬੰਦ ਹੋਏ ਗਏ ਜਾਂ ਫਿਰ ਉਨ੍ਹਾਂ ਵਿੱਚ ਸੇਵਾਵਾਂ ਘਟਾ ਦਿੱਤੀਆਂ ਗਈਆਂ। ਉੱਧਰ ਕਈ ਨਰਸਾਂ ਇਹ ਕਿੱਤਾ ਹੀ ਛੱਡ ਦਿੱਤਾ ਹੈ। ਇਸ ਕਾਰਨ ਕੈਨੇਡਾ ਵਾਸੀਆਂ ਨੂੰ ਸਮੇਂ ਸਿਰ ਅਤੇ ਢੁਕਵੀਆਂ ਸਿਹਤ ਸੇਵਾਵਾਂ ਨਹੀਂ ਮਿਲ ਰਹੀਆਂ।