ਕੈਨੇਡਾ ਵਿਚ ਪ੍ਰਵਾਸੀਆਂ ਦੀ ਵਸੋਂ 83 ਲੱਖ ਤੋਂ ਟੱਪੀ

ਟੋਰਾਂਟੋ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਪ੍ਰਵਾਸੀਆਂ ਦੀ ਗਿਣਤੀ 83 ਲੱਖ ਤੋਂ ਟੱਪ ਗਈ ਹੈ ਅਤੇ ਇਨ੍ਹਾਂ ਵਿਚੋਂ ਸਭ ਤੋਂ ਵੱਧ 18.6 ਫ਼ੀ ਸਦੀ ਭਾਰਤੀ ਦੱਸੇ ਜਾ ਰਹੇ ਹਨ। 2021 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਕੈਨੇਡਾ ਦੀ ਕੁਲ ਆਬਾਦੀ ਦਾ 23 ਫ਼ੀ ਸਦੀ ਪ੍ਰਵਾਸੀ ਰਹਿ ਰਹੇ ਹਨ ਅਤੇ ਇਸ ਵੇਲੇ ਕੈਨੇਡਾ ਆ ਰਹੇ ਹਰ ਪੰਜ ਵਿਚੋਂ ਇਕ ਪ੍ਰਵਾਸੀ ਦਾ ਜਨਮ ਭਾਰਤ ਵਿਚ ਹੋਇਆ ਹੈ। 2016 ਤੋਂ 2021 ਦਰਮਿਆਨ ਹਰ ਪੰਜ ਨਵੇਂ ਕਾਮਿਆਂ ਵਿਚੋਂ ਚਾਰ ਪ੍ਰਵਾਸੀ ਸਨ ਅਤੇ ਇਹ ਅੰਕੜਾ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਦੇਸ਼ ਦੇ ਆਰਥਿਕ ਵਿਕਾਸ ਵਿਚ ਕਿੰਨਾ ਵੱਡਾ ਯੋਗਦਾਨ ਪ੍ਰਵਾਸੀਆਂ ਵੱਲੋਂ ਪਾਇਆ ਜਾ ਰਿਹਾ ਹੈ। ਕਿਸੇ ਵੇਲੇ ਕੈਨੇਡਾ ਆਉਣ ਵਾਲੇ ਪ੍ਰਵਾਸੀਆਂ ਵਿਚੋਂ ਜ਼ਿਆਦਾਤਰ ਯੂਰਪੀ ਮੁਲਕਾਂ ਨਾਲ ਸਬੰਧਤ ਹੁੰਦੇ ਸਨ ਪਰ ਹੁਣ ਏਸ਼ੀਆ ਸਭ ਤੋਂ ਅੱਗੇ ਹੋ ਗਿਆ ਅਤੇ ਏਸ਼ੀਆਈ ਮੁਲਕਾਂ ਵਿਚੋਂ ਭਾਰਤ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇੰਮੀਗ੍ਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ ਨੇ ਕਿਹਾ ਕਿ ਕੈਨੇਡਾ ਪ੍ਰਵਾਸੀਆਂ ਦਾ ਮੁਲਕ ਹੈ ਜਿਨ੍ਹਾਂ ਵੱਲੋਂ ਇਥੋਂ ਦੇ ਸਕੂਲਾਂ, ਹਸਪਤਾਲਾਂ ਅਤੇ ਬੁਨਿਆਦੀ ਸਮਾਜਿਕ ਸੇਵਾਵਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਬਿਰਧ ਹੁੰਦੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ਵਿਚ ਵੀ ਪ੍ਰਵਾਸੀ ਵੱਡਾ ਯੋਗਦਾਨ ਪਾ ਰਹੇ ਹਨ।

Video Ad
Video Ad